ਮੁਹਾਲੀ ਸ਼ਹਿਰ 'ਚ ਹੋਵੇਗਾ ਰਿਕਾਰਡਤੋੜ ਵਿਕਾਸ : ਪਰਵਿੰਦਰ ਸੋਹਾਣਾ,  ਫੂਲਰਾਜ ਸਿੰਘ
 
  
ਮੁਹਾਲੀ : ਆਜ਼ਾਦ ਗਰੁੱਪ ਵਲੋਂ ਮੁਹਾਲੀ ਨਗਰ ਨਿਗਮ ਦੀਆਂ  ਚੋਣਾਂ ਦੇ ਸੰਬੰਧ 'ਚ ਅੱਜ ਦੂਸਰੀ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ 12 ਉਮੀਦਵਾਰਾਂ ਦੇ ਨਾਮ ਜਾਰੀ ਕਰਦਿਆਂ ਆਜ਼ਾਦ ਗਰੁੱਪ ਦੇ ਆਗੂ ਸ.ਪਰਵਿੰਦਰ ਸਿੰਘ ਸੋਹਾਣਾ,  ਨੇ ਕਿਹਾ ਕਿ ਪਿਛਲੇ ਸਮੇਂ ‘ਚ ਮੁਹਾਲੀ ਦੇ ਵਿਕਾਸ ਦੀ ਚਲਦੀ ਗੱਡੀ ਨੂੰ ਭਾਵੇਂ ਬਲਵੀਰ ਸਿੰਘ ਸਿੱਧੂ ਨੇ ਬ੍ਰੇਕਾਂ ਲਾ ਕੇ ਖੜਾਉਣ ਦੀ ਨਾਕਾਰੀ ਜਿਹੀ ਕੋਸ਼ਿਸ਼ ਕੀਤੀ ਸੀ ਪਰ ਮੋਹਾਲੀ ਦੇ ਲੋਕ ਹੁਣ 14 ਫ਼ਰਵਰੀ ਨੂੰ ਆਜ਼ਾਦ ਗਰੁੱਪ ਨੂੰ ਵੋਟਾਂ ਪਾ ਕੇ ਦੱਸ ਦੇਣਗੇ ਕਿ ਉਹ ਸਥਾਨਕ ਵਿਧਾਇਕ ਤੇ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਉਸ ਦੀ ਭ੍ਰਿਸ਼ਟ ਜੁੰਡਲ਼ੀ ਤੋਂ ਸ਼ਹਿਰ ਨੂੰ ਨਿਜਾਤ ਦਿਵਾਉਣ ਲਈ ਆਜ਼ਾਦ ਗਰੁੱਪ ਮੁਹਾਲੀ ਨੂੰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਵੀ ਉਹਨਾਂ ਮੁਹਾਲੀ ਦਾ ਇਕ-ਸਾਰ,  ਲਗਾਤਾਰ ਤੇ ਬਿਨਾ ਪੱਖਪਾਤ ਤੋਂ ਵਿਕਾਸ ਕੀਤਾ ਤੇ ਅੱਗੇ  ਵੀ ਇਹੀ ਨੀਤੀ ਜਾਰੀ ਰਹੇਗੀ। 
     ਬਲਵੀਰ ਸਿੰਘ ਸਿੱਧੂ ਵੱਲੋਂ ਆਪਣੇ ਸੌੜੇ ਹਿੱਤਾਂ ਨੂੰ ਮੁੱਖ ਰੱਖ ਕੇ ਜਿਵੇਂ ਸ਼ਹਿਰ ਦੇ ਸੈਕਟਰਾਂ ਤੇ ਪਿੰਡਾਂ ਨੂੰ ਟੁਕੜੇ ਟੁਕੜੇ ਕਰਕੇ ਵਾਰਡਬੰਦੀ ਕੀਤੀ ਗਈ ਹੈ,  ਸ਼ਹਿਰ ਦੇ ਲੋਕ ਇਸ ਤੋਂ ਨਾਰਾਜ਼ ਹਨ ਅਤੇ ਉਹ ਸ਼ਹਿਰ ਦੇ ਵਿਕਾਸ ਦੀ ਥਾਂ ਆਪਣੇ ਵਿਅਕਤੀਆਂ ਦੇ ਵਿਕਾਸ ਲਈ ਇਸ ਨੀਤੀ ਨੂੰ ਨਾਕਾਰ ਦੇਣਗੇ। 
       ਆਜ਼ਾਦ ਗਰੁੱਪ ਦੇ ਟੀਚਿਆਂ ਬਾਰੇ ਬੋਲਦਿਆਂ ਫੂਲਰਾਜ ਸਿੰਘ ਨੇ ਕਿਹਾ ਕਿ ਸ਼ਹਿਰ ਦਾ ਪਹਿਲਾਂ ਦੀ ਤਰ੍ਹਾਂ ਭ੍ਰਿਸ਼ਟਾਚਾਰ ਰਹਿਤ ਵਿਕਾਸ ਜਾਰੀ ਰਹੇਗਾ। ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਵਿਕਾਸ ਲਈ ਪਾਸ ਕੀਤੇ 200 ਟੈਂਡਰ,  ਜੋ ਬਲਵੀਰ ਸਿੰਘ ਸਿੱਧੂ ਵੱਲੋਂ ਰੁਕਵਾ ਦਿੱਤੇ ਗਏ ਸਨ ਉਹ ਜਾਰੀ ਕੀਤੇ ਜਾਣਗੇ।

        ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਆਜ਼ਾਦ ਗਰੁੱਪ ਦੇ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਪਾਰਕਾਂ,  ਸੜਕਾਂ,  ਪਾਰਕਿੰਗ ਥਾਂਵਾਂ,  ਸਫਾਈ,  ਸੀਵਰੇਜ,  ਸਿਹਤ ਲਈ ਜਿੰਮ,   ਫਿਰ ਸੁਥਰਾ ਪਾਣੀ,  ਸਟਰੀਟ ਲਾਈਟਾਂ ਆਦਿ ਵਿਕਾਸ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਿਆ ਸੀ ਤੇ ਸ਼ਹਿਰ ਲਈ ਨਵੀਂ ਸੀਵਰੇਜ ਲਾਈਨਤੇ ਪਾਣੀ ਦੀ ਲਾਈਨ ਸ਼ੁਰੂ ਕਰਵਾਈ ਗਈ ਸੀ ਜੋ ਵਿਕਾਸ ਅਧੀਨ ਹੈ। 
        ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹਿਰ ਲਈ ਆਧੁਨਿਕ ਪਰੂਨਿੰਗ ਮਸ਼ੀਨ ਲਿਆ ਕੇ ਦਰਖ਼ਤਾਂ ਦੀ ਛੰਗਾਈ ਕਰਨ,  ਗੈਸ ਪਾਈਪ ਲਾਈਨ,  ਸਿਟੀ ਬੱਸ ਸਰਵਿਸ,  ਗਮਾਡਾ ਅਧੀਨ ਆਉਂਦੇ ਸੈਕਟਰਾਂ ਦੇ ਮਹਿੰਗੇ ਪਾਣੀ ਬਿੱਲਾਂ ਨੂੰ ਕਾਰਪੋਰੇਸ਼ਨ ਅਧੀਨ ਲਿਆਉਣ,  ਸੋਸਾਇਟੀਆਂ ਦਾ ਸ਼ਹਿਰ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਵਿਕਾਸ ਕਰਨ ਲਈ ਮਤੇ ਪਾਸ ਕੀਤੇ ਸਨ ਪਰ ਸ. ਬਲਵੀਰ ਸਿੰਘ ਸਿੱਧੂ ਨੇ ਸਰਕਾਰ ਚ ਹੁੰਦਿਆਂ ਸ਼ਹਿਰ ਦੇ ਵਿਕਾਸ ਲਈ ਕੋਈ ਸਰਕਾਰੀ ਮਦਦ ਦੇਣ ਦੀ ਬਜਾਏ ਆਪਣੇ ਸੌੜੇ ਹਿਤਾਂ ਲਈ ਉਪਰਲੇ ਕਾਰਜਾਂ ਨੂੰ ਰੁਕਵਾ ਕੇ ਸ਼ਹਿਰ ਦਾ ਵਿਕਾਸ ਰੋਕਿਆ ਜਿਸ ਦਾ ਖ਼ਮਿਆਜ਼ਾ ਹੁਣ ਉਸ ਨੂੰ ਭੁਗਤਣਾ ਪਵੇਗਾ,  ਤੇ ਸ਼ਹਿਰ ਦੇ ਲੋਕ ਹੁਣ ਵਿਆਜ ਸਮੇਤ ਮੂਲ ਮੋੜਨਗੇ।