Friday, May 02, 2025
 
BREAKING NEWS
स्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास‘ओरल कैंसर सुरक्षा के लिए दो मिनट की पहल’ एक अभियान शुरूआज़ाद इंजीनियरिंग के लीन मैनुफैक्चरिंग युनिट का उद्घाटनटाइगर श्रॉफ के साथ कोका-कोला ज़ीरो शुगर की वापसीਪਹਿਲਗਾਮ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ 'ਤੇ ਅਮਰੀਕੀ ਪ੍ਰਤੀਕ੍ਰਿਆਪੱਛਮੀ ਬੰਗਾਲ ਸੈਕੰਡਰੀ (10ਵੀਂ) ਪ੍ਰੀਖਿਆ 2025 ਦਾ ਨਤੀਜਾ ਜਾਰੀ, ਉੱਤਰੀ ਦਿਨਾਜਪੁਰ ਦੀ ਅਦਰਿਤਾ ਸਰਕਾਰ ਨੇ ਟਾਪ ਕੀਤਾIndonesian President Condemns Pahalgam Terror AttackBilawal Bhutto Admits Pakistan's Past Support for Terrorism Amid Rising Tensions Over Pahalgam Attackਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 7 ਵਜੇ ਖੁੱਲ੍ਹਣਗੇ, ਜਾਣੋ ਕਿਵੇਂ ਦੇਖ ਸਕਦੇ ਹੋ ਲਾਈਵ ਟੈਲੀਕਾਸਟਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਮਈ 2025)

ਲਿਖਤਾਂ

ਵਿਦੇਸ਼ ਦੀ ਲਲਕ ਦੇ ਨਕਸ਼

May 02, 2021 10:01 PM
ਗੁਆਂਢ ਪਿੰਡੋਂ ਪਾੜ੍ਹਿਆਂ ਦੇ ਵਲੈਤ ਗਏ ਪੁੱਤ ਨੇ ਕੁਝ ਕੁ ਵਰ੍ਹਿਆਂ ‘ਚ ਹੀ ਘਰ-ਬਾਹਰ ਦੇ ਨਕਸ਼ ਬਦਲ ਦਿੱਤੇ। ਦਸ ਖੇਤ ਜ਼ਮੀਨ ਤੇ ਪਿੰਡ ਦੀ ਫਿਰਨੀ ‘ਤੇ ਚੜ੍ਹਦੇ ਪਾਸੇ ਪਾਈ ਤਿੰਨ ਮੰਜ਼ਿਲੀ ਕੋਠੀ ਉੱਤੇ ਸੀਮਿੰਟ ਦੇ ਖੜ੍ਹੇ ਜਹਾਜ਼ ਦੀ ਨੋਕ ‘ਚ ਲੱਗਾ ਲਾਲ ਰੰਗਾ ਬੱਲ੍ਹਬ ਨੇੜਲੇ ਵੀਹ ਪਿੰਡਾਂ ‘ਚ ਝਾਤੀਆਂ ਮਾਰਦਾ।  ਲੰਘਦੇ ਵੜਦੇ ਮੁੱਛ ਫੁੱਟ ਕੋਠੀ ਕੰਨੀ ਝਾਕਦਿਆਂ ਆਪਣੇ ਖਿਆਲਾਂ ਨੂੰ ਸੀਮਿੰਟ ਦੇ ਬਣੇ ਜਹਾਜ਼ ‘ਤੇ ਚਾੜ ਵਲੈਤ ਅੱਪੜ ਜਾਂਦੇ। 
 
ਸਿੱਧਿਆਂ ਦਾ ਬੂਟਾ ਵੀ ਉਨ੍ਹਾਂ ਮੁੱਛ ਫੁੱਟਾਂ ‘ਚੋਂ ਇੱਕ ਸੀ। ਬੂਟੇ ਦੇ ਪਿਓ ਦਾਦੇ ਉਜਾੜਿਆਂ ਮਗਰੋਂ ਦਿਹਾੜੀਆਂ ਕਰ ਚਾਰ ਸਿਆੜ ਜੋੜੇ ਤੇ ਡੰਗਰਾਂ ਦੇ ਦੁੱਧ ਟੁੱਕ ਤੋਂ ਰੋਟੀ ਪੱਕਦੀ ਕੀਤੀ। ਗ਼ੁਰਬਤ ਦੀ ਜ਼ਿੰਦਗੀ ਤੋਂ ਤੰਗ ਬੂਟਾ ਜਦੋਂ ਰਾਤ ਦੇ ਹਨੇਰਿਆਂ ‘ਚ ਪਾੜ੍ਹਿਆਂ ਦੇ ਸੀਮਿੰਟੀ ਜਹਾਜ਼ ਕੰਨੀ ਝਾਕਦਾ ਤਾਂ ਉਸਦਾ ਵਲੈਤ ਜਾਣ ਦਾ ਚਾਅ ਹੋਰ ਜੁਆਨ ਹੁੰਦਾ। ਮਾਪਿਆਂ ਦੇ ਲੱਖ ਸਮਝਾਉਣ ‘ਤੇ ਵੀ ਬੂਟਾ ਵਲੈਤ ਜਾਣ ਲਈ ਬਜ਼ਿਦ ਸੀ। ਬੂਟਾ ਦਾਦੇ ਨਾਲ ਹਰ ਗੱਲ ਸਾਂਝੀ ਕਰਦਾ ਤੇ ਪਿਓ ਨੂੰ ਮਨਾਉਣ ਲਈ ਦਾਦੇ ਦੇ ਹਾੜੇ ਕੱਢਦਾ। ਦਾਦਾ ਪੋਤਾ ਇੱਕ ਦੂਜੇ ਦਾ ਬਾਹਲਾ ਤੇਹ ਕਰਦੇ। ਡਿਓੜ੍ਹੀ ‘ਚ ਬੈਠੇ ਬੂਟੇ ਦੇ ਦਾਦੇ ਨੇ ਨਵੇਂ ਦਿਨ ਗੁਰੂ-ਘਰੋਂ ਮੁੜਦੇ ਨੂੰਹ-ਪੁੱਤ ਨੂੰ ਦਲ੍ਹੀਜ਼ ਟੱਪਦਿਆਂ ਹੀ ਹਾਕ ਮਾਰ ਮੰਜੇ ‘ਤੇ ਕੋਲ ਬਿਠਾ ਲਿਆ। ਦਾਦੇ ਦੇ ਸਮਝਾਉਣ ‘ਤੇ ਦੋਵੇਂ ਰਾਜ਼ੀ ਹੋ ਗਏ ਤੇ ਦੋ ਖੇਤ ਜ਼ਮੀਨ ਗਹਿਣੇ ਰੱਖ ਬੂਟੇ ਨੂੰ ਵਲੈਤ ਭੇਜਣ ਲਈ ਰਕਮ ਦਾ ਬੰਦੋਬਸਤ ਕੀਤਾ। 
 
ਚਾਚੇ ਦੇ ਪੁੱਤ ਦਾ ਜਾਣੂ ਸੀ ਕੋਈ ਜਲੰਧਰ ਦਾ ਏਜੰਟ, ਦਿਨਾਂ ‘ਚ ਵੀਜ਼ੇ ਲਵਾਉਂਦਾ। ਪੁੱਤ ਸਾਡੇ ਦਾ ਵੀਜ਼ਾ ਲੱਗ ਜਾਏ, ਬੂਟੇ ਦਾ ਸਾਰਾ ਟੱਬਰ ਅੱਠੇ ਪਹਿਰ ਅਰਦਾਸਾਂ ਕਰਦਾ। ਦੋ ਮਹੀਨੀਆਂ ਦੀ ਉਡੀਕ ਪਿੱਛੋਂ ਕਾਲੇ ਰੰਗ ਦੀ ਗੱਡੀ ਚੋਂ ਉਤਰ ਚਿੱਟੇ ਲੀੜੇ ਪਾਈ ਮੋਟੇ ਢਿੱਡ ਵਾਲਾ ਅੱਧਖੜ੍ਹ ਉਮਰ ਦਾ ਬੰਦਾ ਬਸਤਾ ਚੁੱਕੀ ਵਿਹੜੇ ਵੱਲ ਨੂੰ ਤੁਰਿਆ ਆਵੇ। ਬੂਟੇ ਦੇ ਦਾਦੇ ਉੱਚੀ ਸੁਰ ‘ਚ ਕਿਹਾ , “ਲੰਘਿਆ ਭਾਈ ਸਿਆਣਿਆਂ ਨਹੀਂ ਕੌਣ ਏ”? ਏਜੰਟ ਖਿੜ੍ਹਖਿੜ੍ਹਾ ਕੇ ਹੱਸਿਆ ‘ਤੇ ਕਹਿੰਦਾ ਤੁਹਾਡੇ ‘ਬਲਵਿੰਦਰ’ ਦਾ ਵੀਜ਼ਾ ਲੈ ਕੇ ਆਇਆ, ਬੂਟੇ ਦਾ ਅਸਲ ਨਾਂ ਬਲਵਿੰਦਰ ਸੀ। ਏਜੰਟ ਨੇ ਬਸਤੇ ਚੋਂ ਪਾਸਪੋਰਟ ਕੱਢ ਕੇ ਬੂਟੇ ਦੇ ਦਾਦੇ ਨੂੰ ਫੜਾਇਆ। ਬਾਪੂ ਨੇ ਪਾਸਪੋਰਟ ਚੋਂ ਵੀਜ਼ੇ ਵਾਲਾ ਪੇਜ਼ ਖੋਲ ਕੇ ਮੱਥਾ ਨਾਲ ਲਾਇਆ ‘ਤੇ ਡੋਲਦੀ ਆਵਾਜ਼ ‘ਚ ਅਸੀਸਾਂ ਦੇਣ ਲੱਗਾ। ਏਜੰਟ ਨੇ ਬਜ਼ੁਰਗ ਦੇ ਉਦਾਸ ਚਿਹਰੇ ਵੱਲ ਨੂੰ ਦੇਖਦਿਆਂ ਬੋਲਿਆ, “ਆਉਦੇ ਐਤਵਾਰ ਦੀ ਟਿਕਟ ਕਰਾਤੀ, ਦਿੱਲੀ ਜਹਾਜ਼ਾਂ ਆਲੇ ਅੱਡਿਓਂ ਉੱਡੂ ਬੂਟੇ ਦਾ ਜਹਾਜ਼”। ਇੰਨ੍ਹੀ ਗੱਲ ਆਖ ਏਜੰਟ ਨੇ ਗਲਾਸ ਚੋ ਚਾਹ ਦਾ ਆਖਰੀ ਸੁਰਕੜਾ ਮਾਰਿਆ ‘ਤੇ ਤੁਰਦਾ ਬਣਿਆ। 
 
ਬੂਟੇ ਨੂੰ ਤੋਰਨ ਸਾਕ ਸੰਬੰਧੀ ਯਾਰ ਬੇਲੀ ਸਭ ਨੇੜ ਤੇੜ ਪਹੁੰਚਿਆ ‘ਤੇ ਤੁਰਨ ਵੇਲੇ ਬੂਟੇ ਦੇ ਬੋਜੇ ਗਾਂਧੀ ਆਲੇ ਨੋਟਾ ਨਾਲ ਤੁੰਨ ਦਿੱਤੇ। ਦਾਦੇ ਦੇ ਪੈਰ ਚੁੰਮੇ, ਮਾਪਿਆ ਨੂੰ ਕਲਾਵੇ ‘ਚ ਲੈ ਹੌਸਲੇ ਦਿੰਦਾ ਬੂਟਾ ਤੁਰ ਪਿਆ ਜਹਾਜ਼ਾਂ ਆਲੇ ਅੱਡੇ ਨੂੰ।
 
ਕਰਦੇ ਕਰਾਉਂਦਿਆਂ ਬੂਟਾ ਆਣ ਪਹੁੰਚਿਆ ਵਲੈਤ। ਪਾੜ੍ਹਿਆਂ ਦਾ ਕਮਾਊ ਪੁੱਤ ਦੇਰ ਨਾਲ ਸਹੀ ਪਰ ਪਹੁੰਚ ਗਿਆ ਹਵਾਈ ਅੱਡੇ ਬੂਟੇ ਨੂੰ ਲੈਣ। ਬੂਟੇ ਦੀ ਰਿਹਾਇਸ਼ ਦਾ ਬੰਦੋਬਸਤ ਕਰਾ ਪਾੜ੍ਹਿਆਂ ਦਾ ਪੁੱਤ ਬੂਟੇ ਨੂੰ ਸਪਾਟ ਸ਼ਬਦਾਂ ‘ਚ ਕਹਿੰਦਾ, ਮੇਰੀ ਡਿਊਟੀ ਖਤਮ ਹੁਣ ਤੂੰ ਜਾਣੇ, ਤੇਰਾ ਕੰਮ ਜਾਣੇ। ਦੋ ਚਾਰ ਹਫ਼ਤਿਆਂ ਭੱਜ-ਨੱਠ ਮਗਰੋਂ ਕੰਮ ਦਾ ਜੁਗਾੜ ਵੀ ਲਾਹੌਰੀ ਆਬਦ ਦੇ ਢਾਬੇ ‘ਤੇ ਬਣ ਗਿਆ। ਵੀਹ ਪੌਂਡ ਦਿਹਾੜੀ ‘ਚ ਗੱਲ ਮੁੱਕੀ। ਦਿਨ-ਮਹੀਨੇ-ਸਾਲ ਬੀਤੇ ਕੰਮ ਲੋਟ ਨਾ ਆਇਆ। ਦੋ ਨੰਬਰ ਵਿੱਚ ਰਹਿਣ ਦਾ ਡਰ, ਵਾਧੂ ਘਾਟੂ ਲੋਕਾਂ ਦੇ ਬੇਲੋੜੇ ਦਬਕਿਆਂ ਤੋਂ ਤੰਗ ਬੂਟੇ ਨੇ ਆਬਦ ਦੇ ਕਹਿਣ ‘ਤੇ ਯੂਰਪ ਦੀ ਤੀਵੀਂ ਨਾਲ ਵਿਆਹ ਦਾ ਫੈਸਲਾ ਕੀਤਾ। ਨਿੱਕੀ ਮੋਟੀ ਰਕਮ ਤੇ ਬਾਕੀ ਕਿਸ਼ਤਾਂ ਕਰਾ ਆਬਦ ਨੇ ਕਾਗ਼ਜ਼ੀ ਪੱਤਰੀਂ ਬੂਟੇ ਦਾ ਵਿਆਹ ਕਰ ਦਿੱਤਾ। 
 
ਵਿਆਹ ਮਗਰੋਂ ਬੂਟਾ ਜੋ ਕਮਾਉਂਦਾ ਤੀਵੀਂ ਹੜੱਪ ਜਾਂਦੀ, ਧੇਲਾ ਨਾਲ ਬਚਦਾ। ਜ਼ਿੰਦਗੀ ਬਦ ਤੋਂ ਬਦਤਰ ਹੋ ਗਈ। ਬੂਟੇ ਨੂੰ ਜਦੋਂ ਪੱਕੇ ਬੰਦੇ ਟਿੱਚਰਾਂ ਕਰਦੇ ਤਾਂ ਬੂਟਾ ਮਨੋਂ ਮਨੀਂ “ਬੂਟਿਆ ਦੜ ਵੱਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ! ਵਰਗੀਆਂ ਕਹਾਵਤਾਂ ਸੁਣਾ ਦਿਲ ਹਲਕਾ ਕਰਦਾ। ਪਰ ਸਿਆਣੇ ਕਹਿੰਦੇ ਚਿੰਤਾ ਚਿਤਾ ਸਮਾਨ, ਬੀਤਦੇ ਦਿਨਾਂ ਨਾਲ ਬੂਟਾ ਵੀ ਬੀਤਦਾ ਜਾ ਰਿਹਾ ਸੀ। ਚਿੰਤਾ ਘੁਣ ਵਾਂਗ ਖਾ ਰਹੀ ਸੀ ਬੂਟੇ ਨੂੰ। ਪਿੰਡ ਮਾਪਿਆਂ ਸਿਰੋਂ ਕਰਜ਼ੇ ਦੀ ਪੰਡ ਨਾ ਲੱਥਣ ਕਰਕੇ ਗਹਿਣੇ ਪਈ ਜ਼ਮੀਨ ਵੀ ਖੁੱਸ ਗਈ।
 
ਅੱਜ ਕੱਲ੍ਹ ਕਰਦਿਆਂ ਮਹੀਨੇ ਸਾਲ ਲੰਘੇ ਨਾ ਪੱਕੇ ਹੋਣ ਦਾ ਥਹੁ ਪਤਾ ਲੱਗਦਾ ਨਾ ਚਾਰ ਛਿੱਲੜਾਂ ਪੱਲੇ ਰਹਿੰਦੀਆਂ। ਬੂਟਾ ਦਿਨੋਂ-ਦਿਨ ਵੱਧਦੀ ਪ੍ਰੇਸ਼ਾਨੀ ਕਾਰਨ ਮਾਨਸਿਕ ਰੋਗੀ ਬਣਦਾ ਜਾ ਰਿਹਾ ਸੀ। ਨੀਂਦ ਨਾ ਆਉਂਦੀ ਤਾਂ ਗਲਾਸ ਭਰਕੇ ਸ਼ਰਾਬ ਦਾ ਅੰਦਰ ਡੋਲਦਾ, ਚਰਸ ਦੀ ਭਰੀ ਸਿਗਰਟ ਦੇ ਲੰਮੇ ਲੰਮੇ ਕਸ਼ ਖਿੱਚਦਾ ਤੇ ਕਿਸਮਤ ਨੂੰ ਕੋਸਦਾ ਆਖਦਾ “ਰੱਬਾ ਪਰਦੇਸੀ ਨਾ ਕੋਈ ਹੋਵੇ, ਕੱਖ ਜਿੰਨ੍ਹਾਂ ਤੋਂ ਭਾਰੇ”।ਪੱਕਿਆਂ ਕਰਾਉਣ ਦੇ ਕਾਗ਼ਜ਼ਾਂ ਤੋਂ ਨਾਂਹ ਨੁੱਕਰ ਕਰਦੀ ਤੀਵੀਂ ਹੱਥੋਂ ਤੰਗ ਬੂਟੇ ਨੇ ਤਲਾਕ ਦਾ ਫੈਸਲਾ ਲਿਆ। ਵਕੀਲ-ਕਚਹਿਰੀਆਂ ਦੇ ਦਰਜਨਾਂ ਗੇੜਿਆਂ ਮਗਰੋਂ ਦੋ ਹਜ਼ਾਰ ਪੌਂਡ ‘ਚ ਰਾਜ਼ੀਨਾਮੇ ਪਿੱਛੋਂ ਤਲਾਕ ਹੋਇਆ ‘ਤੇ ਜਾਨ ਛੁੱਟੀ। 
 
ਪਰ ਕਿੱਥੇ, ਬੂਟਾ ਨਹੀਂ ਸੀ ਜਾਣਦਾ ਕਿ ਉਸਦਾ ਵਾਅ ਬੜੀ ਲਾਲਚਣ ਤੀਵੀਂ ਨਾਲ ਪਿਆ ਸੀ। ਉਨ੍ਹੀ ਦਿਨੀਂ ਸਰਕਾਰ ਗ਼ੈਰ ਕਾਨੂੰਨੀ ਢੰਗ ਨਾਲ ਰਹਿੰਦੇ ਬੰਦੇ ਫੜਾਉਣ ਦੇ ਪੈਸੇ ਦਿੰਦੀ ਸੀ। ਪੁਲਿਸ ਨੇ ਤੀਵੀਂ ਦੀ ਸੂਹ ‘ਤੇ ਛਾਪਾ ਮਾਰ ਬੂਟੇ ਨੂੰ ਫੜ੍ਹ ਲਿਆ। ਪੋਤਰੇ ਦੀ ਇਸ ਮਨਹੂਸ ਖ਼ਬਰ ਨੇ ਦਾਦੇ ਨੂੰ ਮੰਜੇ ‘ਤੇ ਪਾ ਦਿੱਤਾ, ਬੂਟੇ ਦੇ ਹਾਲ ਬਾਰੇ ਸੋਚਦਾ ਬਜ਼ੁਰਗ ਦਿਨ-ਰਾਤ ਹੌਂਕੇ ਭਰਦਾ। 
 
ਅਦਾਲਤੀ ਕਾਰਵਾਈ ਪਿੱਛੋਂ ਬੇਵੱਸ ਬੂਟੇ ਨੂੰ ਪੁਲਿਸ ਨੇ ਵਾਪਸ ਭੇਜ ਦਿੱਤਾ। ਜ਼ਿੰਦਗੀ ਦੀ ਜੰਗ ਹਾਰ ਬੂਟਾ ਜਦੋਂ ਘਰ ਅੱਪੜਿਆਂ ਤਾਂ ਵਿਹੜੇ ‘ਚ ਮੰਜੇ ਦੁਆਲੇ ਕੀਰਨੇ ਪਾਉਂਦੀਆਂ ਬੁੱਢੀਆ ਦੇਖ ਧਾਹ ਨਿਕਲ ਗਈ। ਦਾਦੇ ਦੇ ਅਕਾਲ ਚਲਾਣੇ ਦਾ ਡਾਢਾ ਦੁੱਖ ਲੱਗਾ ਬੂਟੇ ਨੂੰ, ਦਾਦਾ ਉਸਦਾ ਮਿਹਨਕਸ਼ ਤੇ ਮੁਸੀਬਤਾਂ ਤੋਂ ਬੇਖੌਫ਼ ਜ਼ਿੰਦਗੀ ਜਿਉਣ ਵਾਲਾ ਇੱਕ ਪ੍ਰੇਰਨਾਦਾਇਕ ਇਨਸਾਨ ਸੀ। ਦਾਦੇ ਦੇ ਨਕਸ਼ੇ ਕਦਮਾਂ ‘ਤੇ ਤੁਰਦੇ ਬੂਟੇ ਨੇ ਜ਼ਿੰਦਗੀ ਦੀ ਮੁੜ੍ਹ ਨਵੀਂ ਸ਼ੁਰੂਆਤ ਕੀਤੀ, ਸਖ਼ਤ ਮਿਹਨਤ ਨਾਲ ਅੱਜ ਹੋਰ ਕੱਲ੍ਹ ਹੋਰ ਦਿਨ ਫਿਰਦੇ ਗਏ। ਦੇਸ ‘ਚ ਕੀਤੀ ਮਿਹਨਤ ਪ੍ਰਦੇਸੋਂ ਵੱਧ ਰੰਗ ਲਿਆਈ, ਬੂਟਾ ਹੁਣ ਆਪਣੇ ਬੱਚਿਆਂ ਨਾਲ ਪਿੰਡ ਇੱਜ਼ਤ ਦੀ ਜ਼ਿੰਦਗੀ ਜੀਅ ਰਿਹਾ ਹੈ .... !! 
 
✍️ ਗੁਰਪ੍ਰੀਤ ਢਿੱਲੋਂ,
 

Have something to say? Post your comment

 
 
 
 
 
Subscribe