Thursday, May 01, 2025
 

ਸੰਸਾਰ

ਰੂਸ-ਯੂਕ੍ਰੇਨ ਯੁੱਧ ਨੂੰ ਲੈ ਕੇ ਚਿੰਤਤ ਹੈ ਭਾਰਤ - PM ਮੋਦੀ

May 02, 2022 11:52 PM

ਬਰਲਿਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨਾਲ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਯੂਕ੍ਰੇਨ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੰਗ 'ਚ ਕਿਸੇ ਦੀ ਜਿੱਤ ਨਹੀਂ ਹੋਵੇਗੀ, ਸਭ ਨੂੰ ਨੁਕਸਾਨ ਹੋਵੇਗਾ, ਇਸ ਲਈ ਭਾਰਤ ਸ਼ਾਂਤੀ ਦੇ ਪੱਖ 'ਚ ਹੈ।

ਇਸ ਦੇ ਨਾਲ ਹੀ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਰਮਨੀ 'ਚ ਹੋਣ ਵਾਲੇ ਜੀ-7 ਸੰਮੇਲਨ ਲਈ ਸੱਦਾ ਦਿੱਤਾ। ਸ਼ੋਲਜ਼ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ਤੇ ਜਲਵਾਯੂ ਪਰਿਵਰਤਨ ਗੱਲਬਾਤ 'ਚ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਦੋਹਾਂ ਪੱਖਾਂ ਵਿਚਾਲੇ ਬੈਠਕ ਤੋਂ ਬਾਅਦ ਸਾਂਝੀ ਪ੍ਰੈੱਸ ਬ੍ਰੀਫਿੰਗ 'ਚ ਕਿਹਾ ਕਿ ਯੂਕ੍ਰੇਨ ਦੇ ਸੰਕਟ ਦੀ ਸ਼ੁਰੂਆਤ ਤੋਂ ਹੀ ਅਸੀਂ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਸੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਹੀ ਇਕੋ-ਇਕ ਰਸਤਾ ਹੈ। ਉਨ੍ਹਾਂ ਕਿਹਾ, ''ਸਾਡਾ ਮੰਨਣਾ ਹੈ ਕਿ ਇਸ ਜੰਗ 'ਚ ਕਿਸੇ ਦੀ ਜਿੱਤ ਨਹੀਂ ਹੋਵੇਗੀ, ਸਾਰਿਆਂ ਨੂੰ ਦੁੱਖ ਝੱਲਣਾ ਪਵੇਗਾ, ਇਸ ਲਈ ਅਸੀਂ ਸ਼ਾਂਤੀ ਦੇ ਪੱਖ 'ਚ ਹਾਂ।''

ਮੋਦੀ ਨੇ ਕਿਹਾ ਕਿ ਯੂਕ੍ਰੇਨ ਟਕਰਾਅ ਤੋਂ ਪੈਦਾ ਹੋਈ ਉਥਲ-ਪੁਥਲ ਕਾਰਨ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਨਾਲ ਦੁਨੀਆ ਨੂੰ ਭੋਜਨ ਅਤੇ ਖਾਦਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ ਦੇ ਹਰ ਪਰਿਵਾਰ 'ਤੇ ਬੋਝ ਪਿਆ ਹੈ ਪਰ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ 'ਤੇ ਇਸ ਦਾ ਹੋਰ ਵੀ ਗੰਭੀਰ ਅਸਰ ਪੈ ਰਿਹਾ ਹੈ।

ਜਰਮਨੀ ਨਾਲ ਸਬੰਧਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਲੋਕਤੰਤਰ ਹੋਣ ਦੇ ਨਾਤੇ ਭਾਰਤ ਅਤੇ ਜਰਮਨੀ ਬਹੁਤ ਸਾਰੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ ਤੇ ਇਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਾਂਝੇ ਹਿੱਤਾਂ ਦੇ ਆਧਾਰ 'ਤੇ ਸਾਡੇ ਦੁਵੱਲੇ ਸਬੰਧਾਂ ਨੇ ਪਿਛਲੇ ਕੁਝ ਸਾਲਾਂ 'ਚ ਜ਼ਿਕਰਯੋਗ ਤਰੱਕੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਵਿਡ ਤੋਂ ਬਾਅਦ ਦੀ ਮਿਆਦ ਵਿੱਚ ਹੋਰ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। "ਸਾਨੂੰ ਭਰੋਸਾ ਹੈ ਕਿ ਭਾਰਤ ਵਿਸ਼ਵਵਿਆਪੀ ਸੁਧਾਰ ਦਾ ਇਕ ਮਹੱਤਵਪੂਰਨ ਥੰਮ੍ਹ ਬਣ ਜਾਵੇਗਾ।" ਉਨ੍ਹਾਂ ਕਿਹਾ ਕਿ ਭਾਰਤ ਯੂਰਪੀ ਸੰਘ ਨਾਲ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਵਿੱਚ ਤੇਜ਼ੀ ਲਿਆਉਣ ਲਈ ਵਚਨਬੱਧ ਹੈ।

ਬਰਲਿਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਵਫ਼ਦ ਪੱਧਰੀ ਗੱਲਬਾਤ ਕੀਤੀ, ਜਿਸ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਵੀ ਹਿੱਸਾ ਲਿਆ। ਬਾਅਦ ਵਿੱਚ ਮੋਦੀ ਅਤੇ ਓਲਾਫ ਨੇ 6ਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (IGC) ਸਮਾਗਮ ਦੀ ਸਹਿ-ਪ੍ਰਧਾਨਗੀ ਕੀਤੀ।

ਆਈ. ਜੀ. ਸੀ. ਦੀ ਸ਼ੁਰੂਆਤ 2011 ਵਿੱਚ ਹੋਈ ਸੀ। ਇਹ ਇਕ ਨਿਵੇਕਲੀ ਦੁਵੱਲੀ ਵਿਧੀ ਹੈ, ਜੋ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਦੁਵੱਲੇ ਮੁੱਦਿਆਂ ਦੀ ਇਕ ਵਿਸ਼ਾਲ ਸ਼੍ਰੇਣੀ 'ਤੇ ਤਾਲਮੇਲ ਕਰਨ ਦੀ ਮਨਜ਼ੂਰੀ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਸਾਡੀ ਪਿਛਲੀ ਆਈ. ਜੀ. ਸੀ. 2019 ਵਿੱਚ ਹੋਈ ਸੀ, ਉਦੋਂ ਤੋਂ ਵਿਸ਼ਵ ਵਿੱਚ ਮਹੱਤਵਪੂਰਨ ਬਦਲਾਅ ਹੋਏ ਹਨ।

 

Have something to say? Post your comment

Subscribe