ਨਵੀਂ ਦਿੱਲੀ, 16/10/2026
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਾਖੋਰੀ ਅਤੇ ਸੰਗਠਿਤ ਅਪਰਾਧ ਦੇ ਮੁੱਦੇ ‘ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅੱਜ ਪੰਜਾਬ ਨਸ਼ਾਖੋਰੀ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵੱਧ ਰਹੇ ਖ਼ਤਰਿਆਂ ਨਾਲ ਜੂਝ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਸਖ਼ਤ ਬਿਆਨ ਜਾਰੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਖਿਰ ਕੌਣ ਨਿਭਾਵੇਗਾ?
ਦਿੜ੍ਹਬਾ ਅਤੇ ਮਾਨਸਾ ਦੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ
ਸ਼੍ਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਵਾਪਰੀਆਂ ਦੋ ਪ੍ਰਮੁੱਖ ਘਟਨਾਵਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕੀ ਦਿੜ੍ਹਬਾ ਵਿੱਚ ਦਬਾਅ ਹੇਠ ਆ ਕੇ ਇੱਕ ਪਿਤਾ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਾ। ਜਦਕਿ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਖੁੱਲ੍ਹ ਕੇ ਆਵਾਜ਼ ਚੁੱਕਣ ਵਾਲੇ ਨੌਜਵਾਨ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਕੀਤੀ ਗਈ ਹੱਤਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਵੱਲੋਂ ਪੰਜਾਬ ਸਰਕਾਰ ਅਤੇ ਸੂਬੇ ਦੇ ਇੱਕ ਵਿਧਾਇਕ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਨ੍ਹਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਕੇਂਦਰੀ ਗ੍ਰਹਿ ਮੰਤਰਾਲਾ ਇਨ੍ਹਾਂ ਦੋਵਾਂ ਘਟਨਾਵਾਂ ‘ਤੇ ਪੰਜਾਬ ਸਰਕਾਰ ਤੋਂ ਰਿਪੋਰਟ ਅਤੇ ਜਵਾਬ ਤਲਬ ਕਰੇਗਾ।
‘ਸਰਕਾਰ ਐਲਾਨ ਨਹੀਂ, ਠੋਸ ਨਤੀਜੇ ਦੇਵੇ’
ਪੰਜਾਬ ਵਿੱਚ ਵਧ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ‘ਤੇ ਚਿੰਤਾ ਪ੍ਰਗਟ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ, "ਪੰਜਾਬ ਦੇ ਲੋਕਾਂ ਨੂੰ ਖੋਖਲੇ ਐਲਾਨਾਂ ਦੀ ਨਹੀਂ, ਸਗੋਂ ਨਤੀਜਿਆਂ ਦੇ ਜਵਾਬ ਦੀ ਲੋੜ ਹੈ।" ਉਨ੍ਹਾਂ ਮੰਗ ਕੀਤੀ ਕਿ ਨਸ਼ੀਲੇ ਪਦਾਰਥਾਂ ਦੇ ਪੂਰੇ ਨੈੱਟਵਰਕ ‘ਤੇ ਇੱਕ ਫ਼ੈਸਲਾਕੁੰਨ ਅਤੇ ਸਖ਼ਤ ਹਮਲਾ ਕੀਤਾ ਜਾਣਾ ਚਾਹੀਦਾ ਹੈ ਅਤੇ ਅਪਰਾਧੀਆਂ ਨੂੰ ਮਿਲ ਰਹੀ ਕਿਸੇ ਵੀ ਕਿਸਮ ਦੀ ਰਾਜਨੀਤਕ ਸਰਪ੍ਰਸਤੀ (Political Patronage) ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਸਾਡਾ ਟੀਚਾ: ਡਰ-ਮੁਕਤ ਪੰਜਾਬ
ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਬਿਆਨ ਦੇ ਅੰنت ਵਿੱਚ ਕਿਹਾ ਕਿ ਕੇਂਦਰ ਅਤੇ ਸੂਬੇ ਦਾ ਟੀਚਾ ਬਿਲਕੁਲ ਸਪੱਸ਼ਟ ਹੈ—
-
ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ।
-
ਸੂਬੇ ਦੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਕਰਨਾ।
-
ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਬਿਨਾਂ ਕਿਸੇ ਲਿਹਾਜ਼ ਤੋਂ ਸਖ਼ਤ ਕਾਰਵਾਈ ਕਰਨਾ।
-
ਪੰਜਾਬ ਵਿੱਚ ਕਾਨੂੰਨ ਦਾ ਅਜਿਹਾ ਰਾਜ ਕਾਇਮ ਕਰਨਾ ਜਿੱਥੇ ਕੋਈ ਵੀ ਆਮ ਨਾਗਰਿਕ ਡਰ ਦੇ ਸਾਏ ਹੇਠ ਜਿਊਣ ਲਈ ਮਜ਼ਬੂਰ ਨਾ ਹੋਵੇ।