Sunday, November 16, 2025

ਲਿਖਤਾਂ

ਮਨ ਦਾ ਭਰਮ — ਸਭ ਤੋਂ ਵੱਡੀ ਤਾਕਤ

November 15, 2025 08:08 PM

ਆਖ਼ਰਕਾਰ , ਵਿਗਿਆਨੀਆਂ ਨੂੰ ਇੱਕ ਬੰਦਾ ਮਿਲ ਗਿਆ , ਜਿਹੜਾ ਬਿਜਲੀ ਦੀ ਕੁਰਸੀ ’ਤੇ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਸੀ।
ਵਿਗਿਆਨੀਆਂ ਨੇ ਉਸ ਕੈਦੀ ਨੂੰ ਇੱਕ ਚੋਣ ਦਿੱਤੀ ਕਿ “ਜੇ ਤੂੰ ਚਾਹੇਂ, ਤਾਂ ਤੂੰ ਇੱਕ ਮਨੋਵਿਗਿਆਨਕ ਤਜਰਬੇ ਦਾ ਹਿੱਸਾ ਬਣ ਸਕਦਾ ਹੈ। ਤਰੀਕਾ ਬੜਾ ਸੌਖਾ ਹੈ — ਤੇਰੇ ਬਾਂਹ ਤੇ ਹੌਲੀ ਜਿਹੀ ਕੱਟ ਲਾਇਆ ਜਾਵੇਗਾ , ਤੇ ਤੇਰਾ ਖੂਨ ਹੌਲੀ ਹੌਲੀ ਵਹਿੰਦਾ ਰਹੇਗਾ। ਮੌਤ ਦਰਦ-ਰਹਿਤ ਤੇ ਸ਼ਾਂਤ ਹੋਵੇਗੀ।”
ਕੈਦੀ, ਜੋ ਬਿਜਲੀ ਦੀ ਕੁਰਸੀ ਤੋਂ ਡਰ ਰਿਹਾ ਸੀ, ਤੁਰੰਤ ਰਾਜ਼ੀ ਹੋ ਗਿਆ।
ਉਸ ਨੂੰ ਸਟ੍ਰੈਚਰ ’ਤੇ ਲੰਮਾ ਪਾ ਕੇ ਪਟਿਆਂ ਨਾਲ ਬੰਨ੍ਹ ਦਿੱਤਾ ਗਿਆ ਤਾਂ ਜੋ ਉਹ ਹਿੱਲ ਨਾ ਸਕੇ। ਬਾਂਹ ਤੇ ਹੌਲੀ ਜਿਹੀ ਕਟ ਲਾਈ ਗਈ — ਇੰਨੀ ਕਿ ਸੱਚ ਲੱਗੇ — ਤੇ ਹੇਠਾਂ ਇੱਕ ਛੋਟੀ ਸਟੀਲ ਦੀ ਪਿਆਲੀ ਰੱਖ ਦਿੱਤੀ ਗਈ। ਬਿਸਤਰੇ ਦੇ ਹੇਠਾਂ ਵਿਗਿਆਨੀ ਨੇ ਇੱਕ ਬੋਤਲ ਰੱਖੀ ਜਿਸ ਵਿੱਚ ਖੂਨ ਦੇ ਰੰਗ ਵਰਗੀ ਤਰਲ ਪਦਾਰਥ ਸੀ। ਉਸ ਨੇ ਬੋਤਲ ਦਾ ਢੱਕਣ ਖੋਲ੍ਹਿਆ ਜੋ ਹੌਲੀ ਹੌਲੀ ਬੂੰਦਾਂ ਵਾਂਗ ਟਪਕਣ ਲੱਗਾ।
ਹਰ ਬੂੰਦ ਦੀ ਆਵਾਜ਼ ਕੈਦੀ ਨੂੰ ਸੁਣਾਈ ਦੇ ਰਹੀ ਸੀ। ਉਹ ਸੋਚਦਾ ਰਿਹਾ ਕਿ ਇਹ ਉਸ ਦਾ ਆਪਣਾ ਖੂਨ ਹੈ ਜੋ ਸਰੀਰ ਤੋਂ ਨਿਕਲ ਰਿਹਾ ਹੈ। ਕੁਝ ਸਮੇਂ ਬਾਅਦ ਵਿਗਿਆਨੀ ਨੇ ਟਪਕਣ ਦੀ ਰਫ਼ਤਾਰ ਹੌਲੀ ਕਰ ਦਿੱਤੀ, ਤਾਂ ਕਿ ਲੱਗੇ ਜਿਵੇਂ ਖੂਨ ਘੱਟ ਹੋ ਰਿਹਾ ਹੋਵੇ।
ਸਮਾਂ ਬੀਤਦਾ ਗਿਆ। ਕੈਦੀ ਦਾ ਚਿਹਰਾ ਪੀਲਾ ਪੈ ਗਿਆ। ਉਸ ਦਾ ਦਿਲ ਤੇਜ਼ ਧੜਕਣ ਲੱਗਾ। ਸਾਹ ਫੁੱਲਣ ਲੱਗਾ। ਤੇ ਜਦੋਂ ਵਿਗਿਆਨੀ ਨੇ ਬੋਤਲ ਦਾ ਵਾਲਵ ਪੂਰੀ ਤਰ੍ਹਾਂ ਬੰਦ ਕਰ ਦਿੱਤਾ — ਕੈਦੀ ਦਾ ਸਰੀਰ ਝਟਕੇ ਨਾਲ ਹਿਲਿਆ ਤੇ ਉਸ ਨੂੰ ਦਿਲ ਦਾ ਦੌਰਾ ਪਿਆ। ਉਹ ਮਰ ਗਿਆ।

ਉਸ ਤਜਰਬੇ ਨੇ ਇੱਕ ਡਰਾਉਣਾ ਸੱਚ ਸਾਬਤ ਕੀਤਾ —
ਮਨੁੱਖ ਦਾ ਮਨ ਜੋ ਮੰਨ ਲੈਂਦਾ ਹੈ, ਉਹੀ ਉਸ ਲਈ ਹਕੀਕਤ ਬਣ ਜਾਂਦਾ ਹੈ।
ਜੋ ਅਸੀਂ ਸੱਚ ਸਮਝਦੇ ਹਾਂ — ਚੰਗਾ ਜਾਂ ਮਾੜਾ — ਉਹੀ ਸਾਡੇ ਮਨ ਤੇ ਸਰੀਰ ਦੋਹਾਂ ਨੂੰ ਪ੍ਰਭਾਵਿਤ ਕਰਦਾ ਹੈ।
ਮਨ ਦੀ ਕੋਈ ਹੱਦ ਨਹੀਂ। ਜਦੋਂ ਉਹ ਸਮਝ ਨਹੀਂ ਸਕਦਾ, ਉਹ ਆਪਣੀ ਕਹਾਣੀ ਖੁਦ ਬਣਾ ਲੈੰਦਾ ਹੈ — ਕਈ ਵਾਰ ਕੁਦਰਤੀ ਗੱਲ ਨੂੰ ਅਲੌਕਿਕ ਮੰਨ ਲੈਂਦਾ ਹੈ।
ਜ਼ਿੰਦਗੀ ਵਿੱਚ ਅਸੀਂ ਅਕਸਰ ਐਸੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹਾਂ ਜੋ ਅਸੰਭਵ ਜਿਹੀਆਂ ਲੱਗਦੀਆਂ ਹਨ। ਕਈ ਵਾਰ ਕੋਈ ਕਹਿੰਦਾ ਹੈ “ਹੁਣ ਕੁਝ ਨਹੀਂ ਹੋ ਸਕਦਾ” — ਤੇ ਜੇ ਅਸੀਂ ਇਹ ਗੱਲ ਮੰਨ ਲਈ, ਤਾਂ ਉਹੀ ਸਾਡੀ ਹਕੀਕਤ ਬਣ ਜਾਂਦੀ ਹੈ।
“ਜੋ ਅਸਫਲਤਾ ਬਾਰੇ ਸੋਚਦਾ ਹੈ, ਉਹ ਪਹਿਲਾਂ ਹੀ ਹਾਰ ਗਿਆ।
ਜੋ ਜਿੱਤ ਬਾਰੇ ਸੋਚਦਾ ਹੈ, ਉਹ ਇੱਕ ਕਦਮ ਅੱਗੇ ਹੁੰਦਾ ਹੈ ।
ਅਨੁਵਾਦ ( ਸੁਰਜੀਤ ਸਿੰਘ ਵਿਰਕ )

 

Have something to say? Post your comment

Subscribe