ਸਰਕਾਰੀ ਜ਼ਮੀਨਾਂ ਦੀ ਵਿਕਰੀ ਬਾਰੇ ਪੰਜਾਬ ਵਾਸੀਆਂ ਨੂੰ ਅਸਲੀਅਤ ਦੱਸੇ ਸਰਕਾਰ
ਸੰਗਰੂਰ। ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਸਰਕਾਰ ਨੂੰ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਕੀਤੇ ਜਾਣ ਦੇ ਮੁੱਦੇ ’ਤੇ ਘੇਰਦੇ ਹੋਏ ਕਿਹਾ ਹੈ ਕਿ ਗੁਰੂ-ਚੇਲੇ ਦੀ ਜੋੜੀ ਨੇ ਪੰਜਾਬ ਨੂੰ ਇੱਕ ਕਲੋਨੀ ਸਮਝ ਕੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਹੈ। ਇਸਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ। ਭਾਜਪਾ ਸੂਬੇ ਦੀ ਮੌਜੂਦਾ 'ਆਪ' ਸਰਕਾਰ ਦੀ ਇਸ ਯੋਜਨਾ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਅਰਵਿੰਦ ਖੰਨਾ ਨੇ ਕਿਹਾ ਕਿ ਬਦਲਾਅ ਦੇ ਨਾਮ 'ਤੇ ਪੰਜਾਬ ਵਾਸੀਆਂ ਤੋਂ ਵੋਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ "ਰੰਗਲਾ ਪੰਜਾਬ" ਦਾ ਨਾਅਰਾ ਲਗਾ ਕੇ ਪੰਜਾਬ ਨੂੰ ਕੰਗਲਾ ਕਰ ਦਿੱਤਾ ਹੈ। ਪੰਜਾਬ ਸਰਕਾਰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੁੱਡਾ, ਗਲਾਡਾ ਅਤੇ ਪੀਐਸਪੀਸੀਐਲ ਸਮੇਤ ਕਈ ਸੰਸਥਾਵਾਂ ਦੀਆਂ ਜ਼ਮੀਨਾਂ ਵੇਚ ਰਹੀ ਹੈ। ਸਰਕਾਰ ਨੇ ਸਾਰੇ ਵਿਭਾਗਾਂ ਤੋਂ ਸਰਪਲੱਸ ਜ਼ਮੀਨ ਦੇ ਵੇਰਵੇ ਮੰਗੇ ਹੋਏ ਹਨ। ਇੱਕ ਤੋਂ ਬਾਅਦ ਇੱਕ ਬੈਕ ਡੋਰ ਰਾਹੀਂ ਸਰਕਾਰੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ।
ਖੰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸੁਪਰ ਸੀਐਮ ਦੇ ਨਾਮ ਨਾਲ ਮਸ਼ਹੂਰ ਅਰਵਿੰਦ ਕੇਜਰੀਵਾਲ ਆਪਣੀ ਪ੍ਰਚਾਰ ਮਸ਼ੀਨਰੀ ਨੂੰ ਚਲਾਉਣ ਲਈ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਅਦਾਰਿਆਂ ਦੀਆਂ ਜ਼ਮੀਨਾਂ ਨੂੰ ਨਿਲਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਤੇ ਜਨਤਕ ਮੰਚਾਂ 'ਤੇ, ਗੁਰੂ-ਚੇਲੇ ਦੀ ਜੋੜੀ ਨੇ ਸੂਬੇ ਦੇ ਮਾਲੀਏ ਵਿੱਚ 43, 000 ਕਰੋੜ ਰੁਪਏ ਦਾ ਵਾਧਾ ਕਰਨ ਦੀ ਗੱਲ ਕੀਤੀ ਸੀ। ਕੀ ਇਹ ਮਾਲੀਆ ਪੰਜਾਬ ਦੇ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰਕੇ ਇਕੱਠਾ ਕੀਤਾ ਜਾ ਰਿਹਾ ਹੈ? ਖੰਨਾ ਨੇ ਕਿਹਾ ਕਿ ਆਪਣੇ ਰਾਜਨੀਤਿਕ ਐਸ਼ੋ-ਆਰਾਮ ਲਈ ਫੰਡ ਜੁਟਾਉਣ ਲਈ ਸਰਕਾਰੀ ਜਾਇਦਾਦਾਂ ਨੂੰ ਨਿਲਾਮੀ ਕਰਨ ਵਾਲੀ ਸਰਕਾਰ ਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਪੰਜਾਬ ਦੇ ਲੋਕ ਸਮਾਂ ਆਉਣ 'ਤੇ ਇਸਦਾ ਜਵਾਬ ਦੇਣਗੇ।