ਮੁੰਬਈ : ਬਾਲੀਵੁੱਡ ਅਤੇ ਸਾਊਥ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਤਮੰਨਾ ਭਾਟੀਆ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ,  ਤਮੰਨਾ ਹੈਦਰਾਬਾਦ ਵਿਚ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੀ ਸੀ ਜਦੋਂ ਉਸ ਨੂੰ ਥੋੜੀ ਬੀਮਾਰ ਮਹਿਸੂਸ ਹੋਣ ਲੱਗੀ। ਉਸ ਨੂੰ ਜਲਦੀ ਹੀ ਟੈਸਟਾਂ ਲਈ ਹਸਪਤਾਲ ਲਿਜਾਇਆ ਗਿਆ,  ਜਿਥੇ ਉਹ ਕੋਵਿਡ 19 ਪਾਜ਼ੇਟਿਵ ਪਾਈ ਗਈ। ਹਾਲਾਂਕਿ ਖ਼ਬਰਾਂ ਤਾਂ ਇਹ ਵੀ ਹਨ ਕਿ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਸ ਸਮੇਂ ਹਸਪਤਾਲ 'ਚ ਦਾਖ਼ਲ ਹੈ। ਦੱਸ ਦਈਏ ਕਿ ਅਗਸਤ ਵਿਚ ਤਮੰਨਾ ਦੇ ਪਿਤਾ ਸੰਤੋਸ਼ ਭਾਟੀਆ ਅਤੇ ਮਾਂ ਰਜਨੀ ਭਾਟੀਆ ਦੀ ਕੋਰੋਨਾ ਟੈਸਟ ਰਿਪੋਰਟ ਸਕਾਰਾਤਮਕ ਆਈ ਸੀ। ਇਹ ਜਾਣਕਾਰੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਤਮੰਨਾ ਨੇ ਪੋਸਟ ਵਿਚ ਦੱਸਿਆ ਕਿ ਮੇਰੇ ਮਾਤਾ-ਪਿਤਾ ਕੋਰੋਨਾ ਨਾਲ ਸਬੰਧਤ ਲੱਛਣ ਨਜ਼ਰ ਆ ਰਹੇ ਸਨ ਅਤੇ ਜਦੋਂ ਟੈਸਟ ਕੀਤਾ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ। ਤਮੰਨਾ ਜਲਦ ਹੀ ਬਾਲੀਵੁੱਡ ਫ਼ਿਲਮ ‘ਬੋਲੇ ਚੂਡੀਆ’ ‘ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਵਿਚ ਨਵਾਜ਼ੂਦੀਨ ਸਿਦੀਕੀ ਅਤੇ ਕਬੀਰ ਦੁਹਾਨ ਸਿੰਘ ਵੀ ਮੁੱਖ ਭੂਮਿਕਾਵਾਂ ਵਿਚ ਹਨ। ਖ਼ਾਸ ਗੱਲ ਇਹ ਹੈ ਕਿ ਹੁਣ ਤੱਕ ਬਹੁਤ ਸਾਰੇ ਫ਼ਿਲਮੀ ਸਿਤਾਰੇ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਅਮਿਤਾਭ ਬੱਚਨ,  ਅਭਿਸ਼ੇਕ ਬੱਚਨ,  ਐਸ਼ਵਰਿਆ ਰਾਏ ਬੱਚਨ ਤੋਂ ਲੈ ਕੇ ਮਲਾਇਕਾ ਅਰੋੜਾ,  ਅਰਜੁਨ ਕਪੂਰ,  ਆਫਤਾਬ ਸ਼ਿਵਦਾਸਾਨੀ,  ਜੇਨੇਲੀਆ ਡੀ ਸੋਜ਼ਾ ਤੋਂ ਲੈ ਕੇ ਬਹੁਤ ਸਾਰੇ ਸੈਲੇਬ੍ਰਿਟੀਜ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ।