ਗਲਾਸਗੋ : ਚੀਨ ਦੀ ਸਹਾਇਤਾ ਨਾਲ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਬਹਾਲ ਕਰਨ ਦੇ ਆਪਣੇ ਬਿਆਨ ਨੂੰ ਲੈ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ 'ਤੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਪੀਓਕੇ ਦੇ ਕਾਰਕੁਨ ਅਮਜਦ ਅਯੂਬ ਮਿਰਜ਼ਾ ਨੇ ਅਬਦੁੱਲਾ ਪਰਿਵਾਰ ਨੂੰ ਦੋਹਰਾ ਸੱਪ ਦੱਸਦਿਆਂ ਕਸ਼ਮੀਰੀਆਂ ਨੂੰ ਉਨ੍ਹਾਂ ਕੋਲੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ : ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖਾਧਾ ਜ਼ਹਿਰ,  ਮਾਂ-ਧੀ ਦੀ ਮੌਤ
ਇਕ ਵੀਡੀਓ ਸੰਦੇਸ਼ ਵਿਚ ਮਿਰਜ਼ਾ ਨੇ ਕਿਹਾ,  ਸ਼ੇਖ ਅਬਦੁੱਲਾ,  ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਗੱਦਾਰ ਹਨ। ਉਨ੍ਹਾਂ ਨੇ ਕਸ਼ਮੀਰੀਆਂ ਦੀ ਕਦੇ ਪ੍ਰਵਾਹ ਨਹੀਂ ਕੀਤੀ। ਉਹ ਸਿਰਫ ਆਪਣੇ ਬਾਰੇ ਚਿੰਤਤ ਰਹੇ।  ਸ਼ੇਖ ਅਬਦੁੱਲਾ ਨੇ ਕਸ਼ਮੀਰੀਆਂ ਨੂੰ ਧੋਖਾ ਦਿੱਤਾ। ਫਾਰੂਕ ਅਤੇ ਉਮਰ ਨੇ ਵੀ ਇਹੀ ਕੀਤਾ। ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਉਨ੍ਹਾਂ ਨੇ ਕਿੰਨੀ ਵਾਰ ਪੀਓਕੇ ਵਿਰੁੱਧ ਮਤਾ ਪਾਸ ਕੀਤਾ। ਗਿਲਗਿਤ-ਬਾਲਟਿਸਤਾਨ ਵਿੱਚ ਐਕਟ 74,  ਅਨੁਸੂਚੀ 4 ਅਤੇ ਅੱਤਵਾਦ ਰੋਕੂ ਐਕਟ? ਜਦੋਂ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ,  ਜੰਗਲਾਂ ਨੂੰ ਉਖਾੜ ਦਿੱਤਾ ਗਿਆ,  ਪਹਾੜਾਂ ਵਿਚ ਨਾਜਾਇਜ਼ ਮਾਈਨਿੰਗ ਕੀਤੀ ਗਈ,  ਉਦੋਂ ਇਹ ਲੋਕ ਕਿਥੇ ਸਨ? ਉਨ੍ਹਾਂ ਨੇ ਕਦੇ ਆਪਣੀ ਆਵਾਜ਼ ਨਹੀਂ ਬੁਲੰਦ ਕੀਤੀ,  ਕਿਉਂਕਿ ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਦਾ ਵੋਟ ਬੈਂਕ ਪ੍ਰਭਾਵਤ ਹੁੰਦਾ।
ਮਿਰਜ਼ਾ ਨੇ ਅਬਦੁੱਲਾ ਪਰਿਵਾਰ 'ਤੇ ਸਵਾਲ ਚੁੱਕੇ ਅਤੇ ਕਿਹਾ,  ਵਿਧਾਨ ਸਭਾ ਵਿਚ ਭੇਜਣ ਦੇ ਬਾਵਜੂਦ,  ਇਨ੍ਹਾਂ ਲੋਕਾਂ ਨੇ ਕਸ਼ਮੀਰ ਲਈ ਕੁਝ ਨਹੀਂ ਕੀਤਾ ਅਤੇ ਹੁਣ ਕੇਂਦਰ ਸਰਕਾਰ ਤੋਂ ਧਾਰਾ 370 ਹਟਾਉਣ ਲਈ ਸਵਾਲ ਕਰ ਰਹੇ ਹਨ। ਤੁਸੀਂ ਲੋਕ ਰਾਜ ਵਿੱਚ ਭੂਗੋਲਿਕ ਤਬਦੀਲੀਆਂ ਲਈ ਜ਼ਿੰਮੇਵਾਰ ਹੋ ।ਤੁਹਾਡੇ ਸ਼ਾਸਨ ਅਧੀਨ ਲੱਖਾਂ ਹਿੰਦੂ ਉੱਜੜ ਗਏ ਅਤੇ ਤੁਸੀਂ ਉਸ ਵੇਲ੍ਹੇ ਪਰਿਵਾਰ ਨਾਲ ਲੰਡਨ ਵਿੱਚ ਸੀ।
ਮਿਰਜ਼ਾ ਨੇ ਕਿਹਾ,  ਜੇ ਸਾਡੇ ਕੋਲ ਫਾਰੂਕ,  ਉਮਰ ਅਤੇ ਮਹਿਬੂਬਾ ਮੁਫਤੀ ਵਰਗੇ ਲੋਕ ਹੋਣ ਤਾਂ ਗੱਦਾਰਾਂ ਦੀ ਕੋਈ ਲੋੜ ਨਹੀਂ। ਕਸ਼ਮੀਰੀਆਂ ਨੂੰ ਅਜਿਹੇ ਲੋਕਾਂ ਨਾਲ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੇ ਲੋਕ ਆਪਣੇ ਬਾਰੇ ਅਤੇ ਪਰਿਵਾਰ ਬਾਰੇ ਸੋਚਦੇ ਹਨ। ਜਦੋਂ ਕਸ਼ਮੀਰ ਬਲ ਰਿਹਾ ਸੀ,  ਤਾਂ ਇਨ੍ਹਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਵਿਦੇਸ਼ ਪੜ੍ਹਨ ਲਈ ਭੇਜ ਦਿੱਤਾ।  ਇਹ ਕਸ਼ਮੀਰ ਜਾਂ ਭਾਰਤ ਦੇ ਦੋਸਤ ਨਹੀਂ ਹਨ।