Monday, August 04, 2025
 

ਪੰਜਾਬ

ਪੰਜਾਬ ਵਿਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ

May 24, 2022 12:42 PM

ਚੰਡੀਗੜ੍ਹ - ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕਾਂ ਤੋਂ ਬਾਅਦ ਦਿੱਲੀ ਮਾਡਲ ਦੀ ਤਰਜ਼ 'ਤੇ ਪੰਜਾਬ ਵਿਚ ਵੀ ਸਮਾਰਟ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਹੁਣ ਤੱਕ 100 ਖੇਤਰਾਂ ਦੀ ਪਛਾਣ ਕੀਤੀ ਹੈ।

ਬਜਟ ਰਾਹੀਂ 117 ਵਿਧਾਨ ਸਭਾ ਹਲਕਿਆਂ ਵਿਚ ਜਿੱਥੇ ਇਹ ਸਮਾਰਟ ਸਕੂਲ ਖੋਲ੍ਹੇ ਜਾਣੇ ਹਨ, ਉਸ ਸਥਾਨ ਦੀ ਨਿਸ਼ਾਨਦੇਹੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਸੂਬੇ ਵਿਚ ਅਜਿਹੇ ਸਮਾਰਟ ਸਕੂਲਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕੀਤਾ ਜਾਵੇਗਾ, ਜਿਨ੍ਹਾਂ ਵਿਚ ਸਮਾਰਟ ਕਲਾਸਰੂਮ ਹੋਣਗੇ। ਇਸ ਪ੍ਰੋਜੈਕਟ ਵਿਚ ਇੱਕ ਤੋਂ ਬਾਅਦ ਇੱਕ ਸਾਰੇ ਸਰਕਾਰੀ ਸਕੂਲਾਂ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸਬੰਧੀ ਟੀਮ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਜੈਕਟ ਤਹਿਤ ਸਮਾਰਟ ਸਕੂਲ ਸਮਾਰਟ ਕਲਾਸਰੂਮਾਂ ਨਾਲ ਤਿਆਰ ਕੀਤੇ ਜਾਣਗੇ। ਇਨ੍ਹਾਂ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਸਬੰਧੀ ਇਸ ਸਾਲ ਤੋਂ ਹੀ ਇਹ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ।

ਸਮਾਰਟ ਕਲਾਸਰੂਮਾਂ ਵਿਚ ਡਿਜੀਟਲ ਬੋਰਡ, ਵੱਡੇ ਟੇਬਲ, ਨਵੀਂ ਲੈਬ, ਬਿਹਤਰ ਅਤੇ ਆਧੁਨਿਕ ਲਾਇਬ੍ਰੇਰੀਆਂ, ਵਧੀਆ ਸਿਖਲਾਈ ਪ੍ਰਾਪਤ ਅਧਿਆਪਕ ਹੋਣਗੇ। ਇਸ ਦੇ ਨਾਲ ਹੀ ਸਕੂਲ ਵਿਚ ਇਨਡੋਰ-ਆਊਟਡੋਰ ਖੇਡਾਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਾਫ਼-ਸੁਥਰੇ ਕਲਾਸਰੂਮ ਅਤੇ ਹੋਰ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅਪੰਗ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਵੀ ਹੋਣਗੀਆਂ ਤਾਂ ਜੋ ਉਹ ਆਪਣੀ ਪੜ੍ਹਾਈ ਵੀ ਵਧੀਆ ਤਰੀਕੇ ਨਾਲ ਪੂਰੀ ਕਰ ਸਕਣ।

ਇਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਸਮਾਰਟ ਸਕੂਲ ਸਮਾਰਟ ਕਲਾਸਰੂਮ ਪ੍ਰੋਜੈਕਟ 'ਤੇ ਕਾਹਲੀ ਕਰਨ ਦੀ ਬਜਾਏ, ਅਸੀਂ ਪੂਰੀ ਯੋਜਨਾਬੰਦੀ ਨਾਲ ਸ਼ੁਰੂਆਤ ਕਰਨਾ ਚਾਹੁੰਦੇ ਹਾਂ। ਇਸ ਪ੍ਰਾਜੈਕਟ ਲਈ ਸਭ ਤੋਂ ਪਹਿਲਾਂ ਫੰਡਾਂ ਦੀ ਲੋੜ ਹੈ ਅਤੇ ਇਸ ਲਈ ਬਜਟ ਵਿਚ ਵਿਵਸਥਾ ਕੀਤੀ ਜਾ ਰਹੀ ਹੈ। 'ਆਪ' ਸਰਕਾਰ ਦੇ ਇਸ ਫਲੈਗਸ਼ਿਪ ਪ੍ਰੋਜੈਕਟ ਨੂੰ ਅਗਲੇ ਮਹੀਨੇ ਦੇ ਬਜਟ 'ਚ ਇਸ ਸਬੰਧ 'ਚ ਨਿਸ਼ਚਿਤ ਰਾਸ਼ੀ ਅਲਾਟ ਕਰਕੇ ਸ਼ੁਰੂ ਕੀਤਾ ਜਾਵੇਗਾ। 

 

Have something to say? Post your comment

 
 
 
 
 
Subscribe