ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਸਥਿਤ ਹਸਪਤਾਲ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ covid-19 ਮਰੀਜ਼ ਦੀ ਕੁਝ ਹੀ ਘੰਟਿਆਂ ਬਾਅਦ ਅੱਜ ਸਵੇਰੇ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਹੱਤਿਆ ਦਾ ਦੋਸ਼ ਲਾਇਆ ਹੈ। ਪ੍ਰਸ਼ਾਸਨ ਨੇ ਹਾਲੇ ਤੱਕ ਮੌਤ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। 
  ਪਰਿਵਾਰ ਨੇ ਹੱਤਿਆ ਦੇ ਦੋਸ਼ ਲਾਉਂਦਿਆਂ ਕੀਤਾ ਰੋਸ ਪ੍ਰਦਰਸ਼ਨ 
    ਅਧਿਕਾਰੀਆਂ ਅਨੁਸਾਰ 26 ਮਈ ਨੂੰ ਇੱਕ ਵਿਅਕਤੀ ਨੂੰ ਕਰੋਨਾ ਪਾਜ਼ੇਟਿਵ ਹੋਣ ਕਾਰਨ ਫ਼ਿਰੋਜ਼ਾਬਾਦ ਮੈਡੀਕਲ ਹਸਪਤਾਲ (firozabad medical  hospital) ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੇ ਬੁੱਧਵਾਰ ਰਾਤ ਨੂੰ ਆਈਸੋਲੇਸ਼ਨ ਵਾਰਡ ਦੀ ਰੇਲਿੰਗ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਨੁਸਾਰ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕਿਹਾ ਕਿ ਮਰੀਜ਼ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਜਾਪਦਾ ਸੀ। ਇਸ ਤੋਂ ਬਾਅਦ ਮਰੀਜ਼ ਨੂੰ ਟੁੰਡਲਾ ਐੱਫਐੱਚ ਮੈਡੀਕਲ ਕਾਲਜ (HF medical college tundla) ਲਿਜਾਇਆ ਗਿਆ ਪਰ ਉਸ ਹਸਪਤਾਲ ਨੇ ਮਰੀਜ਼ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਮੁੜ ਫਿਰੋਜ਼ਾਬਾਦ ਕਾਲਜ ਲਿਆਂਦਾ ਗਿਆ,  ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਮਰੀਜ਼ ਦੇ ਪਰਿਵਾਰ ਨੇ ਹੱਤਿਆ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਉਨ੍ਹਾਂ ਨੂੰ ਸ਼ਾਂਤੀ ਕੀਤਾ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।