Sunday, August 03, 2025
 

ਪੰਜਾਬ

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੁਲਿਸ ਹੱਥ ਲੱਗੇ ਵੱਡੇ ਸੁਰਾਗ਼, ਮਿਲੀ ਮੌਕਾ-ਏ-ਵਾਰਦਾਤ ਦੀ ਵੀਡਿਉ

June 04, 2022 12:27 PM

ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਵੱਡਾ ਸੁਰਾਗ ਲੱਗਿਆ ਹੈ। ਇਹ ਸੁਰਾਗ ਇਕ ਵੀਡੀਓ ਕਲਿੱਪ ਦੇ ਰੂਪ ਵਿਚ ਹੈ ਅਤੇ ਮੌਕਾ-ਏ-ਵਾਰਦਾਤ ਦਾ ਹੈ।

ਵੀਡੀਓ ਕਲਿੱਪ ਕੁੱਝ ਹੀ ਸੈਕੰਡ ਦੀ ਹੈ ਕਿਉਂਕਿ ਹਮਲਾਵਰਾਂ ਵਲੋਂ ਨੋਟਿਸ ਕੀਤੇ ਜਾਣ ’ਤੇ ਵੀਡੀਓ ਬਣਾਉਣ ਵਾਲੇ ਵੱਲ ਵੀ ਗੋਲੀਆਂ ਦਾਗ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਉਹ ਉਥੋਂ ਭੱਜ ਨਿਕਲਿਆ।

ਮਾਮਲੇ ਦੀ ਜਾਂਚ ਕਰ ਰਹੀ SIT ਇਸ ਕਲਿੱਪ ਦੇ ਸਹਾਰੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁੱਟ ਗਈ ਹੈ। ਪੰਜਾਬ ਪੁਲਿਸ ਦੇ ਉਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਐੱਸ. ਆਈ. ਟੀ. (SIT) ਨੂੰ ਹਾਸਲ ਹੋਈ ਵੀਡੀਓ ਕਲਿੱਪ ਕੇਸ ਨੂੰ ਸੁਲਝਾਉਣ ਵੱਲ ਵੱਡਾ ਕਦਮ ਸਾਬਿਤ ਹੋ ਸਕਦੀ ਹੈ ਕਿਉਂਕਿ ਇਸ ਵਿਚ ਮੌਕਾ-ਏ-ਵਾਰਦਾਤ ਦੀਆਂ ਬਹੁਤ ਹੀ ਅਹਿਮ ਤਸਵੀਰਾਂ ਮੌਜੂਦ ਹਨ ਅਤੇ ਇਸ ਵੀਡੀਓ ਕਲਿੱਪ ਰਾਹੀਂ ਛੇਤੀ ਹੀ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇਗੀ।

ਸੂਤਰਾਂ ਮੁਤਾਬਿਕ ਪੰਜਾਬ ਪੁਲਸ ਦੀ ਐੱਸ. ਆਈ. ਟੀ. ਵਲੋਂ ਘਟਨਾ ਸਥਾਨ ਦੇ ਨਜ਼ਦੀਕ ਦਾ ਮੋਬਾਇਲ ਡੰਪ ਡਾਟਾ ਹਾਸਿਲ ਕੀਤਾ ਗਿਆ ਸੀ ਅਤੇ ਉਸ ਦੀ ਸਕਰੂਟਨੀ ਦੌਰਾਨ ਘਟਨਾ ਸਥਾਨ ਦੇ ਬਿਲਕੁਲ ਨਜ਼ਦੀਕ ਐਕਟਿਵ ਪਾਏ ਗਏ ਇਕ ਫ਼ੋਨ ’ਤੇ ਜਦੋਂ ਸੰਪਰਕ ਕੀਤਾ ਗਿਆ ਤਾਂ ਉਹ ਜਵਾਹਰਕੇ ਪਿੰਡ ਵਿਚ ਹੀ ਰਹਿਣ ਵਾਲੇ ਇਕ ਨੌਜਵਾਨ ਦਾ ਸੀ। ਪਤਾ ਲੱਗਿਆ ਕਿ ਘਟਨਾ ਦੇ ਸਮੇਂ ਉਹ ਮੌਕਾ-ਏ-ਵਾਰਦਾਤ ਤੋਂ ਕੁੱਝ ਹੀ ਦੂਰੀ ’ਤੇ ਬੈਠਾ ਸੀ ਅਤੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ’ਤੇ ਗੋਲੀਆਂ ਚੱਲਣ ਦੇ ਤੁਰੰਤ ਬਾਅਦ ਉਸ ਨੇ ਆਪਣਾ ਫ਼ੋਨ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ।

ਉਸ ਸਮੇਂ ਉਸ ਨੂੰ ਨਹੀਂ ਪਤਾ ਸੀ ਕਿ ਜਿਸ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਉਹ ਸਿੱਧੂ ਮੂਸੇਵਾਲਾ (Sidhu Moosewala) ਹੈ। ਇਸ ਦੌਰਾਨ ਇਕ ਹਮਲਾਵਰ ਦੀ ਨਜ਼ਰ ਉਸ ਵਲੋਂ ਬਣਾਈ ਜਾ ਰਹੀ ਵੀਡੀਓ ’ਤੇ ਪਈ ਤਾਂ ਉਸ ਨੇ ਉਕਤ ਨੌਜਵਾਨ ਵੱਲ ਗੋਲੀਆਂ ਦਾਗ ਦਿੱਤੀਆਂ ਸਨ ਪਰ ਉਹ ਬਚ ਗਿਆ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕੰਧ ’ਤੇ ਲੱਗੀਆਂ ਗੋਲੀਆਂ ਨਾਲ ਉਕਤ ਨੌਜਵਾਨ ਦੀ ਗੱਲ ਦੀ ਪੁਸ਼ਟੀ ਵੀ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਇਸ ਕਾਰਨ ਬਹੁਤ ਸਦਮੇ ਵਿਚ ਸੀ ਅਤੇ ਡਰਿਆ ਹੋਇਆ ਸੀ। ਪੁਲਿਸ ਵਲੋਂ ਉਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

ਸੂਤਰਾਂ ਮੁਤਾਬਿਕ ਉਸ ਦੇ ਫ਼ੋਨ ਵਿਚ ਬਣੀ ਵੀਡੀਓ ਹਾਲਾਂਕਿ ਕੁੱਝ ਹੀ ਸੈਕੇਂਡ ਦੀ ਹੈ ਪਰ ਫਾਰੈਂਸਿਕ ਟੀਮ ਉਸ ਦੀ ਮਦਦ ਨਾਲ ਕਲੀਅਰ ਤਸਵੀਰਾਂ ਬਣਾਉਣ ਵਿਚ ਜੁਟ ਗਈ ਹੈ ਅਤੇ ਸੰਭਾਵਨਾ ਹੈ ਕਿ ਉਸ ਨਾਲ ਹਮਲਾਵਰਾਂ ਦੀ ਪਹਿਚਾਣ ਸਥਾਪਤ ਕਰਨ ਵਿਚ ਵੱਡੀ ਮਦਦ ਹਾਸਿਲ ਹੋਵੇਗੀ।

 

Have something to say? Post your comment

 
 
 
 
 
Subscribe