Sunday, August 03, 2025
 

ਪੰਜਾਬ

ਪੰਜਾਬੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਾਰਨਾਮਾ

January 17, 2023 10:38 AM

ਨਿੰਮ ਦੀਆਂ ਨਮੋਲੀਆਂ ’ਚੋਂ ਕੱਢਿਆ ਡੀਜ਼ਲਨੁਮਾ ਈਂਧਣ 

ਨਿੰਮ, ਮਹੂਆ, ਕਰੰਜਾ, ਪੋਂਗਮੀਆ, ਜਟਰੋਫਾ, ਸਾਲ ਆਦਿ ਜਿਹੇ ਰੁੱਖਾਂ ਦੇ ਫਲ਼ਾਂ ’ਚ ਇਸ ਪੱਖੋਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ

ਨਿੰਮ ਦੀਆਂ ਨਮੋਲੀਆਂ ’ਚੋਂ ਨਿਕਲਦਾ ਤੇਲ ਕਿਸ ਤਰੀਕੇ ਨਾਲ ਡੀਜ਼ਲ ਵਾਂਗ ਕੰਮ ਕਰ ਸਕਦਾ ਹੈ, ਇਸ ਨੁਕਤੇ ਨੂੰ ਸਮਝਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ ਇਕ ਖੋਜ ਕੀਤੀ ਗਈ ਹੈ। ਖੋਜਾਰਥੀ ਮਯੰਕ ਛਾਬੜਾ ਵੱਲੋਂ ਨਿਗਰਾਨ ਪ੍ਰੋ. ਬਲਰਾਜ ਸਿੰਘ ਸੈਣੀ ਅਤੇ ਸਹਿ-ਨਿਗਰਾਨ ਡਾ. ਗੌਰਵ ਦਿਵੇਦੀ ਦੀ ਅਗਵਾਈ ’ਚੋਂ ਨਿੰਮ ਬਾਇਓ ਡੀਜ਼ਲ ਦਾ ਉਤਪਾਦਨ ਅਤੇ ਅਨੁਕੂਲ ਵਿਸ਼ੇ ’ਤੇ ਕੀਤੇ ਗਏ ਇਸ ਖੋਜ ਕਾਰਜ ’ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਿੰਮ ਦੀਆਂ ਨਮੋਲੀਆਂ ’ਚੋਂ ਨਿਕਲਣ ਵਾਲਾ ਤੇਲ ਕਿਸ ਤਰੀਕੇ ਨਾਲ ਅਤੇ ਕਿੰਨੇ ਕੁ ਢੁਕਵੇਂ ਤਰੀਕੇ ਨਾਲ ਡੀਜ਼ਲ ਵਾਂਗ ਈਂਧਣ ਵਜੋਂ ਕਾਰਗਰ ਸਾਬਿਤ ਹੋ ਸਕਦਾ ਹੈ।

ਖੋਜ ਨਿਗਰਾਨ ਡਾ. ਬਲਰਾਜ ਸਿੰਘ ਸੈਣੀ ਨੇ ਇਸ ਖੋਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਾਹਨਾਂ ’ਚ ਵਰਤਿਆ ਜਾਂਦਾ ਡੀਜ਼ਲ ਤੇਲ ਧਰਤੀ ’ਚੋਂ ਨਿਕਲਣ ਵਾਲੇ ਖਣਿਜ ਤੇਲ ਨੂੰ ਸੋਧ ਕੇ ਬਣਾਇਆ ਜਾਂਦਾ ਹੈ, ਜੋ ਕਿ ਇਕ ਨਾ ਨਵਿਆਉਣਯੋਗ ਸੋਮਾ ਹੈ। ਭਾਵ ਕਦੇ ਨਾ ਕਦੇ ਖ਼ਤਮ ਹੋ ਜਾਣਾ ਹੈ। ਇਸ ਲਈ ਅੱਜਕਲ ਕੁਝ ਦਰੱਖ਼ਤਾਂ ਤੋਂ ਪੈਦਾ ਹੋਣ ਵਾਲੇ ਬਾਇਓ ਤੇਲ ਨੂੰ ਸੋਧ ਕੇ ਇਸ ’ਚ ਡੀਜ਼ਲ ਜਿੰਨੀ ਸਮਰੱਥਾ ਪੈਦਾ ਕੀਤੇ ਜਾਣ ਦੀ ਦਿਸ਼ਾ ’ਚ ਖੋਜ ਦੀ ਬਹੁਤ ਲੋੜ ਹੈ।

ਉਨ੍ਹਾਂ ਦੱਸਿਆ ਕਿ ਨਿੰਮ, ਮਹੂਆ, ਕਰੰਜਾ, ਪੋਂਗਮੀਆ, ਜਟਰੋਫਾ, ਸਾਲ ਆਦਿ ਜਿਹੇ ਰੁੱਖਾਂ ਦੇ ਫਲ਼ਾਂ ’ਚ ਇਸ ਪੱਖੋਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਤਾਜ਼ਾ ਖੋਜ ’ਚ ਨਿੰਮ ਦੇ ਫਲ ਨਮੋਲੀ ’ਚੋਂ ਨਿਕਲਣ ਵਾਲੇ ਤੇਲ ਨੂੰ ਸੋਧ ਕੇ ਅਜਿਹਾ ਡੀਜ਼ਲਨੁਮਾ ਈਂਧਣ ਬਣਾਇਆ ਗਿਆ।

ਫਿਰ ਇਸ ਪੈਦਾ ਕੀਤੇ ਗਏ ਤੇਲ ਵਿਚਲੀਆਂ ਵੱਖ-ਵੱਖ ਸੰਭਾਵਨਾਵਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਸਿੱਟੇ ਕੱਢੇ ਗਏ ਕਿ ਉਹ ਕਿਸ ਤਰੀਕੇ ਅਤੇ ਕਿੰਨੀ ਕੁ ਸਮਰੱਥਾ ਨਾਲ ਵਾਹਨ ਇੰਜਣਾਂ ’ਚ ਸਮਰੱਥ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖਣਿਜ ਤੇਲਾਂ ਦੀ ਵਰਤੋਂ ਦਾ ਇਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਢੰਗਾਂ ਅਤੇ ਵਿਧੀਆਂ ਰਾਹੀਂ ਧਰਤੀ ਦੀਆਂ ਅੰਦਰੂਨੀ ਪਰਤਾਂ ’ਚ ਫਸੀ ਹੋਈ ਬਹੁਤ ਸਾਰੀ ਕਾਰਬਨਡਾਈਆਕਸਾਈਡ ਵੀ ਵਾਤਾਵਰਣ ’ਚ ਸ਼ਾਮਿਲ ਹੋ ਜਾਂਦੀ ਹੈ। ਅਜਿਹਾ ਹੋਣ ਨਾਲ ਧਰਤੀ ਦੇ ਵਾਤਾਵਰਣ ’ਚ ਕਾਰਬਨਡਾਈਆਕਸਾਈਡ ਦੀ ਮਾਤਰਾ ਲਗਾਤਾਰ ਵਧ ਰਹੀ ਹੈ ਅਤੇ ਗਲੋਬਲ ਵਾਰਮਿੰਗ ਜਿਹੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਖੋਜਾਰਥੀ ਮਯੰਕ ਛਾਬੜਾ ਵੱਲੋਂ ਦੱਸਿਆ ਗਿਆ ਕਿ ਖੋਜ ਦੌਰਾਨ ਨਮੋਲੀਆਂ ’ਚੋਂ ਪੈਦਾ ਕੀਤੇ ਗਏ ਤੇਲ ਨੂੰ ਅਧਾਰ ਬਣਾ ਕੇ ਬਹੁਤ ਸਾਰੇ ਪ੍ਰਯੋਗ ਕੀਤੇ ਗਏ ਜਿਨ੍ਹਾਂ ਦੇ ਆਧਾਰ ’ਤੇ ਇਸ ਤੇਲ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਸਾਹਮਣੇ ਆਈਆਂ ਅਤੇ ਸਿੱਧ ਹੋਇਆ ਕਿ ਇਸ ਦੇ ਇਕ ਵਿਸ਼ੇਸ਼ ਮਿਸ਼ਰਣ ਨੂੰ ਆਮ ਵਰਤੋਂ ਵਾਲ਼ੇ ਡੀਜ਼ਲ ਤੇਲ ’ਚ ਰਲ਼ਾਅ ਕੇ ਵਰਤਿਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਕ ਵਿਆਪਕ ਪ੍ਰਯੋਗਤਾਮਕ ਜਾਂਚ ਦੌਰਾਨ ਇਹ ਸਿੱਧ ਹੋਇਆ ਹੈ ਕਿ ਮੋਟਰ ਵਾਹਨਾਂ ਦੇ ਇੰਜਣ ਲਈ ਇਹ ਮਿਸ਼ਰਣ ਇਕ ਢੁੱਕਵਾਂ ਸਾਬਿਤ ਹੋ ਸਕਦਾ ਹੈ, ਜਿਸ ਨਾਲ ਇੰਜਣ ’ਚ ਕੋਈ ਵਿਗਾੜ ਪੈਦਾ ਨਹੀਂ ਹੁੰਦਾ। ਇਸ ਆਧਾਰ ’ਤੇ ਨਿੰਮ ਦੇ ਤੇਲ ਦੇ ਅਜਿਹੇ ਵਿਸ਼ੇਸ਼ ਮਿਸ਼ਰਣਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜੋ ਖਣਿਜ ਤੇਲ ਨਾਲ ਮਿਲ ਕੇ ਇਕ ਸਮਰੱਥ ਈਂਧਣ ਬਣ ਸਕਣ ਦੀਆਂ ਸੰਭਾਵਨਾਵਾਂ ਨੂੰ ਯਕੀਨੀ ਬਣਾਉਂਦੇ ਹਨ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਉਸ ਦੇ ਨਿਗਰਾਨ ਅਤੇ ਸਹਿ-ਨਿਗਰਾਨ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਪ੍ਰੋ. ਅਰਵਿੰਦ ਵੱਲੋਂ ਕਿਹਾ ਗਿਆ ਕਿ ਅਜਿਹੀਆਂ ਖੋਜਾਂ ਪੰਜਾਬੀ ਯੂਨੀਵਰਸਿਟੀ ਨੂੰ ਦੇਸ਼ ਅਤੇ ਦੁਨੀਆਂ ਦੇ ਨਕਸ਼ੇ ’ਤੇ ਇਕ ਵੱਖਰੀ ਪਛਾਣ ਪੈਦਾ ਕਰਨ ’ਚ ਯੋਗਦਾਨ ਪਾਉਣਗੀਆਂ।

 

Have something to say? Post your comment

 
 
 
 
 
Subscribe