ਨਵੀਂ ਦਿੱਲੀ : ਕੇਂਦਰੀ ਘੱਟਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਭਾਰਤ ਅਤੇ ਅਮਰੀਕਾ 'ਚ 'ਸਹਿਣਸ਼ੀਲਤਾ ਦੇ ਡੀ.ਐਨ.ਏ ਦੇ ਗਾਇਬ ਹੋਣ' ਸਬੰਧੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਸਨਿਚਰਵਾਰ ਨੂੰ ਉਨ੍ਹਾਂ ਦੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ''ਜਗੀਰਦਾਰੀ ਫ਼ੋਟੋਫ੍ਰੇਮ 'ਚ ਫਿਕਸ' ਪ੍ਰਵਾਰ ਨੂੰ ਭਾਰਤ ਦਾ ਸਭਿਆਚਾਰ,  ਸੰਸਕਾਰ ਦੇ ਸੰਕਲਪ ਨਾਲ ਭਰੀ ਹੋਈ ਸਹਿਣਸ਼ੀਲਤਾ ਸਮਝ ਵਿਚ ਨਹੀਂ ਆਵੇਗੀ। 
  ''ਜਗੀਰਦਾਰੀ ਫ਼ੋਟੋਫ੍ਰੇਮ 'ਚ ਫਿਕਸ' ਪ੍ਰਵਾਰ ਨੂੰ ਭਾਰਤ ਦੀ ਸਹਿਣਸ਼ੀਲਤਾ ਸਮਝ ਨਹੀਂ ਆਵੇਗੀ : ਨਕਵੀ
   ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਸਾਬਕਾ ਅਮਰੀਕੀ ਸਫੀਰ ਨਿਕੋਲਸ ਬਰਨਸ ਨਾਲ ਡਿਜਿਟਲ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਭਾਰਤ ਸਹਿਣਸ਼ੀਲਤਾ ਤੇ ਖੁੱਲ੍ਹੇਪਣ ਦੇ ਡੀ.ਐਨ.ਏ ਲਈ ਜਾਣੇ ਜਾਂਦੇ ਸਨ ਜੋ ਹੁਣ ਗਾਇਬ ਹੋ ਗਿਆ ਹੈ ਅਤੇ ਵੰਡ ਪੈਦਾ ਕਰਨ ਵਾਲੇ ਖੁਦ ਨੂੰ ਰਾਸ਼ਟਰਵਾਦੀ ਕਹਿ ਰਹੇ ਹਨ। ਨਕਵੀ ਨੇ ਇਸ 'ਤੇ ਪੱਤਰਕਾਰਾਂ ਤੋਂ ਕਿਹਾ,  ''ਭਾਰਤ ਦੇ ਸਹਿਣਸ਼ੀਲਤਾ ਦੇ ਡੀ.ਐਨ.ਏ ਦੇ ਬਦਲਣ ਦਾ ਗਿਆਨ ਦੇਣ ਵਾਲੇ ਕਾਂਗਰਸੀ ਅਗਿਆਨੀਆਂ ਨੂੰ ਸਮਝਣਹ ਹੋਵੇਗਾ ਕਿ ਸਨਾਤਨ ਸਭਿਆਚਾਰ-ਸੰਸਕਾਰ ਹੀ ਭਾਰਤ ਦਾ ਡੀ.ਐਨ.ਏ ਸੀ,  ਹੈ ਅਤੇ ਰਹੇਗਾ। ਦੇਸ਼ ਅਪਣੇ ਸਭਿਆਚਾਰ,  ਸੰਸਕਾਰ,  ਸਹਿਣਸ਼ੀਲਤਾ ਦੇ ਕਿਸੇ ''ਪੋਲੀਟੀਕਲ ਪਾਖੰਡ ਦੀ ਪ੍ਰਯੋਗਸ਼ਾਲਾ'' 'ਚ ਡੀ.ਐਨ.ਏ ਟੈਸਟ ਦਾ ਮੋਹਤਾਜ ਨਹੀਂ ਹੈ।'' 

 ਉਨ੍ਹਾਂ ਕਿਹਾ ਕਿ ਭਾਰਤ ਦੇ ਇਸੇ ਸਭਿਆਚਾਰ-ਸੰਸਕਾਰ-ਸੰਕਲਪ ਨੇ ਇਨੇ ਵੱਡੇ ਦੇਸ਼ ਨੂੰ ''ਅਨੇਕਤਾ ਵਿਚ ਏਕਤਾ'' ਦੇ ਧਾਗੇ ਨਾਲ ਬੰਨ੍ਹਿਆ ਹੋਇਆ ਹੈ।  ਸੀਨੀਅਰ ਭਾਜਪਾ ਆਗੂ ਨਕਵੀ ਮੁਤਾਬਕ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ''ਸੱਭ ਦਾ ਸਾਥ,  ਸੱਭ ਦਾ ਵਿਕਾਸ'' ਦੇ ਸੰਕਲਪ ਨਾਲ ਕੰਮ ਕਰਨ ਵਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ,  ''ਬੋਗਸ ਬੈਸ਼ਿੰਗ ਬ੍ਰਿਗੇਡ'' ਦੀ ਅਸਹਿਣਸ਼ੀਲਤਾ ਦੇ ਸੱਭ ਤੋਂ ਵੱਡੇ ਸ਼ਿਕਾਰ ਰਹੇ ਹਨ। ਉਨ੍ਹਾ ਦੋਸ਼ ਲਾਇਆ ਕਿ ਇਹ ''ਸਾਜਿਸ਼ੀ ਸਿੰਡਿਕੇਟ'' ਦੇਸ਼ ਨੂੰ ਬਦਨਾਮ ਕਰਨ ਲਈ ਪਾਗਲਪਨ ਦੀ ਹੱਦ ਤਕ ਪਹੁੰਚ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ,  ''ਕਾਂਗਰਸ ਆਗੂ ਦੇਸ਼ ਦੀ ਛਵੀ ਖ਼ਰਾਬ ਕਰਨ ਦੀ ਸਾਜ਼ਿਸ 'ਚ ਲੱਗੇ ਹੋਏ ਹਨ। ਕਦੇ ਅਤਿਵਾਦੀਆਂ ਦੇ ਮਾਰੇ ਜਾਣ 'ਤੇ ਸਵਾਲ,  ਕਦੇ ਸਰਜਿਕਲ ਸਟ੍ਰਾਈਕ 'ਤੇ ਹੰਗਾਮਾ,  ਕੋਰੋਨਾ ਨਾਲ ਲੜਾਈ 'ਤੇ ਗੁਮਰਾਹ ਕਰਨਾ ਅਤੇ ਹੁਣ ਦੇਸ਼ ਨੂੰ ਅਸਹੀਣਸ਼ੀਲ ਸਾਬਤ ਕਰਨ ਦੀ ਕੂਟਨੀਤੀ,  ਕਾਂਗਰਸ ਅਤੇ ਉਸ ਦੇ ਆਗੂਆਂ ਵਲੋਂ ਦੇਸ਼ ਦੇ ਸਭਿਆਚਾਰ,  ਸੰਸਕਾਰ,  ਸਰੱਖਿਆ ਤੇ ਸੰਕਲਪ ਦੇ ਪ੍ਰਤੀ ਅਗਿਆਨਤਾ ਦੀ ਸਮਾਪਤੀ ਹੈ।