ਨਵੀਂ ਦਿੱਲੀ, 11 ਅਕਤੂਬਰ, 2026 : ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਉਸ ਵੀਡੀਓ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਕਥਿਤ ਤੌਰ 'ਤੇ ਪੁਲਿਸ ਕਰਮਚਾਰੀਆਂ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਅੰਦਰ ਜੁੱਤੀਆਂ ਪਹਿਨ ਕੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਵੀਡੀਓ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ "ਦੁਰਭਾਵਨਾਪੂਰਨ ਅਤੇ ਖਰਾਬ ਨੀਅਤ" ਨਾਲ ਫੈਲਾਇਆ ਗਿਆ ਹੈ।
ਡੀਸੀਪੀ ਨਵੀਂ ਦਿੱਲੀ ਨੇ 'ਐਕਸ' (ਟਵਿੱਟਰ) 'ਤੇ ਇੱਕ ਅਧਿਕਾਰਤ ਪੋਸਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਪੁਲਿਸ ਕਰਮੀ ਅਸਲ ਵਿੱਚ ਉਸ ਸਾਂਝੇ ਰਸਤੇ ਵਿੱਚੋਂ ਲੰਘ ਰਹੇ ਸਨ, ਜਿਸ ਦੀ ਵਰਤੋਂ ਸਾਰੇ ਸ਼ਰਧਾਲੂ ਉਸ ਥਾਂ ਤੱਕ ਪਹੁੰਚਣ ਲਈ ਕਰਦੇ ਹਨ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰੀਆਂ ਜਾਂਦੀਆਂ ਹਨ। ਪੁਲਿਸ ਨੇ ਕਿਹਾ ਕਿ ਗੁਰਦੁਆਰੇ ਆਉਣ ਵਾਲੇ ਹਰ ਸ਼ਰਧਾਲੂ ਲਈ ਇਹੀ ਪ੍ਰਕਿਰਿਆ ਹੈ ਅਤੇ ਪੁਲਿਸ ਕਰਮਚਾਰੀਆਂ ਨੇ ਕਿਸੇ ਵੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ। ਦਿੱਲੀ ਪੁਲਿਸ ਅਨੁਸਾਰ ਧਾਰਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸਾਜ਼ਿਸ਼ ਤਹਿਤ ਇਹ ਵੀਡੀਓ ਵਾਇਰਲ ਕੀਤਾ ਗਿਆ ਹੈ ਅਤੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਬਦਨੀਤੀ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਸਪੱਸ਼ਟੀਕਰਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਵੋਟਰ ਸੂਚੀ ਦੀ ਸੋਧ (SIR) ਵਿਰੁੱਧ ਕਾਕਰੋਚ ਜਨਤਾ ਪਾਰਟੀ (CJP) ਦੇ ਸੱਦੇ 'ਤੇ ਜੰਤਰ-ਮੰਤਰ ਵੱਲ ਮਾਰਚ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਅਤੇ ਪ੍ਰਮੁੱਖ ਰਾਜਨੀਤਿਕ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਜੇਪੀ ਆਗੂ ਅਭਿਜੀਤ ਦੀਪਕੇ, ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਹੋਰ ਪ੍ਰਮੁੱਖ ਚਿਹਰੇ ਸ਼ਾਮਲ ਸਨ। ਹਾਲਾਂਕਿ ਦੇਰ ਸ਼ਾਮ ਪੁਲਿਸ ਨੇ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ ਸੀ, ਪਰ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਅਜੇ ਵੀ ਬੇਹੱਦ ਸਖ਼ਤ ਹਨ।