ਚੰਡੀਗੜ੍ਹ, 12 ਸਤੰਬਰ 2026
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਸਭ ਤੋਂ ਪਹਿਲਾਂ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਜਦੋਂ ਫਸਲਾਂ ਪੱਕਣ ਦਾ ਸਮਾਂ ਨੇੜੇ ਆ ਚੁੱਕਿਆ ਹੈ ਅਤੇ ਝੋਨੇ ਦੀ ਬੱਲੀ ਨਿਸਰਨੀ ਸ਼ੁਰੂ ਹੋ ਗਈ ਹੈ, ਉਦੋਂ ਖੇਤਾਂ 'ਚ ਪਾਣੀ ਖੜ੍ਹਨ ਦੀ ਬਜਾਏ ਜ਼ਮੀਨ ਸੁੱਕ ਕੇ ਪਾਟ ਗਈ ਹੈ। ਮੋਟਰਾਂ ਨਾ ਚੱਲਣ ਕਾਰਨ ਜਿੱਥੇ ਪਾਣੀ ਹੋਣਾ ਚਾਹੀਦਾ ਸੀ ਉੱਥੇ ਸੋਕਾ ਪੈ ਗਿਆ ਹੈ। ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ ਹੈ। ਇਹ ਹਾਲ ਗੁਰੂ ਦੋਖੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਅਤੇ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਹੈ, ਸੰਗਰੂਰ ਜਿਲ੍ਹੇ ਵਿੱਚ ਜਿੱਥੇ ਕਿਸਾਨ ਖੁਦ ਦੱਸ ਰਹੇ ਹਨ ਕਿ ਝੋਨਾ ਸੁੱਕ ਰਿਹਾ ਹੈ। ਕਿਸਾਨ ਤੇਰੇ ਗੱਲਾਂ ਦੇ ਕੜਾਹ ਦਾ ਕੀ ਕਰਨ? ਕਿਸਾਨਾਂ ਨੂੰ ਸਿਰਫ ਹੁਣ ਡੀਜ਼ਲ ਉਪਰ ਨਿਰਭਰ ਹੋਣਾ ਪੇ ਰਿਹਾ ਹੈ ਇਹ ਹਾਲ ਪੰਜਾਬ ਦੇ ਮਾਲਵਾ ਮਾਝਾ ਅਤੇ ਦੁਆਬਾ ਰਿਜਨ ਦਾ ਹੋ ਚੁੱਕਿਆ ਹੈ ਜਿੱਥੇ ਕਿਸਾਨਾਂ ਨੂੰ ਲੰਬੇ ਬਿਜਲੀ ਕਟਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਅਤੇ ਗੁਰੂ ਦੋਖੀ ਕਹਿੰਦਾ ਹੁੰਦਾ ਸੀ ਕਿ ਅੱਠ ਘੰਟੇ ਦਿਨ ਵਿੱਚ ਬਿਜਲੀ ਆਵੇਗੀ ਲੇਕਿਨ ਹੁਣ ਦਿਨ ਤਾਂ ਕੀ ਰਾਤ ਨੂੰ ਵੀ ਬਿਜਲੀ ਨਹੀਂ ਆ ਰਹੀ ਹੈ ਜਿਸ ਨਾਲ ਕਿਸਾਨ ਭਾਰੀ ਪਰੇਸ਼ਾਨੀ ਦੇ ਆਲਮ ਵਿੱਚ ਹਨ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਉਦਯੋਗਾਂ 'ਤੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਇੰਡਸਟਰੀ ਬੰਦ ਕਰਨ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ। ਵੱਡੇ-ਵੱਡੇ ਅਣਐਲਾਨੇ ਕੱਟ ਲਾਏ ਜਾ ਰਹੇ ਹਨ। ਇਸ ਨਾਲ ਮਜ਼ਦੂਰ ਦੀ ਦਿਹਾੜੀ ਅਤੇ ਉਦਯੋਗਪਤੀਆਂ ਦੇ ਕਾਰੋਬਾਰ 'ਤੇ ਡੂੰਘਾ ਅਸਰ ਪੈ ਰਿਹਾ ਹੈ। ਕਿਸਾਨ ਬਿਜਲੀ ਦੀ ਥਾਂ ਮਹਿੰਗੇ ਡੀਜ਼ਲ 'ਤੇ ਟਿਊਬਵੈੱਲ ਚਲਾਉਣ ਲਈ ਮਜਬੂਰ ਹੈ ਅਤੇ ਇੰਡਸਟਰੀ ਵਾਲੇ ਸਿਰਫ਼ ਡੀਜ਼ਲ ਜਨਰੇਟਰਾਂ 'ਤੇ ਨਿਰਭਰ ਹੋ ਗਏ ਹਨ। ਮਜੀਠੀਆ ਨੇ ਕਿਹਾ ਕਿ ਸਰਕਾਰ ਕਹਿੰਦੀ ਸੀ ਕਿ ਬਿਜਲੀ ਝਮੱਕਾ ਵੀ ਨਹੀਂ ਮਾਰੇਗੀ, ਪਰ ਹੁਣ ਝਮੱਕਾ ਤਾਂ ਛੱਡੋ, ਬਿਜਲੀ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਕਦੋਂ ਆਵੇਗੀ ਤੇ ਕਦੋਂ ਜਾਵੇਗੀ। ਪਿੰਡ ਹੋਣ ਜਾਂ ਸ਼ਹਿਰ, ਹਰ ਪਾਸੇ ਪਾਵਰ ਕੱਟ ਹੀ ਪਾਵਰ ਕੱਟ ਹਨ। ਰਾਤ ਨੂੰ ਰੋਸ਼ਨੀ ਦੀ ਥਾਂ ਹਨੇਰਾ ਹੀ ਹਨੇਰਾ ਹੈ। ਲੋਕਾਂ ਦੇ ਘਰਾਂ ਦੇ ਇਨਵਰਟਰ ਵੀ ਜਵਾਬ ਦੇਣ ਲੱਗ ਪਏ ਹਨ, ਕਿਉਂਕਿ ਜਦੋਂ ਬਿਜਲੀ ਹੀ ਨਹੀਂ ਆਉਣੀ ਤਾਂ ਇਨਵਰਟਰ ਚਾਰਜ ਕਿਵੇਂ ਹੋਣਗੇ।
ਉਨ੍ਹਾਂ ਕਿਹਾ ਕਿ ਸੀਐਮ ਕਹਿੰਦਾ ਹੁੰਦਾ ਸੀ ਕਿ ਅਸੀਂ ਆਪਣੀ ਪਛਵਾੜਾ ਕੋਲ ਮਾਈਨ ਚਲਾ ਲਈ ਹੈ, ਕਬਜ਼ਾ ਲੈ ਲਿਆ ਹੈ, ਹੁਣ ਪੰਜਾਬ 'ਚ ਕੋਲੇ ਦੀ ਕੋਈ ਕਮੀ ਨਹੀਂ ਰਹੇਗੀ। ਪਰ ਸੱਚ ਇਹ ਹੈ ਕਿ ਪੰਜਾਬ ਇੱਕ ਵੱਡੇ ਕੋਲਾ ਸੰਕਟ ਵੱਲ ਵੱਧ ਰਿਹਾ ਹੈ। ਇਸੇ ਕਾਰਨ ਥਰਮਲ ਪਲਾਂਟ ਬੰਦ ਹੋਣ ਦੇ ਕੰਢੇ 'ਤੇ ਪਹੁੰਚ ਗਏ ਹਨ। ਨਾਭਾ ਪਾਵਰ ਪਲਾਂਟ (ਰਾਜਪੁਰਾ) ਦਾ 700 MW ਦਾ ਯੂਨਿਟ ਅਤੇ ਤਲਵੰਡੀ ਸਾਬੋ ਦਾ 660 MW ਦਾ ਯੂਨਿਟ ਬੰਦ ਪਿਆ ਹੈ। ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਈ ਥਰਮਲ ਪਲਾਂਟ ਬੰਦ ਹੋ ਸਕਦੇ ਹਨ ਜਿਸ ਸਬੰਧੀ ਸਰਕਾਰ ਨੂੰ ਫੋਰਨ ਤੌਰ ਤੇ ਪ੍ਰਬੰਧ ਕਰਨੇ ਚਾਹੀਦੇ ਹਨ। ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ 'ਚ ਬਿਜਲੀ ਦੀ ਮੰਗ 16800 MW ਤੋ ਪਾਰ ਪਹੁੰਚ ਚੁੱਕੀ ਹੈ, ਜਦਕਿ ਪੈਦਾਵਾਰ ਸਿਰਫ਼ ਕਰੀਬ 4000 MW ਹੋ ਰਹੀ ਹੈ। ਬਾਕੀ 11500 MW ਬਾਹਰੋਂ ਮੰਗ ਕੇ ਵੀ ਪੂਰੀ ਨਹੀਂ ਹੋ ਰਹੀ। ਇਹ ਹੈ ਇਸ ਸਰਕਾਰ ਦੀ ਅਸਲ ਬਿਜਲੀ ਕ੍ਰਾਂਤੀ। ਅੰਤ 'ਚ ਉਨ੍ਹਾਂ ਨੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਨੂੰ ਸਵਾਲ ਕਰਦਿਆਂ ਕਿਹਾ ਕਿ ਸਿਰਫ਼ ਗੱਲਾਂ ਦਾ ਕੜਾਹ ਬੰਦ ਕਰੋ ਤੁਹਾਡਾ, ਕੰਮ ਜ਼ੀਰੋ ਹੈ। ਪੰਜਾਬ ਹਰ ਪਾਸੇ ਹਾਹਾਕਾਰ ਮੱਚੀ ਪਈ ਹੈ। ਗੁਰੂ ਦੋਖੀ ਦੀ ਸਰਕਾਰ ਤੁਰੰਤ White Paper ਜਾਰੀ ਕਰਕੇ ਪੰਜਾਬੀਆ ਨੂੰ ਦੱਸੇ ਕਿ ਪੰਜਾਬ ਵਿੱਚ ਬਿਜਲੀ ਦਾ ਇਹ ਕਾਲਾ ਹਨੇਰਾ ਕਿਉਂ ਹੈ?