Sunday, August 03, 2025
 

ਉੱਤਰ ਪ੍ਰਦੇਸ਼

ਟਿਕਟਾਕ ਵੀਡੀਓ ਬਣਾਉਂਦੇ 5 ਬੱਚੇ ਨਦੀ 'ਚ ਡੁੱਬੇ

May 29, 2020 08:49 PM

ਵਾਰਾਣਸੀ : ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਵਾਰਾਣਸੀ 'ਚ ਸ਼ੁੱਕਰਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ। 5 ਬੱਚੇ ਗੰਗਾ ਨਦੀ ਕੱਢੇ ਟਿਕਟਾਕ ਵੀਡੀਉ ਬਣਾਉਂਦੇ ਹੋਏ ਡੁੱਬ ਗਏ। ਆਸਪਾਸ ਦੇ ਲੋਕ ਉਨ੍ਹਾਂ ਨੂੰ ਬਚਾਉਣ ਲਈ ਪਹੁੰਚੇ ਪਰ ਉਹ ਸਫ਼ਲ ਨਹੀਂ ਹੋ ਸਕੇ। ਲਗਭਗ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੰਜਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਾਸ਼ਾਂ ਨੂੰ ਰਾਮਨਗਰ ਦੇ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਲਿਆਂਦਾ ਗਿਆ। ਇਕੋ ਮੁਹੱਲੇ ਦੇ 5 ਬੱਚਿਆਂ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿਤਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ 8 ਵਜੇ 19 ਸਾਲਾ ਤੌਸੀਫ਼ ਪੁੱਤਰ ਰਫ਼ੀਕ, 14 ਸਾਲਾ ਫ਼ਰਦੀਨ ਪੁੱਤਰ ਮੁਮਤਾਜ਼, 15 ਸਾਲਾ ਸ਼ੈਫ਼ ਪੁੱਤਰ ਇਕਬਾਲ, 15 ਸਾਲਾ ਰਿਜ਼ਵਾਨ ਪੁੱਤਰ ਸ਼ਾਹਿਦ ਅਤੇ 14 ਸਾਲਾ ਸਕੀ ਪੁੱਤਰ ਗੁੱਡੂ ਸਮੇਤ 7 ਬੱਚੇ ਟਿਕਟਾਕ ਵੀਡੀਉ ਬਣਾਉਣ ਲਈ ਗੰਗਾ ਨਦੀ 'ਤੇ ਗਏ ਸਨ। ਰਵੀਦਾਸ ਪਾਰਕ ਤੇ ਰਾਮਨਗਰ ਦੇ ਸਿਪਹਿਆ ਘਾਟ ਦੇ ਵਿਚਕਾਰ ਇਨ੍ਹਾਂ ਦਿਨਾਂ 'ਚ ਗੰਗਾ ਨਦੀ 'ਚ ਕਾਫ਼ੀ ਰੇਤ ਹੁੰਦੀ ਹੈ। ਦੋਵੇਂ ਬੱਚੇ ਨਦੀ ਕੰਢੇ ਬੈਠ ਗਏ ਅਤੇ 5 ਬੱਚੇ ਤੌਸੀਫ਼, ਫ਼ਰਦੀਨ, ਸ਼ੈਫ, ਰਿਜ਼ਵਾਨ ਅਤੇ ਸਕੀ ਨਦੀ 'ਚ ਵਿਖਾਈ ਦੇ ਰਹੇ ਰੇਤ ਦੇ ਟਿੱਲੇ 'ਤੇ ਪਹੁੰਚ ਗਏ। ਵੀਡੀਉ ਬਣਾਉਣ ਸਮੇਂ ਇਕ ਬੱਚਾ ਡੁੱਬਣ ਲਗਿਆ ਤਾਂ ਦੂਜੇ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿਤੀ। ਵੇਖਦੇ ਹੀ ਵੇਖਦੇ ਇਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇਹ ਸਾਰੇ ਡੁੱਬ ਗਏ। ਨਦੀ ਕੰਢੇ ਬੈਠੇ ਦੋਹਾਂ ਬੱਚਿਆਂ ਦਾ ਸ਼ੋਰ ਸੁਣ ਕੇ ਕੁੱਝ ਮਛੇਰੇ ਅਪਣੀਆਂ ਕਿਸ਼ਤੀਆਂ ਲੈ ਕੇ ਬੱਚਿਆਂ ਨੂੰ ਬਚਾਉਣ ਲਈ ਪਹੁੰਚੇ। ਜਦੋਂ ਤਕ ਉਹ ਬੱਚਿਆਂ ਕੋਲ ਪਹੁੰਚੇ ਉਦੋਂ ਤਕ ਉਨ੍ਹਾਂ ਸਾਰਿਆਂ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੂੰ ਤੁਰਤ ਘਟਨਾ ਦੀ ਜਾਣਕਾਰੀ ਦਿਤੀ ਗਈ। ਪੁਲਿਸ ਦੇ ਨਾਲ ਰਾਮਨਗਰ ਤੋਂ ਅੱਧੀ ਦਰਜਨ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚੀ। ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੰਜਾਂ ਬੱਚਿਆਂ ਨੂੰ ਪਾਣੀ ਵਿਚੋਂ ਬਾਹਰ ਕਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ। ਇਥੇ ਪੰਜਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ।  

 

Have something to say? Post your comment

 
 
 
 
 
Subscribe