ਪੰਜਾਬ, 26 ਅਗਸਤ 2026: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਸਰਕਾਰ ਦੇ ਦੋ IAS ਅਧਿਕਾਰੀਆਂ ਨੂੰ ਸੰਮਨ ਭੇਜੇ ਹਨ। ਈਡੀ ਨੇ 31 ਅਗਸਤ ਨੂੰ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ 27 ਅਗਸਤ ਨੂੰ IAS ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਨਵੇਂ ਸੰਮਨ ਜਾਰੀ ਕੀਤੇ ਹਨ। ਦੋਵਾਂ IAS ਅਧਿਕਾਰੀਆਂ ਨੂੰ ਨਿਰਧਾਰਤ ਤਰੀਕਾਂ 'ਤੇ ਜਲੰਧਰ ਸਥਿਤ ਈਡੀ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੰਵਲਪ੍ਰੀਤ ਬਰਾੜ ਪਹਿਲਾਂ ਹੀ 18 ਅਗਸਤ ਨੂੰ ਈਡੀ ਦੇ ਸਾਹਮਣੇ ਪੇਸ਼ ਹੋ ਚੁੱਕੇ ਸਨ ਅਤੇ ਹੁਣ ਉਨ੍ਹਾਂ ਨੂੰ ਮਾਮਲੇ ਨਾਲ ਸਬੰਧਤ ਵਾਧੂ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ।
ਰਿਪੋਰਟਾਂ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੈਂਟੇਕ ਸਿਟੀ ਅਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਕਥਿਤ ਘਪਲੇ ਦੀ ਜਾਂਚ ਦੇ ਸਬੰਧ ਵਿੱਚ ਉਪਰੋਕਤ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਹਨ। ED ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 31 ਅਗਸਤ ਨੂੰ ਜਲੰਧਰ ਸਥਿਤ ED ਦੇ ਜ਼ੋਨਲ ਦਫ਼ਤਰ ਅਤੇ 27 ਅਗਸਤ ਨੂੰ IAS ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ED ਵੱਲੋਂ ਜਾਰੀ ਸੰਮਨਾਂ ਅਨੁਸਾਰ, ਦੋਵਾਂ ਅਧਿਕਾਰੀਆਂ ਤੋਂ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਜਾਂਚ ਏਜੰਸੀ ਇਸ ਮਾਮਲੇ ਵਿੱਚ ਜ਼ਮੀਨ, ਇਮਾਰਤ ਪ੍ਰੋਜੈਕਟ ਅਤੇ ਇਸ ਨਾਲ ਸਬੰਧਤ ਕਥਿਤ ਵਿੱਤੀ ਲੈਣ-ਦੇਣ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ।