ਜ਼ਿੰਦਗੀ ਦਾ ਸੱਚ: ਵਰਤਮਾਨ ਵਿੱਚ ਰਹਿਣਾ ਹੀ ਸੁੱਖ ਹੈ
ਅਸੀ ਆਪਣੇ ਆਪ ਨੂੰ ਸੀਮਤ ਕਰ ਲਿਆ, ਸਾਡਾ ਤਾਂ ਇਹ ਸਾਰਾ ਬ੍ਰਹਿਮੰਡ ਸੀ ਪਰ ਸਾਡੀ ਮੰਗ ਬਹੁਤ ਛੋਟੀ ਹੈ।
ਮਨ ਹਮੇਸ਼ਾ ਆਰਾਮ ਛੱਡ ਕੇ ਕਿਸੇ ਹੋਰ ਆਰਾਮ ਦੀ ਭਾਲ ਵਿੱਚ ਭਟਕਦਾ ਰਹਿੰਦਾ ਹੈ। ਇਸ ਭਾਲ ਵਿੱਚ ਨਾ ਤਾਂ ਮਨ ਨੂੰ ਉਹ ਆਰਾਮ ਮਿਲਦਾ ਹੈ ਅਤੇ ਨਾ ਹੀ ਉਹ ਪਿਛਲਾ ਆਰਾਮ ਉਸਦੇ ਪੱਲੇ ਰਹਿੰਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਹੋ ਚੁੱਕਾ ਹੈ, ਉਹ ਸਹੀ ਹੀ ਸੀ। ਅਸਲ ਵਿੱਚ, ਸਾਡੇ ਮਨ ਨੂੰ ਹਰ ਗੱਲ ਨੂੰ ਸਟੋਰ ਕਰਨ ਦੀ ਆਦਤ ਹੈ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਜੋ ਹੋ ਗਿਆ, ਉਸ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਜੋ ਵੀ ਹੋਇਆ ਉਹ ਸਾਡੇ ਭਲੇ ਲਈ ਹੀ ਸੀ। ਜੇਕਰ ਅਸੀਂ ਉਸ ਨੂੰ ਮਾੜਾ ਕਹਿ ਕੇ ਛੱਡਣ ਦੀ ਕੋਸ਼ਿਸ਼ ਕਰਾਂਗੇ, ਤਾਂ ਉਹ ਸਾਡੇ ਮਨ ਵਿੱਚੋਂ ਨਹੀਂ ਜਾ ਸਕੇਗਾ। ਜੇ ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ ਹੈ, ਤਾਂ ਉਸਨੂੰ ਮਾਫ਼ ਕਰ ਦਿਓ, ਅਤੇ ਜੇ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ, ਤਾਂ ਮਾਫ਼ੀ ਮੰਗ ਲਓ।
ਅਸਲ ਵਿੱਚ ਅਸੀਂ ਕਿਸੇ ਨਾਲ ਕੁਝ ਵੀ ਨਹੀਂ ਕਰਦੇ। ਜੇ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਕੁਝ ਕੀਤਾ ਹੈ, ਤਾਂ ਅਸੀਂ 'ਕਰਤਾ' ਬਣ ਜਾਵਾਂਗੇ, ਜੋ ਕਿ ਗਲਤ ਹੈ। ਕਰਤਾ ਸਿਰਫ਼ ਪ੍ਰਮਾਤਮਾ ਹੈ। ਜੋ ਹੋ ਰਿਹਾ ਹੈ ਉਹ ਸਾਡੇ ਰਾਹੀਂ ਹੋ ਰਿਹਾ ਹੈ। ਇਸ ਲਈ, ਜੋ ਹੋ ਗਿਆ ਉਹ ਵੀ ਸ਼ੁਭ ਸੀ ਅਤੇ ਜੋ ਹੋ ਰਿਹਾ ਹੈ, ਉਹ ਵੀ ਸ਼ੁਭ ਹੀ ਹੈ।
ਜ਼ਰਾ ਧਿਆਨ ਨਾਲ ਸੋਚੋ। ਤੁਸੀਂ ਬੈਠੇ ਹੋ, ਤੁਹਾਡੀ ਤਨਖ਼ਾਹ ਨਹੀਂ ਆਈ। ਫਿਰ ਵੀ ਵਰਤਮਾਨ ਵਿੱਚ ਜੋ ਹੋ ਰਿਹਾ ਹੈ, ਉਹ ਬਿਲਕੁਲ ਠੀਕ ਹੈ। ਤੁਸੀਂ ਮੰਜੇ 'ਤੇ ਬੈਠੇ ਹੋ, ਉੱਪਰ ਪੱਖਾ ਚੱਲ ਰਿਹਾ ਹੈ, ਪੀਣ ਲਈ ਪਾਣੀ ਹੈ ਅਤੇ ਹੋਰ ਵੀ ਬਹੁਤ ਕੁਝ ਹੈ। ਸਾਰੀ ਗੱਲ ਇਹ ਹੈ ਕਿ ਸਾਨੂੰ ਵਰਤਮਾਨ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ। ਜੇ ਅਸੀਂ ਆਪਣੇ ਆਪ ਨਾਲ ਇਸ ਗੱਲ 'ਤੇ ਲੜਦੇ ਰਹਾਂਗੇ ਕਿ 'ਇਹ ਹੋਣਾ ਚਾਹੀਦਾ ਸੀ' ਜਾਂ 'ਉਹ ਨਹੀਂ ਹੋਣਾ ਚਾਹੀਦਾ ਸੀ', ਤਾਂ ਅਸੀਂ ਕਦੇ ਖੁਸ਼ ਨਹੀਂ ਹੋ ਸਕਦੇ। ਜ਼ਿੰਦਗੀ ਸਿਰਫ਼ ਵਰਤਮਾਨ ਵਿੱਚ ਹੀ ਹੈ। ਜੇ ਅਸੀਂ ਆਪਣੇ ਆਪ ਨਾਲ ਲੜਨਾ ਛੱਡ ਦੇਈਏ, ਤਾਂ ਅਸੀਂ ਵਰਤਮਾਨ ਵਿੱਚ ਆ ਜਾਵਾਂਗੇ ਅਤੇ ਖੁਸ਼ ਹੋ ਜਾਵਾਂਗੇ। ਤੁਸੀਂ ਵੇਖਿਆ ਹੋਵੇਗਾ, ਲੋਕ ਹਮੇਸ਼ਾ ਤਿਉੜੀਆਂ ਪਾਈ ਫਿਰਦੇ ਹਨ, ਪਰ ਜੇਕਰ ਤੁਸੀਂ ਜਿਉਂਦੇ ਹੋ, ਤਾਂ ਇਹ ਹੀ ਆਪਣੇ ਆਪ ਵਿੱਚ ਸਹੀ ਹੈ।
ਸਭ ਤੋਂ ਚੰਗਾ ਕੰਮ ਉਹ ਹੈ ਜੋ ਅਸੀਂ ਹੁਣ ਕਰ ਰਹੇ ਹਾਂ, ਅਤੇ ਸਭ ਤੋਂ ਚੰਗੇ ਲੋਕ ਉਹ ਹਨ ਜਿਨ੍ਹਾਂ ਨੂੰ ਤੁਸੀਂ ਵਰਤਮਾਨ ਵਿੱਚ ਮਿਲ ਰਹੇ ਹੋ। ਇਸੇ ਤਰ੍ਹਾਂ, ਸਭ ਤੋਂ ਵਧੀਆ ਸਮਾਂ ਉਹ ਹੈ ਜੋ ਹੁਣ ਬੀਤ ਰਿਹਾ ਹੈ। ਅਸੀਂ ਵਰਤਮਾਨ ਵਿੱਚ ਹੀ ਪੂਰਨ ਹੁੰਦੇ ਹਾਂ।
ਇਸ ਦੇ ਉਲਟ, ਬਾਕੀ ਸਭ ਕੁਝ ਇਸ ਤੋਂ ਉਲਟ ਹੈ। ਇਹ ਬਾਜ਼ਾਰ, ਇਹ ਫੈਕਟਰੀਆਂ, ਇਹ ਪੁਲਿਸ, ਇਹ ਕਾਰੋਬਾਰ, ਇਹ ਨੌਕਰੀਆਂ, ਇਹ ਸਕੂਲ, ਇਹ ਕਾਲਜ, ਸਭ ਕੁਝ ਭਵਿੱਖ 'ਤੇ ਆਧਾਰਿਤ ਹੈ।
ਸਾਡਾ ਮਨ ਵੀ ਵਰਤਮਾਨ ਵਿੱਚ ਰਹਿਣਾ ਨਹੀਂ ਚਾਹੁੰਦਾ। ਇਹ ਜਾਂ ਤਾਂ ਭੂਤਕਾਲ ਵਿੱਚ ਰਹਿਣਾ ਚਾਹੁੰਦਾ ਹੈ ਜਾਂ ਫਿਰ ਭਵਿੱਖ ਵਿੱਚ। ਤੁਸੀਂ ਆਪਣੇ ਮਨ ਨੂੰ ਧਿਆਨ ਨਾਲ ਵਾਚੋ, ਇਹ ਹਮੇਸ਼ਾ ਜਾਂ ਤਾਂ ਬੀਤੇ ਸਮੇਂ ਵਿੱਚ ਜਾਵੇਗਾ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ। ਪਰ ਜ਼ਿੰਦਗੀ ਸਿਰਫ਼ ਵਰਤਮਾਨ ਵਿੱਚ ਹੀ ਹੁੰਦੀ ਹੈ।
ਜਦੋਂ ਇੱਕ ਸਾਧ ਅੱਗ ਦੀ ਧੂਣੀ ਬਾਲ ਕੇ ਕਹਿੰਦਾ ਹੈ ਕਿ ਉਹ ਭਵਿੱਖ ਦੀਆਂ ਮੁਸ਼ਕਲਾਂ ਖ਼ਤਮ ਕਰ ਰਿਹਾ ਹੈ, ਤਾਂ ਉਹ ਅਸਲ ਵਿੱਚ ਆਪਣਾ ਵਰਤਮਾਨ ਹੀ ਤਕਲੀਫ ਵਿੱਚ ਰਹਿ ਕੇ ਖ਼ਤਮ ਕਰ ਰਿਹਾ ਹੁੰਦਾ ਹੈ। ਇੱਕ ਸਾਧ ਜਨਮਾਂ ਦੇ ਦੁੱਖ ਖ਼ਤਮ ਕਰਨਾ ਚਾਹੁੰਦਾ ਹੈ। ਪਰ ਜਦੋਂ ਜਨਮ ਹੋਇਆ ਸੀ, ਤਾਂ ਕੀ ਸਾਧ ਨੂੰ ਯਾਦ ਹੈ ਕਿ ਦੁੱਖ ਕਿਹੋ ਜਿਹਾ ਸੀ? ਜਵਾਬ ਹੈ 'ਨਹੀਂ'। ਤਾਂ ਫਿਰ ਮਰਨ ਦਾ ਦੁੱਖ ਵੀ ਪਤਾ ਨਹੀਂ ਲੱਗੇਗਾ।
ਇਸ ਲਈ, ਜੋ ਕੰਮ ਅਸੀਂ ਵਰਤਮਾਨ ਵਿੱਚ ਕਰ ਰਹੇ ਹਾਂ, ਉਹ ਪੂਰੇ ਜ਼ੋਰ ਨਾਲ ਕਰੋ। ਜ਼ਿੰਦਗੀ ਦਾ ਅਸਲ ਸੁੱਖ ਵਰਤਮਾਨ ਵਿੱਚ ਹੀ ਹੈ।