ਪੰਜਾਬ ਸਰਕਾਰ ਅਤੇ ਯੂਨੀਸੈਫ਼ (ਯੁਵਾਹ) ਵੱਲੋਂ ਸਾਂਝੇ ਤੌਰ' ਤੇ ਤਿਆਰ ‘ਵਾਇਸਿਜ਼ ਆਫ਼ ਯੁਵਾਹ' ਰਿਪੋਰਟ ਕੀਤੀ ਜਾਰੀ
 
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ‘ਪੰਜਾਬ ਦਾ ਮਾਣ' ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਸਰਕਾਰ ਅਤੇ ਯੂਨੀਸੈਫ਼ (ਯੁਵਾਹ) ਵੱਲੋਂ ਸਾਂਝੇ ਤੌਰ' ਤੇ ਤਿਆਰ ਕੀਤੀ ‘ਵਾਇਸਿਜ਼ ਆਫ਼ ਯੁਵਾਹ’ ਰਿਪੋਰਟ ਵੀ ਜਾਰੀ ਕੀਤੀ।
 
ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਅਤੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਸਣੇ ਆਨਲਾਈਨ ਪ੍ਰੋਗਰਾਮ 'ਚ ਸ਼ਾਮਾਲ ਹੁੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ‘ਪੰਜਾਬ ਦਾ ਮਾਣ' ਪ੍ਰੋਗਰਾਮ ਪੰਜਾਬ ਸਰਕਾਰ ਅਤੇ ਯੂਨੀਸੈਫ਼ (ਯੁਵਾਹ) ਦੀ ਸਾਂਝੀ ਪਹਿਲਕਦਮੀ ਹੈ ਅਤੇ ਇਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਸਤ 2020 ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਤਹਿਤ ਪੰਜਾਬ ਦਾ ਮਾਣ ਪ੍ਰੋਗਰਾਮ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਸੇਧ,  ਹੁਨਰ ਸਿਖਲਾਈ,  ਉੱਦਮੀ ਹੁਨਰ ਅਤੇ ਨੌਕਰੀਆਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ।
 
ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨ ਸੰਗਠਨਾਂ,  ਸਰਕਾਰੀ ਸੰਸਥਾਵਾਂ,  ਕਾਰੋਬਾਰੀ ਭਾਈਵਾਲਾਂ,  ਤਕਨਾਲੌਜੀ ਕੰਪਨੀਆਂ ਅਤੇ ਬਹੁਪੱਖੀ ਸੰਸਥਾਵਾਂ ਨੂੰ ਸ਼ਾਮਲ ਕਰਦਿਆਂ ਪੰਜਾਬ ਦਾ ਮਾਣ ਪ੍ਰੋਗਰਾਮ ਦਾ ਉਦੇਸ਼ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਘੱਟੋ-ਘੱਟ 1, 00, 000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ,  21ਵੀਂ ਸਦੀ ਦੇ ਢੁੱਕਵੇਂ ਹੁਨਰਾਂ ਅਤੇ ਨਾਗਰਿਕ ਕੇਂਦਰਤ ਫ਼ੈਸਲੇ ਲੈਣ ਦੀਆਂ ਸੰਭਾਵਨਾਵਾਂ ਨਾਲ ਜੋੜਨਾ ਹੈ। ਪੰਜਾਬ ਸਰਕਾਰ ਅਤੇ ਐਨ.ਜੀ.ਓ. ਭਾਈਵਾਲਾਂ ਨਾਲ ਸਾਂਝੇਦਾਰੀ ਵਜੋਂ ਯੁਵਾਹ ਸੰਸਥਾ ਸੂਬੇ ਵਿੱਚ ਨਾਗਰਿਕ ਰੁਝੇਵਿਆਂ ਲਈ ਪ੍ਰੋਗਰਾਮ ਉਲੀਕ ਰਹੀ ਹੈ ਜਿਸ ਦਾ ਉਦੇਸ਼ 21ਵੀਂ ਸਦੀ ਦੀਆਂ ਲੋੜੀਂਦੀਆਂ ਮੁਹਾਰਤਾਂ ਜਿਵੇਂ ਆਲੋਚਨਾਤਮਕ ਸੋਚ,  ਸਮੱਸਿਆ ਦਾ ਹੱਲ,  ਵਿਚਾਰਾਂ ਦਾ ਅਦਾਨ-ਪ੍ਰਦਾਨ,  ਡਾਟਾ ਨਿਰਧਾਰਨ,  ਹੱਲ ਲਈ ਵੱਖ-ਵੱਖ ਕਦਮ ਚੁੱਕਣਾ ਅਤੇ ਤਬਦੀਲੀ ਲਿਆਉਣ ਤੇ ਫ਼ੈਸਲਾ ਲੈਣ ਦੇ ਸਮਰੱਥ ਬਣਾਉਣਾ ਅਤੇ ਮੁਕਾਮੀ ਆਗੂਆਂ ਵਜੋਂ ਸਥਾਪਤ ਕਰਨਾ ਹੈ।
 
ਆਪਣੇ ਸੰਬੋਧਨ ਦੌਰਾਨ ਰਾਣਾ ਸੋਢੀ ਨੇ ਕਿਹਾ,  “ਅਸੀਂ ਨੌਜਵਾਨਾਂ ਨੂੰ ਸਮਾਜਿਕ ਵਰਗਾਂ ਨਾਲ ਜੋੜਨ,  ਤਕਨੀਕੀ ਸਿੱਖਿਆ ਨਾਲ ਜੋੜਨ,  ਉਨ੍ਹਾਂ ਨੂੰ ਹੁਨਰਮੰਦ ਬਣਾਉਣ ਅਤੇ ਵਧੀਆ ਰੋਜ਼ਗਾਰ ਦੇ ਯੋਗ ਬਣਾਉਣ ਲਈ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਅਸੀਂ ਨੌਜਵਾਨਾਂ ਨੂੰ ਸਮਰੱਥ ਬਣਾਉਣ ਪ੍ਰਤੀ ਵਚਨਬੱਧ ਹਾਂ ਕਿਉਂਕਿ ਇਹੀ ਸਾਡਾ ਭਵਿੱਖ ਹਨ। ਨੋਡਲ ਵਿਭਾਗ ਹੋਣ ਨਾਤੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਯੂਨੀਸੈਫ਼ ਅਤੇ ਭਾਈਵਾਲਾਂ ਨਾਲ ਕੰਮ ਕਰਨ ਲਈ ਤਿਆਰ ਹੈ। 
 
ਇਸ ਤੋਂ ਪਹਿਲਾਂ ਯੁਵਾਹ ਦੇ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਵੱਡੀ ਪੱਧਰ 'ਤੇ ਉਲੀਕੀ ਗਈ ਯੂ-ਰਿਪੋਰਟ ਚੋਣ ਵਿੱਚ 28, 000 ਤੋਂ ਵੱਧ ਨੌਜਵਾਨਾਂ ਦੀ ਸਿੱਖਿਆ,  ਹੁਨਰ ਅਤੇ ਰੋਜ਼ਗਾਰ ਤੱਕ ਪਹੁੰਚ ਬਾਰੇ ਪੋਲ ਦਾ ਮੁਲਾਂਕਣ ਕੀਤਾ ਗਿਆ ਹੈ,  ਜੋ ਭਾਈਵਾਲੀ ਵਲੋਂ ਜਾਰੀ ਕੀਤੀ ਗਈ 'ਵਾਇਸਿਜ਼ ਆਫ਼ ਯੁਵਾਹ' ਦਾ ਹਿੱਸਾ ਹਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਪੰਜਾਬ ਦਾ ਮਾਣ ਪ੍ਰੋਗਰਾਮ ਹੁਨਰ,  ਕਿੱਤੇ ਦੇ ਮਾਰਗਦਰਸ਼ਨ ਅਤੇ ਰੋਜ਼ਗਾਰ ਨੂੰ ਨੌਜਵਾਨਾਂ ਨਾਲ ਜੋੜਨ ਲਈ ਪੇਸ਼ ਕਰੇਗਾ ਤਾਂ ਜੋ ਨੌਜਵਾਨਾਂ ਦੀਆਂ ਇੱਛਾਵਾਂ ਦੀ ਪੂਰਤੀ ਵਿੱਚ ਸਹਾਇਤਾ ਕੀਤੀ ਜਾ ਸਕੇ।
 
ਇਸ ਉਪਰੰਤ ਪੈਨਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਜਿਸ ਵਿੱਚ ਸਰਕਾਰੀ ਸਕੀਮਾਂ ਨੂੰ ਪੰਜਾਬ ਦੇ ਨੌਜਵਾਨਾਂ ਦੀਆਂ ਲੋੜਾਂ ਮੁਤਾਬਕ ਬਣਾਉਣ,  ਉਨ੍ਹਾਂ ਦੇ ਉਦਮਾਂ ਵਿੱਚ ਮਦਦਗਾਰ ਬਣਾਉਣ ਅਤੇ ਰੋਜ਼ਗਾਰ ਮੁਖੀ ਬਣਾਉਣ ਬਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਖੇਡ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਅਤੇ ਗਵਰਨੈਂਸ ਫੈਲੋ ਤਪਿੰਦਰ ਕੌਰ ਘੁੰਮਣ ਵੀ ਮੌਜੂਦ ਸਨ।