Sunday, December 14, 2025

ਹੁਕਮਨਾਮਾ

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਦਸੰਬਰ 2025)

December 14, 2025 05:45 AM

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਦਸੰਬਰ 2025)


ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਮੀਤਾ ਐਸੇ ਹਰਿ ਜੀਉ ਪਾਏ ॥ ਛੋਡਿ ਨ ਜਾਈ ਸਦ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥ ਮਿਲਿਓ ਮਨੋਹਰੁ ਸਰਬ ਸੁਖੈਨਾ ਤਿਆਗਿ ਨ ਕਤਹੂ ਜਾਏ ॥ ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ ਸਮਸਰਿ ਲਾਏ ॥੧॥ ਮੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣੁ ਝੁਣੁ ਲਾਏ ॥ ਕਹੁ ਨਾਨਕ ਸਦਾ ਰੰਗੁ ਮਾਣੇ ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥ {ਪੰਨਾ 533}

ਪਦਅਰਥ: ਐਸੇ ਮੀਤਾ = ਅਜੇਹੇ ਮਿੱਤਰ। ਪਾਏ = ਲੱਭ ਲਏ ਹਨ। ਛੋਡਿ = ਛੱਡ ਕੇ। ਸਦ = ਸਦਾ। ਸੰਗੇ = ਨਾਲ। ਅਨਦਿਨੁ = ਹਰ ਰੋਜ਼। ਗੁਰ ਮਿਲਿ = ਗੁਰੂ ਨੂੰ ਮਿਲ ਕੇ।੧।ਰਹਾਉ।

ਮਨੋਹਰੁ = ਮਨ ਨੂੰ ਮੋਹ ਲੈਣ ਵਾਲਾ ਹਰੀ। ਸੁਖੈਨਾ = {ਸੁਖ = ਅਯਨ। ਅਯਨ = ਘਰ} ਸੁਖਾਂ ਦਾ ਘਰ, ਸੁਖਦਾਤਾ। ਕਤਹੂ = ਕਿਤੇ ਭੀ। ਪੇਖੇ = ਮੈਂ ਵੇਖੇ ਹਨ। ਪ੍ਰਿਅ ਰੋਮ ਸਮਸਰਿ = ਪਿਆਰੇ ਦੇ ਇਕ ਵਾਲ ਦੇ ਬਰਾਬਰ।੧।

ਮੰਦਰਿ = ਹਿਰਦੇ = ਮੰਦਰ ਵਿਚ। ਸੋਭ = ਸੋਭਾ। ਦੁਆਰੈ = (ਪ੍ਰਭੂ ਦੇ) ਦਰ ਤੇ। ਅਨਹਤ = ਇਕ-ਰਸ, ਲਗਾਤਾਰ। ਰੁਣੁਝੁਣੁ = ਮੱਧਮ ਮੱਧਮ ਹੋ ਰਿਹਾ ਖ਼ੁਸ਼ੀ ਦਾ ਗੀਤ। ਗ੍ਰਿਹ ਥਾਏ = ਗ੍ਰਿਹ ਥਾਇ, ਜਿਸ ਦੇ ਹਿਰਦੇ = ਘਰ ਵਿਚ। ਸਦ = ਸਦਾ। ਪ੍ਰਿਅ ਥੀਤੇ = ਪ੍ਰਭੂ ਜੀ ਟਿਕ ਗਏ।੨।੧।੨੭।

ਅਰਥ: ਹੇ ਭਾਈ! ਮੈਂ ਅਜੇਹੇ ਮਿੱਤਰ ਪ੍ਰਭੂ ਜੀ ਲੱਭ ਲਏ ਹਨ, ਜੋ ਮੈਨੂੰ ਛੱਡ ਕੇ ਨਹੀਂ ਜਾਂਦਾ, ਸਦਾ ਮੇਰੇ ਨਾਲ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ।੧।ਰਹਾਉ।

ਹੇ ਭਾਈ! ਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ, ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ, (ਸੁਖਾਂ ਦੇ ਇਕਰਾਰ ਕਰਨ ਵਾਲੇ) ਹੋਰ ਬਥੇਰੇ ਅਨੇਕਾਂ ਕਿਸਮਾਂ ਦੇ (ਵਿਅਕਤੀ) ਵੇਖ ਲਏ ਹਨ, ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇਕ ਵਾਲ ਦੀ ਭੀ ਬਰਾਬਰੀ ਨਹੀਂ ਕਰ ਸਕਦਾ।੧।

ਹੇ ਨਾਨਕ! ਆਖ-ਜਿਸ ਜੀਵ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੇ ਹਿਰਦੇ-ਘਰ ਵਿਚ ਭਾਗ ਜਾਗ ਪੈਂਦਾ ਹੈ, ਉਸ ਦੇ ਹਿਰਦੇ ਵਿਚ ਇਕ ਰਸ ਧੀਮਾ ਧੀਮਾ ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ, ਉਸ ਨੂੰ ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ।੨।੧।੨੭।

ਨੋਟ: 'ਘਰੁ ੩' ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅੰਕ ਨੰ: ੧। ਕੁੱਲ ਜੋੜ ੨੭ ਹੈ।

 

Have something to say? Post your comment

 
 
 
 
 
Subscribe