Saturday, August 01, 2026
BREAKING NEWS
ਪੰਜਾਬ ਪੁਲਿਸ ਵੱਲੋਂ ਨਕਲ ਕਰਵਾਉਣ ਵਾਲੇ ਹਰਿਆਣਾ ਅਧਾਰਤ ਗਿਰੋਹ ਦਾ ਪਰਦਾਫਾਸ਼, ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ: ਹਰਜੋਤ ਸਿੰਘ ਬੈਂਸਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!

ਪੰਜਾਬ

ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਪੰਜਾਬ ਵਿੱਚ ਹਿੰਦੂ-ਸਿੱਖ ਫਸਾਦ ਕਰਵਾਉਣ ਦੀਆਂ ਕੋਝੀਆਂ ਚਾਲਾਂ ਚੱਲੇਗੀ, ਅਜਿਹੀਆਂ ਕੋਸ਼ਿਸ਼ਾਂ ਤੋਂ ਸੁਚੇਤ ਰਹੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

July 31, 2026 10:33 PM
ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਪੰਜਾਬ ਵਿੱਚ ਹਿੰਦੂ-ਸਿੱਖ ਫਸਾਦ ਕਰਵਾਉਣ ਦੀਆਂ ਕੋਝੀਆਂ ਚਾਲਾਂ ਚੱਲੇਗੀ, ਅਜਿਹੀਆਂ ਕੋਸ਼ਿਸ਼ਾਂ ਤੋਂ ਸੁਚੇਤ ਰਹੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ 2026

ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਦੇ ਜਨਮ ਅਸਥਾਨ ਸੁਨਾਮ ਨੂੰ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸੰਤ ਅਤਰ ਸਿੰਘ ਮਹਾਰਾਜ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਟਰੌਮਾ ਸੈਂਟਰ, ਦਵਾਈਆਂ ਦਾ ਵੇਅਰਹਾਊਸ ਅਤੇ ਬਲੱਡ ਬੈਂਕ ਸ਼ਾਮਲ ਹਨ। ਇਸ ਮੌਕੇ ਰਾਜ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਉਨ੍ਹਾਂ ਨੇ ਮਹਾਨ ਸੁਤੰਤਰਤਾ ਸੰਗਰਾਮੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਭਾਰਤ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਿਆਂ ਮਿਆਰੀ ਸਿੱਖਿਆ, ਸਿਹਤ ਸੰਭਾਲ ਅਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਹੀ ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੇਠਲੇ ਪੱਧਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਕੀਤਾ।

ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਅੱਜ ਇੱਕ ਵੱਡਾ ਦਿਨ ਹੈ ਕਿਉਂਕਿ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਹਾ ਹੈ। ਪੰਜਾਬ ਸਰਕਾਰ ਨੇ ਸੁਨਾਮ ਦੀ ਇਸ ਪਵਿੱਤਰ ਧਰਤੀ ਦੀ ਚੋਣ ਕੀਤੀ ਹੈ, ਜਿੱਥੇ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਹੋਇਆ ਸੀ। ਬਚਪਨ ਤੋਂ ਹੀ ਮੈਂ ਆਪਣੇ ਪਿਤਾ ਜੀ ਨਾਲ ਇਸ ਧਰਤੀ 'ਤੇ ਆਉਂਦਾ ਰਿਹਾ ਹਾਂ।"

ਮੁੱਖ ਮੰਤਰੀ ਨੇ ਸਾਂਝਾ ਕੀਤਾ, "ਜਦੋਂ ਮੈਂ 1993 ਵਿੱਚ ਪਹਿਲੀ ਵਾਰ ਇੰਗਲੈਂਡ ਗਿਆ ਸੀ ਤਾਂ ਮੈਂ ਖਾਸ ਤੌਰ 'ਤੇ ਕੈਕਸਟਨ ਹਾਲ ਗਿਆ ਸੀ ਜਿੱਥੇ ਸ਼ਹੀਦ ਊਧਮ ਸਿੰਘ ਜੀ ਨੇ 21 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਓ'ਡਵਾਇਰ ਨੂੰ ਗੋਲੀ ਮਾਰੀ ਸੀ।"

ਸੁਤੰਤਰਤਾ ਸੰਗਰਾਮੀਆਂ ਦੇ ਆਦਰਸ਼ਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਆਪ ਸਰਕਾਰ ਦੇਸ਼ ਦੇ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਅਤੇ ਨਾਇਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਜ਼ਾਦੀ ਦੇ ਲਗਭਗ 80 ਸਾਲਾਂ ਬਾਅਦ ਵੀ ਦੇਸ਼ ਮਹਾਨ ਰਾਸ਼ਟਰੀ ਨੇਤਾਵਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਿਆ ਹੈ। ਹਾਲਾਂਕਿ, ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਤੋਂ ਸਾਡੀ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।"

ਸੂਬਾ ਸਰਕਾਰ ਦੀਆਂ ਪ੍ਰਮੁੱਖ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਸੁਖਾਲੀ ਰਜਿਸਟਰੀ ਦਾ ਇਤਿਹਾਸਕ ਕਦਮ ਚੁੱਕਿਆ ਹੈ। ਨੌਜਵਾਨਾਂ ਨੂੰ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ 68, 000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੇ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਪੂਰੇ ਸੂਬੇ ਵਿੱਚ ਲਗਭਗ 43, 000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਸਰਕਾਰ ਨੇ ਦਿਨ ਵੇਲੇ ਕਿਸਾਨਾਂ ਨੂੰ ਬਿਜਲੀ ਦਿੱਤੀ ਹੈ ਅਤੇ ਪੰਜਾਬ ਵਿੱਚ 14, 000 ਕਿਲੋਮੀਟਰ ਲੰਬੀਆਂ ਪਾਈਪਾਂ ਵਿਛਾਈਆਂ ਹਨ, ਜੋ ਕਿ ਦਿੱਲੀ ਅਤੇ ਕੈਨੇਡਾ ਦੇ ਵੈਨਕੂਵਰ ਵਿਚਕਾਰ ਦੀ ਦੂਰੀ ਦੇ ਬਰਾਬਰ ਹੈ। ਅਸੀਂ ਇਨ੍ਹਾਂ ਪਾਈਪਾਂ ਰਾਹੀਂ ਖੇਤਾਂ ਨੂੰ 21, 000 ਕਿਊਸਿਕ ਪਾਣੀ ਦੀ ਸਪਲਾਈ ਕਰ ਰਹੇ ਹਾਂ, ਜਿਸ ਕਾਰਨ ਨਹਿਰੀ ਸਿੰਚਾਈ ਵਿੱਚ ਵਾਧਾ ਹੋਇਆ ਹੈ।"

ਮੁੱਖ ਮੰਤਰੀ ਨੇ ਦੱਸਿਆ, "ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ ਤਾਂ ਜੋ ਪਾਣੀ ਦਾ ਪੱਧਰ ਸੁਧਰ ਸਕੇ। ਨਤੀਜੇ ਵਜੋਂ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਤੱਕ ਵੱਧ ਗਿਆ ਹੈ। ਮੇਰੇ ਯਤਨਾਂ ਦਾ ਇੱਕੋ-ਇੱਕ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਕੋਈ ਖੁਸ਼ ਰਹੇ ਅਤੇ ਇਸੇ ਲਈ ਮੈਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ।"

ਸਿੱਖਿਆ ਬਾਰੇ ਬੋਲਦਿਆਂ ਉਨ੍ਹਾਂ ਕਿਹਾ, "ਜਦੋਂ ਅਸੀਂ 2022 ਵਿੱਚ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ 27ਵੇਂ ਨੰਬਰ 'ਤੇ ਸੀ। ਅੱਜ, ਭਾਰਤ ਸਰਕਾਰ ਦੇ ਸਿੱਖਿਆ ਸਰਵੇਖਣ ਅਨੁਸਾਰ ਪੰਜਾਬ ਸਿੱਖਿਆ ਖੇਤਰ ਵਿੱਚ ਸਭ ਤੋਂ ਅੱਗੇ ਹੈ। ਅੱਜ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ।"ਉਨ੍ਹਾਂ ਅੱਗੇ ਕਿਹਾ, "ਇਹ ਮੁਫ਼ਤ ਦੀਆਂ ਰਿਉੜੀਆਂ ਨਹੀਂ ਸਗੋਂ ਮਿਆਰੀ ਸਿੱਖਿਆ ਹੈ ਜੋ ਆਮ ਆਦਮੀ ਨੂੰ ਗਰੀਬੀ 'ਚੋਂ ਕੱਢ ਕੇ ਉਸ ਦੀ ਤਕਦੀਰ ਬਦਲ ਸਕਦੀ ਹੈ।"

ਔਰਤਾਂ ਦੇ ਸਸ਼ਕਤੀਕਰਨ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, "ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ 1 ਜੁਲਾਈ ਤੋਂ ਸੂਬੇ ਦੀਆਂ ਔਰਤਾਂ ਦੇ ਖਾਤਿਆਂ ਵਿੱਚ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਪੈਸੇ ਆਉਣੇ ਸ਼ੁਰੂ ਹੋ ਗਏ ਹਨ। ਹਰ ਔਰਤ 1, 000 ਰੁਪਏ ਮਹੀਨਾ ਦੀ ਹੱਕਦਾਰ ਹੈ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ 1, 500 ਰੁਪਏ ਮਹੀਨਾ ਸਨਮਾਨ ਰਾਸ਼ੀ ਦੀਆਂ ਹੱਕਦਾਰ ਹਨ। 1 ਜੁਲਾਈ ਨੂੰ 32 ਲੱਖ ਦੇ ਲਗਭਗ ਔਰਤਾਂ ਨੂੰ ਪੈਸੇ ਮਿਲ ਚੁੱਕੇ ਹਨ ਅਤੇ 1 ਅਗਸਤ ਨੂੰ 40 ਲੱਖ ਤੋਂ ਵੱਧ ਔਰਤਾਂ ਨੂੰ ਪੰਜਾਬ ਸਰਕਾਰ ਵੱਲੋਂ ਸਤਿਕਾਰ ਵਜੋਂ ਪੈਸੇ ਮਿਲਣਗੇ।"

'ਮੁੱਖ ਮੰਤਰੀ ਸਿਹਤ ਯੋਜਨਾ' ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਲੋਕਾਂ ਨੂੰ ਵਿਆਪਕ ਸਿਹਤ ਸੰਭਾਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ ਜੋ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਪ੍ਰਦਾਨ ਕਰਦੀ ਹੈ।"

ਉਨ੍ਹਾਂ ਅੱਗੇ ਕਿਹਾ, "ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਅਜਿਹੀ ਵਿਆਪਕ ਸਿਹਤ ਸੰਭਾਲ ਕਵਰੇਜ ਦੇਣ ਵਾਲਾ ਪਹਿਲਾ ਭਾਰਤੀ ਸੂਬਾ ਹੈ, ਜਿਸ ਨੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਂਦੇ ਹੋਏ ਲੋਕਾਂ 'ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਹੈ। ਇਸ ਇਤਿਹਾਸਕ ਕਦਮ ਦਾ ਮਕਸਦ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਸਰਵਵਿਆਪੀ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਹੁਣ ਤੱਕ ਲੋਕ 650 ਕਰੋੜ ਰੁਪਏ ਤੋਂ ਵੱਧ ਦਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ।"
ਪੰਜਾਬ ਦੀ ਭਾਈਚਾਰਕ ਸਾਂਝ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, "ਪੰਜਾਬ ਇੱਕ ਅਜਿਹਾ ਗੁਲਦਸਤਾ ਹੈ ਜਿਸ ਵਿੱਚ ਹਰ ਰੰਗ ਦਾ ਫੁੱਲ ਹੈ ਅਤੇ ਇਸ ਪਵਿੱਤਰ ਧਰਤੀ 'ਤੇ ਹਰ ਕੋਈ ਵਧਦਾ-ਫੁੱਲਦਾ ਹੈ। ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜਿੱਥੇ ਹਰ ਬੀਜ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਨਹੀਂ ਕਿਉਂਕਿ ਸਾਡੀ ਆਪਸੀ ਏਕਤਾ ਬਹੁਤ ਮਜ਼ਬੂਤ ਹੈ। ਪੰਜਾਬ ਵਿੱਚ ਸਾਰੇ ਤਿਉਹਾਰ ਮਿਲ ਕੇ ਮਨਾਏ ਜਾਂਦੇ ਹਨ, ਚਾਹੇ ਰਾਮ ਨੌਮੀ ਹੋਵੇ, ਗੁਰਪੁਰਬ ਹੋਵੇ ਜਾਂ ਈਦ। ਇਸ ਕਾਰਨ ਇੱਥੇ ਭਾਈਚਾਰਕ ਸਾਂਝ ਅਤੇ ਅਖੰਡਤਾ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ।"

ਸੁਨਾਮ ਦੇ ਲੋਕਾਂ ਨੂੰ ਸਮਰਪਿਤ ਵਿਕਾਸ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਮਹਾਨ ਸੁਤੰਤਰਤਾ ਸੰਗਰਾਮੀ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੁਨਾਮ ਦੇ ਲੋਕਾਂ ਨੂੰ 107.78 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸਮਰਪਿਤ ਕੀਤੇ ਗਏ ਹਨ। ਇਹਨਾਂ ਪ੍ਰੋਜੈਕਟਾਂ ਵਿੱਚ ਫੌਜ ਵਿੱਚ ਅਫਸਰ ਬਣਨ ਦੇ ਚਾਹਵਾਨ ਨੌਜਵਾਨਾਂ ਲਈ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਹਾਦਸੇ ਦੇ ਪੀੜਤਾਂ ਲਈ ਟਰੌਮਾ ਸੈਂਟਰ, ਬਲੱਡ ਬੈਂਕ ਅਤੇ ਦਵਾਈਆਂ ਦਾ ਵੇਅਰਹਾਊਸ ਸ਼ਾਮਲ ਹਨ।"

ਉਨ੍ਹਾਂ ਅੱਗੇ ਕਿਹਾ, “ਸੰਤ ਅਤਰ ਸਿੰਘ ਮਹਾਰਾਜ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਪਿੰਡ ਚੀਮਾ ਵਿਖੇ ਰੱਖਿਆ ਗਿਆ ਹੈ। ਇਹ ਪ੍ਰੋਜੈਕਟ 98.68 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ।”

ਇਸ ਸੰਸਥਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸੰਸਥਾ 13.42 ਏਕੜ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਇਸ ਦਾ ਕੁੱਲ ਖੇਤਰਫਲ 2, 62, 542 ਵਰਗ ਫੁੱਟ ਹੈ। ਇਹ ਪੰਜਾਬ, ਖਾਸ ਕਰਕੇ ਮਾਲਵਾ ਖੇਤਰ ਦੇ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਰੀਅਰ ਬਣਾਉਣ ਸਬੰਧੀ ਤਿਆਰੀ ਲਈ ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ ਪ੍ਰਦਾਨ ਕਰੇਗੀ। ਇਹ ਸੰਸਥਾ ਵਿਦਿਆਰਥੀਆਂ ਨੂੰ ਭਾਰਤੀ ਫੌਜ, ਜਲ ਸੈਨਾ, ਹਵਾਈ ਸੈਨਾ ਅਤੇ ਹੋਰ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਤਿਆਰ ਕਰੇਗੀ। ਇਸ ਵਿੱਚ 500 ਕੈਡਿਟਾਂ ਲਈ ਰਿਹਾਇਸ਼ੀ ਸਹੂਲਤ ਉਪਲਬਧ ਹੋਵੇਗੀ ਅਤੇ 250 ਮੁੰਡਿਆਂ ਤੇ 250 ਕੁੜੀਆਂ ਲਈ ਵੱਖਰੇ ਆਧੁਨਿਕ ਹੋਸਟਲ ਬਣਾਏ ਜਾਣਗੇ।”

ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਕੈਂਪਸ ਵਿੱਚ ਸਮਾਰਟ ਡਿਜੀਟਲ ਕਲਾਸਰੂਮ, ਪ੍ਰਬੰਧਕੀ ਬਲਾਕ, ਲਾਇਬ੍ਰੇਰੀ, ਸਟੱਡੀ ਹਾਲ ਅਤੇ 300 ਸੀਟਾਂ ਵਾਲਾ ਆਡੀਟੋਰੀਅਮ ਸ਼ਾਮਲ ਹੋਵੇਗਾ। ਹੋਰਨਾਂ ਸਹੂਲਤਾਂ ਵਿੱਚ ਓਪਨ-ਏਅਰ ਥੀਏਟਰ, ਕੰਟੀਨ ਅਤੇ ਡਾਇਨਿੰਗ ਹਾਲ ਸ਼ਾਮਲ ਹੋਣਗੇ। ਖੇਡ ਬੁਨਿਆਦੀ ਢਾਂਚੇ ਵਿੱਚ ਦੋ ਬਾਸਕਟਬਾਲ ਕੋਰਟ, ਦੋ ਵਾਲੀਬਾਲ ਕੋਰਟ, ਇੱਕ ਸਵੀਮਿੰਗ ਪੂਲ, ਹਾਕੀ ਅਤੇ ਫੁੱਟਬਾਲ ਮੈਦਾਨ, ਸਕੁਐਸ਼ ਕੋਰਟ, ਆਧੁਨਿਕ ਜਿਮਨੇਜ਼ੀਅਮ, ਪਰੇਡ ਮੈਦਾਨ ਅਤੇ ਵਿਸ਼ੇਸ਼ ਸਰੀਰਕ ਸਿਖਲਾਈ ਸਹੂਲਤਾਂ ਸ਼ਾਮਲ ਹੋਣਗੀਆਂ।”

ਮੁੱਖ ਮੰਤਰੀ ਨੇ ਕਿਹਾ, “ਇਹ ਸੰਸਥਾ ਅਨੁਸ਼ਾਸਨ, ਲੀਡਰਸ਼ਿਪ, ਸਰੀਰਕ ਤੰਦਰੁਸਤੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਿਖਲਾਈ ਪ੍ਰਦਾਨ ਕਰੇਗੀ। ਇਹ ਨੌਜਵਾਨਾਂ ਦੀ ਹੁਨਰਮੰਦ, ਅਨੁਸ਼ਾਸਿਤ ਅਤੇ ਦੇਸ਼-ਸੇਵਾ ਪ੍ਰਤੀ ਸਮਰਪਿਤ ਪੀੜ੍ਹੀ ਤਿਆਰ ਕਰਨ ਸਬੰਧੀ ਪੰਜਾਬ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।”
ਟਰਾਮਾ ਸੈਂਟਰ ਬਾਰੇ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੁਨਾਮ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਟਰੌਮਾ ਸੈਂਟਰ ਸਥਾਪਤ ਕੀਤਾ ਗਿਆ ਹੈ। ਇਹ ਪ੍ਰੋਜੈਕਟ 5 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ ਅਤੇ ਇਸ ਦਾ ਮੁੱਖ ਉਦੇਸ਼ ਸੜਕ ਹਾਦਸਿਆਂ ਤੋਂ ਬਾਅਦ 'ਗੋਲਡਨ ਆਵਰ' ਦੌਰਾਨ ਸਮੇਂ ਸਿਰ ਅਤੇ ਮਿਆਰੀ ਇਲਾਜ ਪ੍ਰਦਾਨ ਕਰਨਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।”
ਮੁੱਖ ਮੰਤਰੀ ਨੇ ਕਿਹਾ, “ਇਸ ਸੈਂਟਰ ਵਿੱਚ 10 ਬੈੱਡ ਦੀ ਸਮਰੱਥਾ ਵਾਲੀ ਐਮਰਜੈਂਸੀ ਅਤੇ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ) ਸ਼ਾਮਲ ਹੈ ਅਤੇ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਵਾਲੇ ਮਰੀਜ਼ਾਂ ਲਈ ਦਿਨ-ਰਾਤ ਐਮਰਜੈਂਸੀ ਸੇਵਾਵਾਂ ਉਪਲਬਧ ਹੋਣਗੀਆਂ। ਸੈਂਟਰ ਵਿੱਚ ਵੈਂਟੀਲੇਟਰ, ਆਪ੍ਰੇਸ਼ਨ ਥੀਏਟਰ, ਡਿਜੀਟਲ ਐਕਸ-ਰੇ ਅਤੇ ਸੀਟੀ ਸਕੈਨ ਵਰਗੀਆਂ ਆਧੁਨਿਕ ਸਹੂਲਤਾਂ ਵੀ ਉਪਲੱਬਧ ਹੋਣਗੀਆਂ ਅਤੇ ਹੱਡੀਆਂ ਦੇ ਮਾਹਿਰ, ਸਰਜਨ, ਤਜਰਬੇਕਾਰ ਨਰਸਾਂ ਅਤੇ ਸਿਖਲਾਈ ਪ੍ਰਾਪਤ ਟੈਕਨੀਸ਼ੀਅਨ ਵੀ ਉਪਲਬਧ ਹੋਣਗੇ।”

ਮੈਡੀਸਨ ਵੇਅਰਹਾਊਸ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, “ਸੁਨਾਮ ਵਿੱਚ 3.68 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਸਨ ਵੇਅਰਹਾਊਸ ਸਥਾਪਤ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਸਰਕਾਰੀ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਲਈ ਦਵਾਈਆਂ ਦਾ ਲੋੜੀਂਦਾ ਸਟਾਕ ਅਤੇ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਾ ਹੈ।”

ਉਨ੍ਹਾਂ ਅੱਗੇ ਕਿਹਾ, “ਵੇਅਰਹਾਊਸ ਵਿੱਚ ਇੰਸੁਲਿਨ ਇੰਜੈਕਸ਼ਨਾਂ ਅਤੇ ਹੋਰ ਤਾਪਮਾਨ ਅਧਾਰਿਤ ਸੰਵੇਦਨਸ਼ੀਲ ਦਵਾਈਆਂ ਲਈ ਆਧੁਨਿਕ ਕੋਲਡ ਚੇਨ ਸਿਸਟਮ ਅਤੇ ਕੋਲਡ ਸਟੋਰੇਜ ਸਹੂਲਤਾਂ ਸ਼ਾਮਲ ਹਨ। ਇਹ ਸੰਗਰੂਰ ਜ਼ਿਲ੍ਹੇ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਸਰਕਾਰੀ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਦਵਾਈਆਂ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਏਗਾ। ‘ਆਪ’ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਦਵਾਈਆਂ ਦਾ ਲੋੜੀਂਦਾ ਸਟਾਕ ਬਰਕਰਾਰ ਰੱਖਿਆ ਜਾਵੇਗਾ, ਜਿਸ ਨਾਲ ਮਰੀਜ਼ਾਂ ਲਈ ਸਮੇਂ ਸਿਰ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇਗੀ।”

ਸੁਨਾਮ ਵਿੱਚ ਸਥਾਪਤ ਕੀਤੇ ਗਏ ਬਲੱਡ ਬੈਂਕ ਬਾਰੇ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸੁਨਾਮ ਵਿੱਚ 42.19 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ। ਇਹ ਐਮਰਜੈਂਸੀ ਦੌਰਾਨ ਸੁਰੱਖਿਅਤ ਖੂਨ ਦੀ ਤੁਰੰਤ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਥਾਪਤ ਕੀਤਾ ਗਿਆ ਹੈ। ਇਹ ਬਲੱਡ ਬੈਂਕ ਐਮਰਜੈਂਸੀ ਮਰੀਜ਼ਾਂ, ਸਰਜਰੀਆਂ, ਗਰਭਵਤੀ ਔਰਤਾਂ ਅਤੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਸਮੇਂ ਸਿਰ ਖੂਨ ਦੀ ਸਹਾਇਤਾ ਪ੍ਰਦਾਨ ਕਰੇਗਾ। ਇਸ ਦੀ ਸਟੋਰੇਜ ਸਮਰੱਥਾ 100 ਤੋਂ 150 ਬਲੱਡ ਯੂਨਿਟ ਹੈ। ਇੱਕ ਕੰਪੋਨੈਂਟ ਸੈਪਰੇਟਰ, ਇੱਕ ਸਿੰਗਲ ਯੂਨਿਟ ਖੂਨ ਵਿੱਚੋਂ ਰੈੱਡ ਬਲੱਡ ਸੈੱਲ, ਪਲਾਜ਼ਮਾ ਅਤੇ ਪਲੇਟਲੈਟਸ ਨੂੰ ਵੱਖ-ਵੱਖ ਕਰਦਾ ਹੈ, ਜਿਸ ਨਾਲ ਅਨੇਕਾਂ ਮਰੀਜ਼ਾਂ ਨੂੰ ਲਾਭ ਹੁੰਦਾ ਹੈ।”

ਉਨ੍ਹਾਂ ਅੱਗੇ ਕਿਹਾ, “ਐੱਚ.ਆਈ.ਵੀ., ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ ਅਤੇ ਛੂਤ ਦੀਆਂ ਹੋਰ ਬਿਮਾਰੀਆਂ ਦੀ ਜਾਂਚ ਕਰਕੇ ਖੂਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਆਟੋਮੈਟਿਕ ਟੈਸਟਿੰਗ ਲੈਬਾਰਟਰੀ ਸਥਾਪਤ ਕੀਤੀ ਗਈ ਹੈ। ਬਲੱਡ ਬੈਂਕ ਨਾ ਸਿਰਫ਼ ਸੁਨਾਮ ਸਗੋਂ ਨੇੜੇ-ਤੇੜੇ ਦੇ ਪਿੰਡਾਂ ਅਤੇ ਸਮੁੱਚੇ ਖੇਤਰ ਦੀ ਸੇਵਾ ਕਰੇਗਾ, ਜੋ ਕਿ ਸਿਹਤ ਸੰਭਾਲ ਦੇ ਖੇਤਰ ਵਿੱਚ ਵਰਦਾਨ ਸਾਬਤ ਹੋਵੇਗਾ। ਪੰਜਾਬ ਸਰਕਾਰ ਮਹਾਨ ਕੌਮੀ ਆਗੂਆਂ ਦੀ ਸ਼ਾਨਦਾਰ ਵਿਰਾਸਤ ਨੂੰ ਸਦੀਵੀ ਬਰਕਰਾਰ ਰੱਖਣ ਲਈ ਵਚਨਬੱਧ ਹੈ।”

ਆਪਣੇ ਸੰਬੋਧਨ ਵਿੱਚ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਵੱਲੋਂ ਸੁਨਾਮ ਦੇ ਲੋਕਾਂ ਨੂੰ ਵਿਕਾਸ ਪ੍ਰੋਜੈਕਟਾਂ ਦਾ ਇੰਨਾ ਵੱਡਾ ਪੈਕੇਜ ਸਮਰਪਿਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ, “ਇਹ ਪ੍ਰੋਜੈਕਟ ਸੂਬੇ ਦੀ ਸ਼ਾਨਦਾਰ ਵਿਰਾਸਤ ਅਤੇ ਇਸ ਦੇ ਮਹਾਨ ਨਾਇਕਾਂ ਦੇ ਮਹਾਨ ਵਿਰਸੇ ਨੂੰ ਸੰਭਾਲਣ ਵਿੱਚ ਬਹੁਤ ਸਹਾਈ ਹੋਣਗੇ। ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।”

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੀਕ ਅਤੇ ਸਮੂਹਿਕ ਨਕਲ ਦੀ ਘਟਨਾ ਲਈ ਪ੍ਰਸ਼ਾਸਨ ਜਿੰਮੇਵਾਰ: ਕ੍ਰਾਂਤੀਕਾਰੀ ਕਿਸਾਨ ਯੂਨੀਅਨ

1 ਅਗਸਤ ਨੂੰ ਪੰਜਾਬ ਪਹੁੰਚੇਗੀ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਮਿੱਟੀ ਯਾਤਰਾ, 2 ਅਗਸਤ ਤੋਂ ਸੂਬੇ ਭਰ ਵਿੱਚ ਨਿਕਲਣਗੀਆਂ ਕਲਸ਼ ਯਾਤਰਾਵਾਂ

ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ

ਪੰਜਾਬ ਕਾਂਗਰਸ ਵਿੱਚ ਪੂਰੀ ਏਕਤਾ, ਲੀਡਰਸ਼ਿਪ ਦਾ ਮੁੱਦਾ ਖਤਮ: ਬਘੇਲ

ਐਲ.ਐਮ.ਐਚ.ਪੀ. ਫ਼ੈਲੋਜ਼ ਪੰਜਾਬ ਦੇ ਮਾਨਸਿਕ ਸਿਹਤ ਸੰਭਾਲ ਢਾਂਚੇ ਨੂੰ ਕਰ ਰਹੇ ਹਨ ਮਜ਼ਬੂਤ

ਓ.ਟੀ.ਐਸ-2025 ਨੂੰ ਮਿਲਿਆ ਭਰਵਾਂ ਹੁੰਗਾਰਾ; ਹੁਣ ਤੱਕ 167.23 ਕਰੋੜ ਰੁਪਏ ਜਮ੍ਹਾਂ ਹੋਏ: ਹਰਪਾਲ ਸਿੰਘ ਚੀਮਾ

ਯੁੱਧ ਨਸ਼ਿਆਂ ਵਿਰੁੱਧ" ਦੇ 517ਵੇਂ ਦਿਨ 81 ਨਸ਼ਾ ਤਸਕਰ ਕਾਬੂ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਵਿੱਚ ਘਰੇਲੂ ਅਤੇ ਸਜਾਵਟੀ ਪੇਂਟਾਂ ਨੂੰ ਲੈੱਡ-ਮੁਕਤ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ

ਆਪ ਆਪਣੇ 60 ਤੋਂ ਵੱਧ ਵਿਧਾਇਕਾਂ ਦੀ ਟਿਕਟ ਕੱਟ ਰਹੀ ਹੈ: ਵੜਿੰਗ

ਪੰਜਾਬ ਪੁਲਿਸ ਵੱਲੋਂ ਨਕਲ ਕਰਵਾਉਣ ਵਾਲੇ ਹਰਿਆਣਾ ਅਧਾਰਤ ਗਿਰੋਹ ਦਾ ਪਰਦਾਫਾਸ਼, ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ: ਹਰਜੋਤ ਸਿੰਘ ਬੈਂਸ

 
 
 
 
Subscribe