Sunday, August 03, 2025
 

ਪੰਜਾਬ

ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਦੇ ਘਰ ਸੀਬੀਆਈ ਦਾ ਛਾਪਾ

February 21, 2023 08:58 PM

ਚੰਡੀਗੜ੍ਹ: ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਦੇ ਘਰ ਅੱਜ ਸੀਬੀਆਈ ਨੇ ਛਾਪਾ ਮਾਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਸਤਨਾਮ ਸਿੰਘ ਅਤੇ ਉਸ ਦੇ ਪਰਿਵਾਰ ਤੋਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪੁੱਛਗਿੱਛ ਕੀਤੀ। ਸ਼ਾਮ 4 ਵਜੇ ਸੀਬੀਆਈ ਦੀ ਛਾਪੇਮਾਰੀ ਖ਼ਤਮ ਹੋਣ ਤੋਂ ਬਾਅਦ ਸਤਨਾਮ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  

 ਸਤਨਾਮ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਰਿਵਾਰ ਵਿਚੋਂ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਘਰ ਦੇ ਅੰਦਰ ਜਾਣ ਦਿੱਤਾ ਗਿਆ। ਸੀਬੀਆਈ ਅਧਿਕਾਰੀਆਂ ਨੇ ਉਹਨਾਂ ਤੋਂ ਸਵਾਮੀਨਾਥਨ ਰਿਪੋਰਟ ਬਾਰੇ ਵੀ ਪੁੱਛਗਿੱਛ ਕੀਤੀ। ਦਰਅਸਲ ਸਤਨਾਮ ਸਿੰਘ ਨੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੋਇਆ ਹੈ।

ਸਤਨਾਮ ਸਿੰਘ ਨੇ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ। ਕਿਸਾਨ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ। ਉਹਨਾਂ ਕਿਹਾ ਕਿ 20 ਮਾਰਚ ਨੂੰ ਉਹਨਾਂ ਦੀ ਜਥੇਬੰਦੀ ਅਤੇ ਹੋਰ ਕਿਸਾਨ ਯੂਨੀਅਨਾਂ ਨੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੰਭਵ ਹੈ ਕਿ ਮੋਦੀ ਸਰਕਾਰ ਇਸ ਵਿਰੋਧ ਤੋਂ ਪਹਿਲਾਂ ਸੀਬੀਆਈ ਜ਼ਰੀਏ  ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ ਪਰ ਕਾਮਯਾਬ ਨਹੀਂ ਹੋ ਸਕੇਗੀ।

ਇਸ ਤੋਂ ਇਲਾਵਾ ਸੀਬੀਆਈ ਦੀ ਟੀਮ ਵਲੋਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦੇ ਟਿਕਾਣਿਆਂ ਉੱਤੇ ਵੀ ਛਾਪੇਮਾਰੀ ਕੀਤੀ ਗਈ। ਉਹਨਾਂ ਦੱਸਿਆ ਕਿ ਅਧਿਕਾਰੀਆਂ ਨੇ ਉਹਨਾਂ ਦੇ ਘਰ ਵਿਚ ਬੈਂਕ  ਐਕਾਊਂਟ, ਖਾਲੀ ਚੈੱਕ ਬੁੱਕ, ਜਾਇਦਾਦ ਨਾਲ ਜੁੜੇ ਦਸਤਾਵੇਜ਼, ਬੈਂਕ ਐਕਾਊਂਟ ਦੀਆਂ ਕਾਪੀਆਂ ਦੀ ਜਾਂਚ ਕੀਤੀ। ਉਹਨਾਂ ਦੇ ਪੈਟਰੋਲ ਪੰਪ, ਜੱਦੀ ਪਿੰਡ ਲੱਖੋਵਾਲ ਸਥਿਤ ਰਿਹਾਇਸ਼ ਅਤੇ ਮੁਹਾਲੀ ਸਥਿਤ ਰਿਹਾਇਸ਼ ਵਿਖੇ ਛਾਪੇਮਾਰੀ ਕੀਤੀ ਗਈ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਜਦੋਂ ਸੀਬੀਆਈ ਦੀ ਰੇਡ ਹੋਈ ਉਹ ਘਰ ਵਿਚ ਮੌਜੂਦ ਨਹੀਂ ਸਨ। ਲੱਖੋਵਾਲ ਨੇ ਕਿਹਾ ਕਿਸਾਨ ਮੋਰਚੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਸਮਰਥਨ ਕਰਨ ਦੇ ਚਲਦਿਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

 

Have something to say? Post your comment

 
 
 
 
 
Subscribe