ਇਕ 14 ਸਾਲਾਂ ਦਾ ਮੁੰਡਾ ਇਕ ਸਟੋਰ ’ਚੋਂ ਚੋਰੀ ਕਰਦਾ ਫੜਿਆ ਗਿਆ,  ਗਾਰਡ ਦੀ ਗਿਰਫ਼ਤ ਚੋਂ ਭੱਜਣ ਦੀ ਕੋਸ਼ਿਸ਼ ਕੀਤੀ,  ਭੱਜ ਨੱਠ ’ਚ ਸਟੋਰ ਦੀ ਇਕ ਸ਼ੈਲਫ਼ ਵੀ ਟੁੱਟ ਗਈ,  ਅਦਾਲਤ ’ਚ ਸੁਣਵਾਈ ਹੋਈ ।
ਜੱਜ ਨੇ ਪੁੱਛਿਆ,  ਤੂੰ ਸੱਚ ਵਿਚ ਕੁਝ ਚੋਰੀ ਕੀਤਾ ?
ਬੱਚਾ ਬੋਲਿਆ : ਜੀ ! ਬਰੈਡ ਤੇ ਪਨੀਰ ਦਾ ਪੈਕਟ ।
ਜੱਜ : ਕਿਉਂ ?
ਬੱਚਾ : ਮੈਨੂੰ ਲੋੜ ਸੀ,  ਮੁੰਡੇ ਨੇ ਝੱਟ ਜਵਾਬ ਦਿੱਤਾ ।
ਜੱਜ : ਖ਼ਰੀਦ ਲੈਂਦਾ ?
ਬੱਚਾ : ਪੈਸੇ ਨਹੀਂ ਸਨ ।
ਜੱਜ : ਘਰਦਿਆਂ ਤੋਂ ਮੰਗ ਲੈਂਦਾ ?
ਬੱਚਾ : ਘਰ ’ਚ ਸਿਰਫ ਮਾਂ ਹੈ,  ਬਿਮਾਰ ਤੇ ਬੇਰੁਜ਼ਗਾਰ,  ਚੋਰੀ ਮਾਂ ਦੇ ਲਈ ਹੀ ਕੀਤੀ ਸੀ ।
ਜੱਜ : ਤੂੰ ਕੁਝ ਕੰਮ ਨਹੀਂ ਕਰਦਾ ?
ਬੱਚਾ : ਕਰਦਾ ਸੀ,  ਕਾਰ ਵਾਸ਼ ’ਚ,  ਮਾਂ ਦੀ ਦੇਖ ਰੇਖ ਲਈ ਇਕ ਦਿਨ ਛੁੱਟੀ ਕੀਤੀ ਤੇ ਕੱਢ ਦਿੱਤਾ ਮਾਲਕ ਨੇ ।
ਜੱਜ : ਕਿਸੇ ਤੋਂ ਮਦਦ ਮੰਗਦਾ ?
ਬੱਚਾ : ਸਵੇਰ ਤੋਂ ਮੰਗ ਰਿਹਾ ਸੀ,  ਕਿਸੇ ਨੇ ਨੀ ਕੀਤੀ ਮਦਦ ।
ਸੁਣਵਾਈ ਖਤਮ ਹੋਈ ਤੇ ਜੱਜ ਨੇ ਫ਼ੈਸਲਾ ਸੁਣਾਉਣ ਸ਼ੁਰੂ ਕੀਤਾ ।
ਜੱਜ ਨੇ ਕਿਹਾ,  ਚੋਰੀ ਤੇ ਉਹ ਵੀ ਬਰੈਡ ਦੀ,  ਬਹੁਤ ਵੱਡਾ ਜ਼ੁਰਮ ਹੈ,  ਅਤੇ ਇਸ ਜ਼ੁਰਮ ਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ,  ਅਦਾਲਤ ’ਚ ਮੌਜੂਦ ਹਰ ਸ਼ਖਸ ਮੇਰੇ ਸਮੇਤ ਇਸ ਚੋਰੀ ਦਾ ਮੁਜਰਮ ਹੈ,  ਮੈਂ ਇਥੇ ਮੌਜੂਦ ਹਰ ਬੰਦੇ ਅਤੇ ਖੁਦ ਤੇ 10 ਡਾਲਰ ਦਾ ਜ਼ੁਰਮਾਨਾ ਲਗਾਉਂਦਾ ਹਾਂ,  10 ਡਾਲਰ ਦਿੱਤੇ ਬਿਨਾਂ ਕੋਈ ਵੀ ਇਥੋਂ ਬਾਹਰ ਨਹੀਂ ਜਾਏਗਾ,  ਇਹ ਕਹਿੰਦਿਆਂ ਹੋਇਆਂ ਜੱਜ ਨੇ ਆਪਣੀ ਜੇਬ ਚੋਂ 10 ਡਾਲਰ ਕੱਢ ਕੇ ਮੇਜ ਤੇ ਰੱਖ ਦਿੱਤੇ ।
ਜੱਜ ਨੇ ਅੱਗੇ ਕਿਹਾ ਇਸ ਤੋਂ ਇਲਾਵਾ ਮੈਂ ਸਟੋਰ ਮਾਲਕ ’ਤੇ 1000 ਡਾਲਰ ਦਾ ਜੁਰਮਾਨਾ ਕਰਦਾ ਹਾਂ ਕਿਉਂ ਕਿ ਇਸ ਨੇ ਇਕ ਭੁੱਖੇ ਬੱਚੇ ਨਾਲ ਗ਼ੈਰ ਇਨਸਾਨੀ ਸਲੂਕ ਕਰਦਿਆਂ ਹੋਇਆਂ ਇਸਨੂੰ ਪੁਲਿਸ ਦੇ ਹਵਾਲੇ ਕੀਤਾ,  ਜੇਕਰ 24 ਘੰਟਿਆਂ ’ਚ ਜੁਰਮਾਨਾ ਜਮਾ ਨਹੀਂ ਕਰਾਇਆ ਗਿਆ ਤਾਂ ਕੋਰਟ ਦਾ ਹੁਕਮ ਹੈ ਸਟੋਰ ਨੂੰ ਸੀਲ ਕਰਤਾ ਜਾਏ ।
ਫ਼ੈਸਲੇ ਦੇ ਆਖਰੀ ਰਿਮਾਰਕ ਇਹ ਸਨ,  ਸਟੋਰ ਮਾਲਕ ਤੇ ਅਦਾਲਤ ’ਚ ਮੌਜੂਦ ਹਰ ਬੰਦਾ ਜੱਜ ਸਮੇਤ ਉਸ ਬੱਚੇ ਨੂੰ ਜੁਰਮਾਨੇ ਦੀ ਰਕਮ ਅਦਾ ਕਰਦੇ ਹੋਏ ਮੁਆਫ਼ੀ ਮੰਗਦੇ ਨੇ ।
ਫ਼ੈਸਲਾ ਸੁਣ ਕੇ ਬੱਚੇ ਦੇ ਹੰਝੂ ਵਹਿ ਰਹੇ ਸਨ ਅਤੇ ਹਿਚਕੀਆਂ ਲੈਂਦਾ ਬਾਰ ਬਾਰ ਜੱਜ ਵੱਲ ਵੇਖ ਰਿਹਾ ਸੀ ।