Sunday, August 03, 2025
 

ਪੰਜਾਬ

ਸਿੱਧੀ ਕੁੰਡੀ ਨਾਲ ਚਲਦੀ ਥਾਣਿਆਂ ਦੀ ਬੱਤੀ ਵੀ ਹੋਵੇਗੀ ਗੁੱਲ, ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ

May 17, 2022 09:02 AM

ਮੁਹਾਲੀ : ਪਾਵਰਕੌਮ ਨੇ ਅੱਜ ਪੰਜਾਬ ’ਚ ਸਿੱਧੀ ਕੁੰਡੀ ਨਾਲ ਚੱਲ ਰਹੇ ਕਰੀਬ ਤਿੰਨ ਦਰਜਨ ਥਾਣਿਆਂ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜਦਕਿ ਪੰਜਾਬ ਪੁਲੀਸ ਵੱਲੋਂ ਹੱਥ ਪਿਛਾਂਹ ਖਿੱਚਣ ਕਰਕੇ ਡੇਰਿਆਂ ਦੇ ਕੁਨੈਕਸ਼ਨ ਨਹੀਂ ਕੱਟੇ ਜਾ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਨੇ ‘ਕੁੰਡੀ ਹਟਾਓ’ ਮੁਹਿੰਮ ਤਹਿਤ ਹਦਾਇਤ ਕੀਤੀ ਸੀ ਕਿ ਬਿਜਲੀ ਚੋਰੀ ਰੋਕਣ ਲਈ ਪੁਲੀਸ ਅਧਿਕਾਰੀ ਸਹਿਯੋਗ ਕਰਨ। ਪਾਵਰਕੌਮ ਟੀਮਾਂ ਨੇ ਹੋਰ ਵੀ ਡੇਰੇ ਤੇ ਧਾਰਮਿਕ ਅਸਥਾਨ ਬਿਜਲੀ ਚੋਰੀ ਕਰਦੇ ਫੜੇ ਹਨ।

ਸੂਤਰਾਂ ਅਨੁਸਾਰ ਪਾਵਰਕੌਮ ਅਫ਼ਸਰਾਂ ਨੇ ਮੰਗਲਵਾਰ ਤੱਕ ਉਨ੍ਹਾਂ ਥਾਣਿਆਂ ਤੇ ਪੁਲੀਸ ਚੌਕੀਆਂ ਦੇ ਕੁਨੈਕਸ਼ਨ ਕੱਟਣ ਲਈ ਕਿਹਾ ਹੈ ਜਿਨ੍ਹਾਂ ਵੱਲੋਂ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ (bijli Chori) ਕੀਤੀ ਜਾ ਰਹੀ ਸੀ। ਕੋਈ ਅੜਿੱਕਾ ਨਾ ਪਿਆ ਤਾਂ ਬਡਰੁੱਖਾਂ, ਮੂਨਕ, ਸਿਟੀ ਸੰਗਰੂਰ, ਮਮਦੋਟ, ਵਾੜੇਕੇ, ਮੁੱਦਕੀ, ਸੀਤੋ ਗੁਨੋ, ਮੰਡੀ ਲਾਧੂਕਾ, ਕੱਲਰਖੇੜਾ, ਵਜੀਦਪੁਰ ਭੋਮਾ, ਸਾਂਝ ਕੇਂਦਰ ਸਮਰਾਲਾ, ਅਰਬਨ ਅਸਟੇਟ ਗੁਰਦਾਸਪੁਰ, ਕੁਰਾਲੀ, ਭੁਨਰਹੇੜੀ, ਰਾਮਸਰਾ, ਡਕਾਲਾ ਤੇ ਅੰਮ੍ਰਿਤਸਰ ਆਦਿ ਥਾਣਿਆਂ ਤੇ ਚੌਕੀਆਂ ਵਿਚ ਜਲਦ ਹਨੇਰਾ ਛਾ ਜਾਵੇਗਾ।

ਬਠਿੰਡਾ ਦੇ SSP ਨੇ ਪਹਿਲਕਦਮੀ ਕਰਦਿਆਂ ਸਮੂਹ ਪੁਲੀਸ ਦਫ਼ਤਰਾਂ ਅਤੇ ਥਾਣਿਆਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ ਕਿ ਜਿੱਥੇ ਕਿਤੇ ਵੀ ਪੁਲੀਸ ਇਮਾਰਤ ਵਿਚ ਅਣਅਧਿਕਾਰਤ AC ਚੱਲ ਰਹੇ ਹਨ, ਉਨ੍ਹਾਂ ਨੂੰ ਫ਼ੌਰੀ ਹਟਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਕਿਸੇ ਪੁਲੀਸ ਇਮਾਰਤ ਵਿੱਚ ਅਣਅਧਿਕਾਰਤ AC ਪਾਵਰਕੌਮ (PSPCL) ਦੀ ਚੈਕਿੰਗ ਦੌਰਾਨ ਫੜਿਆ ਜਾਂਦਾ ਹੈ ਤਾਂ ਉਸ ਦਾ ਸਾਰਾ ਜੁਰਮਾਨਾ ਸਬੰਧਤ ਅਧਿਕਾਰੀ ਨੂੰ ਪੱਲਿਓਂ ਤਾਰਨਾ ਪਵੇਗਾ।

ਪ੍ਰਾਪਤ ਵੇਰਵਿਆਂ ਅਨੁਸਾਰ ਪਾਵਰਕੌਮ ਨੇ ‘ਕੁੰਡੀ ਹਟਾਓ’ ਮੁਹਿੰਮ ਤਹਿਤ ਬਿਜਲੀ ਚੋਰੀ ਕਰਨ ਵਾਲੇ 584 ਖਪਤਕਾਰਾਂ ਨੂੰ 88 ਲੱਖ ਰੁਪਏ ਦੇ ਜੁਰਮਾਨੇ ਪਾਏ ਹਨ। ਅੰਮ੍ਰਿਤਸਰ (Amritsar) ਦੀ ਉਦੋਕੇ ਸਬ-ਡਿਵੀਜ਼ਨ ਵਿੱਚ ਪੈਂਦੇ ਡੇਰਾ ਸਰਹਾਲਾ ਨੇੜੇ ਜੈਂਤੀਪੁਰ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਕਰੀਬ 29 ਕਿੱਲੋਵਾਟ ਲੋਡ ਮੀਟਰ ਨੂੰ ਬਾਈਪਾਸ ਕਰਕੇ ਸਿੱਧਾ ਚੱਲ ਰਿਹਾ ਸੀ। ਇਸ ਡੇਰੇ ਨੂੰ ਬਿਜਲੀ ਚੋਰੀ ਬਦਲੇ 5.12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

ਲੁਧਿਆਣਾ ਦੇ ਜਮਾਲਪੁਰ ’ਚ ਇੱਕ ਧਾਰਮਿਕ ਥਾਂ ’ਤੇ ਸਿੱਧੀ ਕੁੰਡੀ (sidhi kundi) ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ 9.43 ਲੱਖ ਰੁਪਏ ਜੁਰਮਾਨਾ ਪਾਇਆ ਗਿਆ ਹੈ। ਲੁਧਿਆਣਾ (Ludhiana) ਦੇ ਗਿੱਲ ਰੋਡ ਥਾਣੇ ਨੂੰ ਬਿਜਲੀ ਚੋਰੀ ਦੇ ਕੇਸ ’ਚ 8 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸੇ ਤਰ੍ਹਾਂ ਹੀ ਜਲੰਧਰ ਦੇ ਪੀਏਪੀ ਕੰਪਲੈਕਸ ਦੇ 23 ਘਰਾਂ ਵਿਚ ਬਿਜਲੀ ਚੋਰੀ ਫੜੀ ਗਈ ਹੈ ਜਿਨ੍ਹਾਂ 6.23 ਲੱਖ ਦੇ ਜੁਰਮਾਨੇ ਪਾਏ ਗਏ ਹਨ।

 

Have something to say? Post your comment

 
 
 
 
 
Subscribe