ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਿਆ, ਜਦੋਂ ਪਾਰਟੀ ਦੇ ਪ੍ਰਮੁੱਖ ਤੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਰਣਜੀਤ ਸਿੰਘ ਗਿੱਲ ਨੇ ਅਧਿਕਾਰਿਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਹ ਪਾਰਟੀ ਦੇ ਹਾਲੀਆ ਕੰਮਕਾਜ ਨਾਲ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਕਿਹਾ, "ਮੈਂ ਸਾਲਾਂ ਤੱਕ ਅਕਾਲੀ ਦਲ ਵਿੱਚ ਰਹਿ ਕੇ ਜਨ ਸੇਵਾ ਕੀਤੀ, ਪਰ ਹੁਣ ਪਾਰਟੀ ਆਪਣੀ ਮੂਲ ਵਿਚਾਰਧਾਰਾ ਤੋਂ ਹਟ ਗਈ ਹੈ। ਆਮ ਲੋਕਾਂ ਦੀ ਆਵਾਜ਼ ਅਤੇ ਖੇਤਰੀ ਮੁੱਦੇ ਪਿੱਛੇ ਧੱਕੇ ਜਾ ਰਹੇ ਹਨ।"
ਖ਼ਬਰਾਂ ਮੁਤਾਬਕ, ਗਿੱਲ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੇ ਅੰਦਰਲੇ ਫੈਸਲੇ ਲੈਣ ਦੇ ਢੰਗ ਨੂੰ ਲੈ ਕੇ ਅਸੰਤੁਸ਼ਟ ਸਨ। ਇਸੇ ਕਰਕੇ ਉਨ੍ਹਾਂ ਨੇ ਪਾਰਟੀ ਨਾਲ ਆਪਣੀ ਰਾਹ ਜੁਦਾ ਕਰਨ ਦਾ ਫੈਸਲਾ ਲਿਆ।
ਪਾਰਟੀ ਛੱਡਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਰਣਜੀਤ ਸਿੰਘ ਗਿੱਲ ਕਿਸੇ ਹੋਰ ਜਥੇਬੰਦੀ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਆਪਣਾ ਨਵਾਂ ਰਾਜਨੀਤਿਕ ਮੰਚ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਉਨ੍ਹਾਂ ਵੱਲੋਂ ਹਜੇ ਤੱਕ ਕੋਈ ਅਧਿਕਾਰਕ ਘੋਸ਼ਣਾ ਨਹੀਂ ਕੀਤੀ ਗਈ।
ਉਨ੍ਹਾਂ ਨੇ ਆਖ਼ਿਰ 'ਚ ਕਿਹਾ, “ਮੇਰਾ ਉਦੇਸ਼ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨਾ ਸੀ। ਮੈਂ ਹੁਣ ਵੀ ਇਸ ਮਿਸ਼ਨ 'ਤੇ ਹਾਂ, ਭਾਵੇਂ ਪਾਰਟੀ ਜੋ ਵੀ ਹੋਵੇ।”
ਖ਼ਬਰਾਂ ਇਹ ਵੀ ਹਨ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।