Monday, August 04, 2025
 

ਪੰਜਾਬ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਚੌਥਾ ਦਿਨ : CM ਭਗਵੰਤ ਮਾਨ ਨੇ ਕਹੀ ਵੱਡੀ ਗੱਲ

June 28, 2022 11:46 AM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਫੌਜ ਦੀ ਭਰਤੀ ਦੀ ਅਗਨੀਪੱਥ ਸਕੀਮ ਦਾ ਮੁੱਦਾ ਗੂੰਜਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਗਨੀਪੱਥ ਸਕੀਮ ਸੂਬੇ ਦੇ ਨੌਜਵਾਨਾਂ ਦੇ ਹਿੱਤਾਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਵਿੱਚ ਪੰਜਾਬੀ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ।

ਇਸ 'ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਭਾਵਨਾਤਮਕ ਮੁੱਦਾ ਹੈ। ਸਾਢੇ 17 ਸਾਲ ਦਾ ਬੱਚਾ 21 ਸਾਲ ਵਿੱਚ ਰਿਟਾਇਰ ਹੋ ਜਾਵੇਗਾ। ਫਿਰ ਉਹ ਆਪਣੇ ਆਪ ਨੂੰ ਸਾਬਕਾ ਫੌਜੀ ਵੀ ਨਹੀਂ ਲਿਖ ਸਕਦਾ। ਉਸ ਨੂੰ ਕੰਟੀਨ ਦਾ ਲਾਭ ਵੀ ਨਹੀਂ ਮਿਲੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕਾਨੂੰਨ ਦੇ ਖਿਲਾਫ ਹੈ। ਮਾਨ ਨੇ ਕਿਹਾ ਕਿ ਦੋ ਮਹੀਨੇ ਦੀ ਟ੍ਰੇਨਿੰਗ ਦੇ ਬਾਅਦ ਵੀ ਨੌਜਵਾਨਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ 'ਤੇ ਯਕੀਨੀ ਤੌਰ 'ਤੇ ਪ੍ਰਸਤਾਵ ਆਏਗਾ। ਇਸ ਨੂੰ ਲੈ ਕੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਹੰਗਾਮਾ ਕੀਤਾ।

ਇਸ ਦੇ ਨਾਲ ਹੀ ਵਿਧਾਨ ਸਭਾ ਸੈਸ਼ਨ `ਚ ਹੋਰ ਵੀ ਕਈ ਮੁੱਦੇ ਉਠਾਏ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਹਾਰੇ ਉਮੀਦਵਾਰਾਂ ਦੀ ਸਿਫ਼ਾਰਸ਼ 'ਤੇ ਗ੍ਰਾਂਟ ਨਹੀਂ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਸੀ ਤਾਂ ਉਦੋਂ ਸਰਕਾਰਾਂ ‘ਪੰਜਾਬ ਨਿਰਮਾਣ ਪ੍ਰੋਗਰਾਮ’ ਦੀ ਗਰਾਂਟ ਵੀ ਹਾਰੇ ਉਮੀਦਵਾਰਾਂ ਦੀ ਸਿਫ਼ਾਰਸ਼ ’ਤੇ ਵੰਡਦੀਆਂ ਸਨ ਪਰ ਹੁਣ ਰੀਤ ਬਦਲੀ ਜਾਵੇਗੀ।


ਦੱਸ ਦਈਏ ਕਿ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲਦੀ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਤਰਜ਼ ’ਤੇ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਅਖ਼ਤਿਆਰੀ ਕੋਟੇ ਦੀ ਗਰਾਂਟ ਦੇਣ ਦੀ ਕੋਈ ਤਜਵੀਜ਼ ਨਹੀਂ ਹੈ।

ਇਸੇ ਤਰ੍ਹਾਂ ਊਰਜਾ ਮੰਤਰੀ ਹਰਭਜਨ ਸਿੰਘ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਖੇਤੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਵਾਰਸਾਂ ਦੇ ਨਾਮ ਤਬਦੀਲ ਕਰਨ ਦੀ ਵਿਧੀ ਸਰਲ ਕੀਤੀ ਜਾਵੇਗੀ। ਵਿਧਾਇਕ ਨਰਿੰਦਰ ਕੌਰ ਭਰਾਜ ਦੇ ਸਵਾਲ ’ਤੇ ਬਿਜਲੀ ਮੰਤਰੀ ਨੇ ਦੱਸਿਆ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਖੇਤੀ ਕੁਨੈਕਸ਼ਨਾਂ ਦੇ ਖ਼ਪਤਕਾਰਾਂ ਨੇ ਵਾਰਸਾਂ ਦੇ ਨਾਮ ਤਬਦੀਲ ਕਰਵਾਉਣ ਲਈ 31, 801 ਦਰਖ਼ਾਸਤਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 31, 791 ਕੁਨੈਕਸ਼ਨ ਵਾਰਸਾਂ ਦੇ ਨਾਮ ਕਰ ਦਿੱਤੇ ਗਏ ਹਨ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਦੌਰਾਨ ਟਿਊਬਵੈੱਲ ਕੁਨੈਕਸ਼ਨ ਦੇ ਰੂਪ ਵਿੱਚ ਕੁੱਲ 272 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ।

 

Have something to say? Post your comment

 
 
 
 
 
Subscribe