ਜਲੰਧਰ, 21 ਅਕਤੂਬਰ, 2026: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਦੁਸਹਿਰੇ ਦੇ ਪਵਿੱਤਰ ਤਿਉਹਾਰ ਅਤੇ ਹਿੰਦੂ ਮਾਨਤਾਵਾਂ ਬਾਰੇ ਦਿੱਤੇ ਗਏ ਇੱਕ ਵਿਵਾਦਿਤ ਬਿਆਨ ਕਾਰਨ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਮੰਤਰੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮਾਤਾ ਸੀਤਾ ਦੇ ਅਗਵਾ ਹੋਣ ਤੋਂ ਬਾਅਦ ਲਕਸ਼ਮਣ ਜੀ ਦੇ ਪੁਤਲੇ ਸਾੜੇ ਜਾਂਦੇ ਹਨ। ਇਹ ਵੀਡੀਓ ਸਾਹਮਣੇ ਆਉਂਦਿਆਂ ਹੀ ਹਿੰਦੂ ਭਾਈਚਾਰੇ ਅਤੇ ਸਿਆਸੀ ਹਲਕਿਆਂ ਵਿੱਚ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ, ਜਿਸ ਤੋਂ ਬਾਅਦ ਮੰਤਰੀ ਨੇ ਯੂ-ਟਰਨ ਲੈਂਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੀਡੀਓ ਨੂੰ ਐਡਿਟ ਕਰਕੇ ਗਲਤ ਢੰਗ ਨਾਲ ਵਾਇਰਲ ਕੀਤਾ ਗਿਆ ਹੈ।
ਇਸ ਬਿਆਨ ਦੀ ਸਖ਼ਤ ਆਲੋਚਨਾ ਕਰਦਿਆਂ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਸੂਬੇ ਦੇ ਜ਼ਿੰਮੇਵਾਰ ਮੰਤਰੀ ਅਜਿਹੇ ਬੇਬੁਨਿਆਦ ਅਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦਿੰਦੇ ਹਨ ਤਾਂ ਲੋਕਾਂ ਦਾ ਦੁਖੀ ਹੋਣਾ ਸੁਭਾਵਿਕ ਹੈ। ਉਨ੍ਹਾਂ ਅਜਿਹੀਆਂ ਗਲਤੀਆਂ ਨੂੰ ਗੰਭੀਰ ਪਾਪ ਕਰਾਰ ਦਿੰਦਿਆਂ ਹਿੰਦੂ ਭਾਈਚਾਰੇ ਨੂੰ ਇਸ ਸੰਵੇਦਨਸ਼ੀਲ ਮੁੱਦੇ 'ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ, ਵਿਵਾਦ ਵਧਦਾ ਦੇਖ ਮਹਿੰਦਰ ਭਗਤ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ ਅਤੇ ਵਿਰੋਧੀਆਂ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੇ ਬਿਆਨ ਦੀ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।