ਹਰਿਆਣਾ, 10 ਸਤੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਯੋਜਨਾਵਾਂ ਤਹਿਤ 50 ਲੱਖ 28 ਹਜ਼ਾਰ 208 ਪਾਤਰ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਸਿੱਧੇ 1 ਹਜ਼ਾਰ 890 ਕਰੋੜ 16 ਲੱਖ ਰੁਪਏ ਦੀ ਰਕਮ ਜਾਰੀ ਕੀਤੀ। ਇਨ੍ਹਾਂ ‘ਚ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਦੀ ਕਿਸ਼ਤ, ਬਜ਼ੁਰਗਾਂ ਤੇ ਦਿਵਿਆਂਗਾਂ ਦੀ ਸਮਾਜਿਕ ਸੁਰੱਖਿਆ ਪੈਨਸ਼ਨ, ਲੋੜਵੰਦ ਪਰਿਵਾਰਾਂ ਨੂੰ ਦਯਾਲੂ ਯੋਜਨਾ ਦੀ ਆਰਥਿਕ ਸਹਾਇਤਾ, ਗ੍ਰਹਿਣੀਆਂ ਨੂੰ ਗੈਸ ਸਬਸਿਡੀ, ਕਿਸਾਨਾਂ ਨੂੰ ਭਾਵਾਂਤਰ ਭਰਪਾਈ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਦਾ ਸੰਕਲਪ ਹੈ ਕਿ ਹਰ ਯੋਗ ਵਿਅਕਤੀ ਤੱਕ ਸਰਕਾਰੀ ਯੋਜਨਾ ਦਾ ਲਾਭ ਸਿੱਧੇ, ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਪਹੁੰਚੇ।
ਮੁੱਖ ਮੰਤਰੀ ਨੇ ਵੀਰਵਾਰ ਨੂੰ ਹਰਿਆਣਾ ਨਿਵਾਸ ‘ਚ ਕਰਵਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ‘ਦੀਨ ਦਿਆਲ ਲਾਡੋ ਲਕਸ਼ਮੀ’ ਯੋਜਨਾ ਦੀ 11ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਤਹਿਤ 10 ਲੱਖ 10 ਹਜ਼ਾਰ ਲਾਭਪਾਤਰੀ ਭੈਣ-ਧੀਆਂ ਦੇ ਖਾਤਿਆਂ ‘ਚ 212 ਕਰੋੜ 16 ਲੱਖ ਰੁਪਏ ਪਾਏ ਗਏ ਹਨ। ਇਸ ਦੇ ਨਾਲ ਹੀ ਯੋਜਨਾ ਤਹਿਤ ਹੁਣ ਤੱਕ 11 ਕਿਸ਼ਤਾਂ ‘ਚ 2 ਹਜ਼ਾਰ 254 ਕਰੋੜ 47 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਆਉਂਦੀ 17 ਸਤੰਬਰ ਤੋਂ 1 ਲੱਖ 80 ਹਜ਼ਾਰ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਸੂਬਾ ਸਰਕਾਰ ਨੇ ਚਾਲੂ ਵਿੱਤੀ ਸਾਲ ਦੇ ਬਜਟ ‘ਚ ਲਾਡੋ ਲਕਸ਼ਮੀ ਯੋਜਨਾ ਲਈ 6 ਹਜ਼ਾਰ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੱਖ-ਵੱਖ 15 ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾਵਾਂ ਤਹਿਤ 35 ਲੱਖ 6 ਹਜ਼ਾਰ 841 ਲਾਭਪਾਤਰੀਆਂ ਦੇ ਖਾਤਿਆਂ ‘ਚ 1 ਹਜ਼ਾਰ 129 ਕਰੋੜ 5 ਲੱਖ ਰੁਪਏ ਦੀ ਰਕਮ ਸਿੱਧੇ ਟਰਾਂਸਫਰ ਕੀਤੀ ਹੈ। ਇਨ੍ਹਾਂ ‘ਚ ਬੁਢਾਪਾ ਸਨਮਾਨ ਭੱਤਾ, ਦਿਵਿਆਂਗ ਭੱਤਾ ਸਮੇਤ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਵਸਥਾ ਪਰਿਵਰਤਨ ਕਰਦੇ ਹੋਏ ‘ਪ੍ਰੋ-ਐਕਟਿਵ ਮਾਡਲ’ ਅਪਣਾਇਆ ਹੈ। ਪਰਿਵਾਰ ਪਹਿਚਾਣ ਪੱਤਰ ਦੇ ਡਾਟਾਬੇਸ ਦੇ ਆਧਾਰ ‘ਤੇ ਯੋਗਤਾ ਖੁਦ ਤੈਅ ਹੁੰਦੀ ਹੈ ਅਤੇ ਯੋਗ ਨਾਗਰਿਕਾਂ ਨੂੰ ਬਿਨਾਂ ਦਫ਼ਤਰਾਂ ਦੇ ਚੱਕਰ ਕੱਟੇ ਅਤੇ ਬਿਨਾਂ ਅਰਜ਼ੀ ਦਿੱਤੇ ਘਰ ਬੈਠੇ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਲਾਭ ਮਿਲ ਰਿਹਾ ਹੈ। ਡਾਇਰੈਕਟ ਬੈਨਿਫਿਟ ਟਰਾਂਸਫਰ ਰਾਹੀਂ ਕੀਤਾ ਜਾ ਰਿਹਾ ਇਹ ਭੁਗਤਾਨ ਪਾਰਦਰਸ਼ਤਾ ਅਤੇ ਸੁਸ਼ਾਸਨ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ।
ਇਸ ਤੋਂ ਇਲਾਵਾ, ਦਯਾਲੂ ਯੋਜਨਾ ਤਹਿਤ 4 ਹਜ਼ਾਰ 520 ਪਰਿਵਾਰਾਂ ਨੂੰ 168 ਕਰੋੜ 13 ਲੱਖ 21 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਵਿੱਚ ਦਯਾਲੂ ਯੋਜਨਾ-2 ਦੇ 70 ਪਰਿਵਾਰ ਵੀ ਸ਼ਾਮਲ ਹਨ। ਅੱਜ ਜਾਰੀ ਰਕਮ ਨੂੰ ਮਿਲਾ ਕੇ ਹੁਣ ਤੱਕ 89 ਹਜ਼ਾਰ 56 ਪਰਿਵਾਰਾਂ ਨੂੰ 3 ਹਜ਼ਾਰ 320 ਕਰੋੜ 61 ਲੱਖ 21 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਚੁੱਕੀ ਹੈ।
5 ਲੱਖ ਭੈਣਾਂ ਨੂੰ 19.68 ਕਰੋੜ ਰੁਪਏ ਦੀ ਗੈਸ ਸਬਸਿਡੀ
ਮੁੱਖ ਮੰਤਰੀ ਨੇ ਕਿਹਾ ਕਿ ‘ਹਰ ਘਰ-ਹਰ ਗ੍ਰਹਿਣੀ ਯੋਜਨਾ’ ਤਹਿਤ ਜੁਲਾਈ ਮਹੀਨੇ ‘ਚ ਗੈਸ ਸਿਲੰਡਰ ਰਿਫਿਲ ਕਰਵਾਉਣ ਵਾਲੀਆਂ 5 ਲੱਖ ਭੈਣਾਂ ਦੇ ਬੈਂਕ ਖਾਤਿਆਂ ‘ਚ ਅੱਜ 19 ਕਰੋੜ 68 ਲੱਖ ਰੁਪਏ ਦੀ ਸਬਸਿਡੀ ਵੀ ਟਰਾਂਸਫਰ ਕੀਤੀ ਹੈ। ਇਸ ਯੋਜਨਾ ਤਹਿਤ ਪਾਤਰ ਮਹਿਲਾਵਾਂ ਨੂੰ ਹਰ ਮਹੀਨੇ 500 ਰੁਪਏ ‘ਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ। ਅੱਜ ਜਾਰੀ ਰਕਮ ਨੂੰ ਮਿਲਾ ਕੇ ਹੁਣ ਤੱਕ 14 ਲੱਖ 65 ਹਜ਼ਾਰ ਯੋਗ ਭੈਣਾਂ ਦੇ ਬੈਂਕ ਖਾਤਿਆਂ ‘ਚ ਕੁੱਲ 359 ਕਰੋੜ 82 ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੀ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਭਾਵਾਂਤਰ ਭਰਪਾਈ ਯੋਜਨਾ ਤਹਿਤ ਆਲੂ, ਫੁੱਲ ਗੋਭੀ ਅਤੇ ਸ਼ਹਿਦ ਲਈ 6 ਹਜ਼ਾਰ 177 ਕਿਸਾਨਾਂ ਨੂੰ 49 ਕਰੋੜ 89 ਲੱਖ ਰੁਪਏ ਦੀ ਭਾਵਾਂਤਰ ਰਕਮ ਜਾਰੀ ਕੀਤੀ ਗਈ ਹੈ। ਇਸ ‘ਚ ਆਲੂ ਲਈ 6 ਹਜ਼ਾਰ 12 ਕਿਸਾਨਾਂ ਨੂੰ 48 ਕਰੋੜ 9 ਲੱਖ ਰੁਪਏ, ਫੁੱਲ ਗੋਭੀ ਲਈ 99 ਕਿਸਾਨਾਂ ਨੂੰ 46 ਲੱਖ 76 ਹਜ਼ਾਰ ਰੁਪਏ ਅਤੇ ਸ਼ਹਿਦ ਲਈ 66 ਕਿਸਾਨਾਂ ਨੂੰ 1 ਕਰੋੜ 32 ਲੱਖ 73 ਹਜ਼ਾਰ ਰੁਪਏ ਦੀ ਰਕਮ ਸ਼ਾਮਲ ਹੈ।
ਆਲੂ ਦੀ ਭਾਵਾਂਤਰ ਰਕਮ ਅੰਬਾਲਾ, ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਯਮੁਨਾਨਗਰ ਅਤੇ ਪੰਚਕੂਲਾ ਜ਼ਿਲ੍ਹਿਆਂ ਦੇ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਜਾਰੀ ਕੀਤੀ ਹੈ। ਫੁੱਲ ਗੋਭੀ ਦੀ ਰਕਮ ਅੰਬਾਲਾ, ਕੁਰੂਕਸ਼ੇਤਰ ਅਤੇ ਯਮੁਨਾਨਗਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਦਿੱਤੀ ਗਈ ਹੈ।
ਉੱਥੇ ਹੀ, ਸ਼ਹਿਦ ਦੀ ਰਕਮ ਅੰਬਾਲਾ, ਭਿਵਾਨੀ, ਫਤਿਆਬਾਦ, ਗੁਰੂਗ੍ਰਾਮ, ਹਿਸਾਰ, ਝੱਜਰ, ਜੀਂਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਨਾਰਨੌਲ, ਰੇਵਾੜੀ, ਰੋਹਤਕ, ਸਿਰਸਾ ਅਤੇ ਯਮੁਨਾਨਗਰ ਜ਼ਿਲ੍ਹਿਆਂ ਦੇ ਮਧੂਮੱਖੀ ਪਾਲਕਾਂ ਨੂੰ ਜਾਰੀ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਾਰੀ ਰਕਮ ਨੂੰ ਮਿਲਾ ਕੇ ਹੁਣ ਤੱਕ 45 ਹਜ਼ਾਰ 764 ਕਿਸਾਨਾਂ ਨੂੰ 246 ਕਰੋੜ 95 ਲੱਖ ਰੁਪਏ ਦੀ ਰਕਮ ਭਾਵਾਂਤਰ ਭਰਪਾਈ ਵਜੋ ਦਿੱਤੀ ਜਾ ਚੁੱਕੀ ਹੈ।