ਵਾਸ਼ਿੰਗਟਨ, 9 ਅਕਤੂਬਰ, 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਵਿਗਿਆਨਕ ਅਤੇ ਤਕਨਾਲੋਜੀ ਸਨਮਾਨ 'ਨੈਸ਼ਨਲ ਮੈਡਲ ਆਫ਼ ਸਾਇੰਸ' (National Medal of Science) ਨਾਲ ਸਨਮਾਨਿਤ ਕੀਤਾ ਹੈ। ਵਾਸ਼ਿੰਗਟਨ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਟਰੰਪ ਨੇ ਮਸਕ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ "ਅੱਜ ਦੇ ਯੁੱਗ ਦਾ ਥਾਮਸ ਐਡੀਸਨ" ਕਰਾਰ ਦਿੱਤਾ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਐਲੋਨ ਮਸਕ ਨੇ ਸਪੇਸਐਕਸ, ਟੈਸਲਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਰਗੇ ਖੇਤਰਾਂ ਵਿੱਚ ਨਵੀਨਤਾ ਲਿਆ ਕੇ ਨਾ ਸਿਰਫ਼ ਅਮਰੀਕਾ ਸਗੋਂ ਪੂਰੀ ਦੁਨੀਆ ਦੀ ਤਕਨਾਲੋਜੀ ਦੀ ਦਿਸ਼ਾ ਬਦਲੀ ਹੈ। ਟਰੰਪ ਨੇ ਮਸਕ ਨੂੰ ਅਮਰੀਕੀ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਵਾਲਾ ਮਹਾਨ ਤਕਨਾਲੋਜੀ ਸੰਸਥਾਪਕ ਦੱਸਿਆ।
ਇਸ ਸਮਾਰੋਹ ਦੌਰਾਨ ਐਲੋਨ ਮਸਕ ਤੋਂ ਇਲਾਵਾ ਐਨਵੀਡੀਆ (Nvidia) ਦੇ ਸੀਈਓ ਜੇਨਸਨ ਹੁਆਂਗ, ਡੈੱਲ ਟੈਕਨਾਲੋਜੀ ਦੇ ਸੀਈਓ ਮਾਈਕਲ ਡੈੱਲ ਅਤੇ ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਸਮੇਤ ਹੋਰ ਦਿੱਗਜ ਤਕਨਾਲੋਜੀ ਲੀਡਰਾਂ ਨੂੰ ਵੀ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। 'ਨੈਸ਼ਨਲ ਮੈਡਲ ਆਫ਼ ਸਾਇੰਸ' ਅਮਰੀਕੀ ਕਾਂਗਰਸ ਵੱਲੋਂ 1959 ਵਿੱਚ ਸਥਾਪਿਤ ਕੀਤਾ ਗਿਆ ਸੀ, ਜੋ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਦਿੱਤਾ ਜਾਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ।