ਤਰਨ ਤਾਰਨ : ਅਮਰੀਕਾ ਵਿੱਚ ਇੱਕ ਟਰਾਲਾ ਹਾਦਸੇ ਦੌਰਾਨ ਤਿੰਨ ਵਿਦੇਸ਼ੀ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਟੌਲ ਦੇ ਹਰਜਿੰਦਰ ਸਿੰਘ ਨਾਮਕ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ। ਹਾਦਸੇ ਸਮੇਂ ਹਰਜਿੰਦਰ ਹੀ ਟਰਾਲਾ ਚਲਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਹਰਜਿੰਦਰ ਦੇ ਚਾਚਾ ਜੀ ਦੇ ਲੜਕੇ ਨੇ ਮੀਡੀਆ ਨੂੰ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕਈ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਪਰਿਵਾਰ ਵੱਲੋਂ ਸਪੱਸ਼ਟੀਕਰਨ ਅਤੇ ਅਪੀਲ
ਹਰਜਿੰਦਰ ਦੇ ਚਾਚਾ ਦੇ ਲੜਕੇ ਨੇ ਕਿਹਾ ਕਿ ਮੀਡੀਆ ਚੈਨਲਾਂ ਨੂੰ ਝੂਠੀਆਂ ਖ਼ਬਰਾਂ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਹਰਜਿੰਦਰ ਨੂੰ ਅਜੇ ਤੱਕ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 27 ਤਰੀਕ ਨੂੰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੰਡਿੰਗ ਦੇ ਨਾਂ 'ਤੇ ਪੈਸਾ ਇਕੱਠਾ ਨਾ ਕਰਨ, ਕਿਉਂਕਿ ਇਸ ਨਾਲ ਲੋਕਾਂ ਵਿੱਚ ਭੰਬਲਭੂਸਾ ਪੈਦਾ ਹੁੰਦਾ ਹੈ। ਪਰਿਵਾਰ ਨੇ ਕਿਹਾ ਕਿ ਹਰਜਿੰਦਰ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਸ ਦੇ ਹੱਕ ਵਿੱਚ ਵੱਧ ਤੋਂ ਵੱਧ ਪਟੀਸ਼ਨਾਂ ਦਾਇਰ ਕਰਨਾ ਹੈ।