ਮੋਹਾਲੀ, 09 ਸਤੰਬਰ 2026: ਬੁੱਧਵਾਰ ਨੂੰ ਮੋਹਾਲੀ ਸੀਆਈਏ ਟੀਮ ਅਤੇ ਸਨੇਟਾ ਪੁਲਿਸ ਚੌਕੀ ਨੇੜੇ ਇੱਕ ਅਪਰਾਧੀ ਵਿਚਾਲੇ ਮੁਕਾਬਲਾ ਹੋਇਆ। ਸੀਆਈਏ ਨੇ ਇੱਕ ਸੂਚਨਾ ਦੇ ਆਧਾਰ 'ਤੇ ਇੱਕ ਸੁੰਨਸਾਨ ਇਲਾਕੇ 'ਚ ਜਾਲ ਵਿਛਾਇਆ ਸੀ।
ਪੁਲਿਸ ਮੁਤਾਬਕ, ਜਦੋਂ ਪੁਲਿਸ ਨੇ ਮੁਲਜ਼ਮ, ਜੋ ਕਿ ਇੱਕ ਆਲਟੋ 'ਚ ਸਵਾਰ ਸੀ, ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਟੀਮ 'ਤੇ ਤਿੰਨ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ 'ਚ, ਮੁਲਜ਼ਮ ਦੀ ਲੱਤ 'ਚ ਗੋਲੀ ਲੱਗੀ। ਜ਼ਖਮੀ ਵਿਅਕਤੀ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਐਸਐਸਪੀ ਵਰੁਣ ਸ਼ਰਮਾ ਨੇ ਮੌਕੇ 'ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ, ਜਿਨ੍ਹਾਂ 'ਚ ਦੋ 9 ਐਮਐਮ ਪਿਸਤੌਲ ਅਤੇ ਇੱਕ ਗਲੌਕ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਨੇ ਗਲੌਕ ਪਿਸਤੌਲ ਦੀ ਬਰਾਮਦਗੀ ਨੂੰ ਗੰਭੀਰ ਦੱਸਿਆ ਅਤੇ ਕਿਹਾ ਕਿ ਹਥਿਆਰ ਦੀ ਬਰਾਮਦਗੀ ਅਤੇ ਇਸਦੇ ਸਰੋਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਦਿੱਤ ਸਿੰਘ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਕੁਝ ਸਮੇਂ ਤੋਂ ਖਰੜ ਖੇਤਰ ਵਿੱਚ ਰਹਿ ਰਿਹਾ ਸੀ। ਗੁਰਦਿੱਤ ਸਿੰਘ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।