Sunday, August 03, 2025
 

ਪੰਜਾਬ

ਮਾਸੂਮ ਬੱਚਿਆਂ ਨਾਲ ਵਾਪਰਿਆ ਭਾਣਾ, ਨਾੜ ਨੂੰ ਲਾਈ ਅੱਗ ਦੀ ਲਪੇਟ ’ਚ ਆਈ ਸਕੂਲ ਬੱਸ

May 05, 2022 07:31 AM

ਬਟਾਲਾ : ਪਿੰਡ ਬਰਕੀਵਾਲ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਨਾੜ ਨੂੰ ਲੱਗੀ ਅੱਗ ਦੀ ਲਪੇਟ ’ਚ ਆ ਗਈ, ਜਿਸ ਕਾਰਨ ਸੱਤ ਬੱਚੇ ਝੁਲਸ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲੀਸ ਨੇ ਬੱਸ ਚਾਲਕ ਜਗਤਪ੍ਰੀਤ ਸਿੰਘ ਪਿੰਡ ਬਿਜਲੀਵਾਲ ਅਤੇ ਅਣਪਛਾਤੇ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਅੱਗ ਅਤੇ ਧੂੰਏਂ ਕਾਰਨ ਬੱਸ ਦੇ ਡਰਾਈਵਰ ਨੂੰ ਕੁਝ ਦਿਖਾਈ ਨਾ ਦਿੱਤਾ ਅਤੇ ਸੰਤੁਲਨ ਗੁਆਉਣ ਕਰਕੇ ਬੱਸ ਖੇਤਾਂ ਵਿੱਚ ਪਲਟ ਗਈ ਜਿਸ ਨੂੰ ਅੱਗ ਲੱਗ ਗਈ। ਹਾਦਸੇ ਮੌਕੇ ਬੱਸ ਵਿੱਚ 32 ਬੱਚੇ ਸਵਾਰ ਸਨ ਅਤੇ ਡਰਾਈਵਰ ਦੀ ਹਿੰਮਤ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਬੱਸ ਵਿੱਚੋਂ ਬਾਹਰ ਕੱਢਿਆ ਗਿਆ, ਪਰ ਫਿਰ ਵੀ 7 ਬੱਚੇ ਝੁਲਸ ਗਏ।

ਜ਼ਿਆਦਾ ਝੁਲਸੇ ਗਏ ਬੱਚਿਆਂ ਵਿੱਚ ਗੁਰਪ੍ਰਤਾਪ ਸਿੰਘ (8) ਪੁੱਤਰ ਹਰਜੋਤ ਸਿੰਘ ਨਵਾਂ ਪਿੰਡ ਬਰਕੀਵਾਲ, ਸਹਿਜਪ੍ਰੀਤ ਕੌਰ (6) ਪੁੱਤਰੀ ਜੌਹਲਜੀਤ ਸਿੰਘ ਵਾਸੀ ਪਿੰਡ ਧਵਾਣ, ਗੁਰਪਾਲ ਸਿੰਘ ਪੁੱਤਰ ਸਤਨਾਮ ਸਿੰਘ ਧਵਾਣ ਸ਼ਾਮਲ ਹਨ ਜਦਕਿ ਰਿਪਨਜੋਤ ਸਿੰਘ (3) ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਧਵਾਣ, ਸ਼ਾਹਬਾਜ਼ ਸਿੰਘ (4) ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਕੋਟ ਮਜਲਸ ਤੇ ਜਸਲੀਨ ਕੌਰ (13) ਪੁੱਤਰੀ ਪ੍ਰਭਜੋਤ ਸਿੰਘ ਵਾਸੀ ਪਿੰਡ ਬਿਜਲੀਵਾਲ ਨੂੰ ਡਾਕਟਰਾਂ ਨੇ ਇਲਾਜ ਮਗਰੋਂ ਘਰ ਭੇਜ ਦਿੱਤਾ ਹੈ।

ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਵਿੱਚ 32 ਬੱਚੇ ਸਵਾਰ ਸਨ ਜਿਸ ਦਾ ਡਰਾਈਵਰ ਜਗਪ੍ਰੀਤ ਸਿੰਘ ਅੱਜ ਬਾਅਦ ਦੁਪਹਿਰ ਛੁੱਟੀ ਹੋਣ ਉਪਰੰਤ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਿਹਾ ਸੀ ਕਿ ਜਦੋਂ ਬੱਸ ਨਵਾਂ ਪਿੰਡ ਬਰਕੀਵਾਲ ਨੇੜੇ ਪਹੁੰਚੀ ਤਾਂ ਕਿਸਾਨਾਂ ਵੱਲੋਂ ਨਾੜ ਨੂੰ ਲਾਈ ਗਈ ਅੱਗ ਕਾਰਨ ਪੈਦਾ ਹੋਏ ਧੂੰਏਂ ਕਾਰਨ ਕੁਝ ਦਿਖਾਈ ਨਾ ਦੇਣ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਸੱਤ ਬੱਚੇ ਝੁਲਸ ਗਏ।

ਹਾਦਸੇ ਦੌਰਾਨ ਬੱਸ ਵੀ ਸੜ ਕੇ ਸੁਆਹ ਹੋ ਗਈ। ਥਾਣਾ ਕਿਲਾ ਲਾਲ ਸਿੰਘ ਦੀ ਪੁਲੀਸ ਅਤੇ ਬਟਾਲਾ ਤੋਂ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ ਜਿਨ੍ਹਾਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।

ਘਟਨਾ ਸਬੰਧੀ ਬੱਸ ਚਾਲਕ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਧੂੰਆਂ ਘੱਟ ਸੀ ਪਰ ਜਦੋਂ ਉਹ ਅੱਗ ਵਾਲੇ ਖੇਤਾਂ ਕੋਲੋਂ ਲੰਘਣ ਲੱਗੇ ਤਾਂ ਇੱਕਦਮ ਤੇਜ਼ ਹਵਾ ਕਾਰਨ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ।

ਜਿਸ ਕਾਰਨ ਬੱਚਿਆਂ ਨੇ ਵੀ ਰੌਲਾ ਪਾ ਦਿੱਤਾ ਅਤੇ ਬੱਸ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ ਪਰ ਉਹ ਹਿੰਮਤ ਕਰ ਕੇ ਸ਼ੀਸ਼ੇ ਤੋੜ ਕੇ ਪਹਿਲਾਂ ਆਪ ਬਾਹਰ ਨਿਕਲਿਆ ਅਤੇ ਫਿਰ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ, ਪਰ ਕੁਝ ਬੱਚੇ ਅੱਗ ਕਾਰਨ ਝੁਲਸ ਗਏ। ਡੀਸੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਘਟਨਾ ਦੀ ਜਾਂਚ ਤੇ ਅਗਲੇਰੀ ਕਾਰਵਾਈ ਲਈ ਐੱਸਐੱਸਪੀ ਬਟਾਲਾ ਨੂੰ ਕਿਹਾ ਗਿਆ ਹੈ।

ਥਾਣਾ ਕਿਲ੍ਹਾ ਲਾਲ ਸਿੰਘ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 
 
 
 
 
Subscribe