ਸੋਲਨ : ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਛੇ ਹੋਰ ਮੌਤਾਂ ਹੋਈਆਂ ਹਨ।ਇਨ੍ਹਾਂ ਵਿਚੋਂ ਦੋ ਮੌਤਾਂ ਆਈਜੀਐੱਮਸੀ ਸ਼ਿਮਲਾ,  ਦੋ ਮੌਤਾਂ ਨੇਰਚੌਕ ਮੈਡੀਕਲ ਕਾਲਜ ਅਤੇ ਇੱਕ-ਇੱਕ ਮੌਤ ਸੋਲਨ ਅਤੇ ਕਾਂਗੜਾ ਵਿੱਚ ਹੋਈ ਹੈ। ਸ਼ਿਮਲਾ ਆਈਜੀਐੱਮਸੀ ਹਸਪਤਾਲ ਵਿੱਚ 62 ਸਾਲ ਦੀ ਔਰਤ ਅਤੇ 70 ਸਾਲ ਦੀ ਔਰਤ ਦੀ ਮੌਤ ਹੋਈ ਹੈ। ਸੋਲਨ ਵਿੱਚ 38 ਸਾਲ ਦੇ ਆਦਮੀ ਨੇ ਦਮ ਤੋੜ ਦਿੱਤਾ ਹੈ,  ਜੋ ਸੋਲਨ ਦੇ ਪਆਬੋਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਨੇਰਚੌਕ ਮੈਡੀਕਲ ਕਾਲਜ ਵਿੱਚ ਬਿਲਾਸਪੁਰ ਦੇ 79 ਸਾਲ ਦਾ ਅਤੇ ਨਾਦੌਨ ਦੇ 68 ਸਾਲ ਦੇ ਮਰੀਜ਼ ਦੀ ਮੌਤ ਹੋਈ ਹੈ। ਕਾਂਗੜਾ ਵਿੱਚ ਵੀ 57 ਸਾਲ ਦੇ ਮਰੀਜ਼ ਨੇ ਦਮ ਤੋੜਿਆ ਹੈ। ਇਸ ਦੇ ਨਾਲ ਸੂਬੇ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 907 ਹੋ ਗਈ ਹੈ। ਇਸ ਦੇ ਇਲਾਵਾ ਐਤਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 158 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ 30 ਮਾਮਲੇ ਜ਼ਿਲ੍ਹਾ ਮੰਡੀ ਵਿੱਚ ਸਾਹਮਣੇ ਆਏ ਹਨ। 
ਇਸ ਤੋਂ ਇਲਾਵਾ ਸੋਲਨ ਵਿੱਚ 25,  ਕਾਂਗੜਾ ਵਿੱਚ 18,  ਸ਼ਿਮਲਾ ਵਿੱਚ 17,  ਚੰਬਾ ਵਿੱਚ 16,  ਊਨਾ ਵਿੱਚ 15,  ਹਮੀਰਪੁਰ ਵਿੱਚ 11,  ਕੁੱਲੂ ਵਿੱਚ 10,  ਬਿਲਾਸਪੁਰ ਵਿੱਚ ਅੱਠ,  ਸਿਰਮੌਰ ਵਿੱਚ 6 ਅਤੇ ਕਿੰਨੌਰ ਵਿੱਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ ਹੁਣ 54438 ਤੱਕ ਪਹੁੰਚ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਐਤਵਾਰ ਨੂੰ 610 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਅਤੇ ਸੂਬੇ ਵਿੱਚ ਹੁਣ ਤੱਕ ਠੀਕ ਹੋਣ ਵਾਲੀਆਂ ਦੀ ਗਿਣਤੀ 49650 ਹੋ ਗਈ ਹੈ। ਹਾਲਾਂਕਿ ਇਸ ਦੇ ਬਾਵਜੂਦ ਸੂਬੇ ਵਿੱਚ ਹੁਣ ਵੀ ਕੋਰੋਨਾ ਦੇ 3834 ਐਕਟਿਵ ਮਰੀਜ਼ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਕੋਰੋਨਾ ਸੰਕਰਮਣ ਦੀ ਜਾਂਚ ਲਈ ਐਤਵਾਰ ਨੂੰ 6194 ਸੈਂਪਲ ਭੇਜੇ ਗਏ ਸਨ। ਇਨ੍ਹਾਂ ਵਿਚੋਂ ਖਬਰ ਲਿਖੇ ਜਾਣ ਤੱਕ 5180 ਸੈਂਪਲਸ ਦੀ ਰਿਪੋਰਟ ਨੈਗੇਟਿਵ ਆਈ ਸੀ,  ਜਦਕਿ 97 ਸੈਂਪਲਸ ਦੀ ਪੌਜ਼ਿਟਿਵ। ਇਸ ਦੇ ਇਲਾਵਾ 917 ਸੈਂਪਲਸ ਦੀ ਰਿਪੋਰਟ ਆਉਣੀ ਬਾਕੀ ਸੀ। ਐਤਵਾਰ ਨੂੰ ਮਿਲੇ ਬਾਕੀ ਪੌਜ਼ਿਟਿਵ ਸ਼ਨੀਵਾਰ ਦੇ ਬਾਕੀ ਸੈਂਪਲਸ ਦੀ ਜਾਂਚ ਵਿੱਚੋਂ ਹਨ।