ਪੰਜਾਬ, 25 ਅਗਸਤ 2026:Punjab Weather: ਪੰਜਾਬ ਵਿੱਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। ਅਗਲੇ ਚਾਰ ਦਿਨਾਂ ਦੌਰਾਨ ਸੂਬੇ ਵਿੱਚ ਭਾਰੀ ਬਾਰਿਸ਼ ਦੀ ਕੋਈ ਚੇਤਾਵਨੀ ਨਹੀਂ ਹੈ। ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਅਨੁਸਾਰ, 25 ਅਗਸਤ ਤੋਂ 28 ਅਗਸਤ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ, ਜਦੋਂ ਕਿ ਉੱਤਰ-ਪੂਰਬੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਤਾਪਮਾਨ ਵਧਣ ਨਾਲ ਨਮੀ ਕਾਰਨ ਲੋਕਾਂ ਦੀ ਬੇਚੈਨੀ ਵਧ ਸਕਦੀ ਹੈ।
ਮੰਗਲਵਾਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਖਿੰਡ-ਪੁੰਡ ਮੀਂਹ ਪੈਣ ਦੀ ਉਮੀਦ ਹੈ। ਹਾਲਾਂਕਿ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ।
ਸੋਮਵਾਰ ਨੂੰ, ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਐਤਵਾਰ ਦੇ ਮੁਕਾਬਲੇ 0.9 ਡਿਗਰੀ ਸੈਲਸੀਅਸ ਵਧਿਆ। ਹਾਲਾਂਕਿ, ਸੂਬੇ ਦਾ ਔਸਤ ਤਾਪਮਾਨ ਆਮ ਦੇ ਆਸ-ਪਾਸ ਰਿਹਾ। ਫਿਰੋਜ਼ਪੁਰ 37.0 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ, ਇਸ ਤੋਂ ਬਾਅਦ ਚੰਡੀਗੜ੍ਹ 36.4 ਅਤੇ ਪਟਿਆਲਾ 36.3 ਡਿਗਰੀ ਸੈਲਸੀਅਸ ਨਾਲ ਦੂਜੇ ਸਥਾਨ 'ਤੇ ਰਿਹਾ।