ਕਬੱਡੀ ਚੈਂਪੀਅਨਸ਼ਿਪ ਦੌਰਾਨ ਰਾਣਾ ਗੁਰਜੀਤ ਸਿੰਘ ਦਾ ਸ਼ਾਨਦਾਰ ਸਨਮਾਨ
*ਰਾਣਾ ਗੁਰਜੀਤ ਸਿੰਘ ਵੱਲੋਂ 2027 ਦੀ ਕਬੱਡੀ ਚੈਂਪੀਅਨਸ਼ਿਪ ‘ਚ ਗਾਇਕਾਂ ਦੇ ਅਖਾੜੇ ਦਾ ਵੱਡਾ ਐਲਾਨ*
ਕਪੂਰਥਲਾ 8 ਫਰਵਰੀ, 2026 ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਇਥੇ ਵਿਖੇ ਆਯੋਜਿਤ ਕਬੱਡੀ ਚੈਂਪੀਅਨਸ਼ਿਪ ਦੌਰਾਨ ਦੁਆਬਾ ਸਪੋਰਟਸ ਕਲੱਬ ਵੱਲੋਂ ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਅਤੇ ਖਿਡਾਰੀਆਂ ਪ੍ਰਤੀ ਸਹਿਯੋਗੀ ਸੋਚ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਰਾਣਾ ਗੁਰਜੀਤ ਸਿੰਘ ਨੇ ਦੁਆਬਾ ਸਪੋਰਟਸ ਕਲੱਬ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਰੂਹ ਵਿੱਚ ਵਸੀ ਕਬੱਡੀ ਵਰਗੀ ਖੇਡ ਨੂੰ ਉੱਚਾਈਆਂ ‘ਤੇ ਲਿਜਾਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਸਿਹਤਮੰਦ ਜੀਵਨ ਅਤੇ ਰਾਸ਼ਟਰੀ ਪੱਧਰ ‘ਤੇ ਪੰਜਾਬ ਦੀ ਪਹਿਚਾਣ ਮਜ਼ਬੂਤ ਕਰਦੀਆਂ ਹਨ।
ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਲਈ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲ 2027 ਵਿੱਚ ਹੋਣ ਵਾਲੀ ਕਬੱਡੀ ਚੈਂਪੀਅਨਸ਼ਿਪ ਦੌਰਾਨ ਪ੍ਰਸਿੱਧ ਗਾਇਕਾਂ ਦਾ ਸ਼ਾਨਦਾਰ ਅਖਾੜਾ ਉਨ੍ਹਾਂ ਵੱਲੋਂ ਲਗਵਾਇਆ ਜਾਵੇਗਾ, ਤਾਂ ਜੋ ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਰੰਗ ਵੀ ਮਾਣਿਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਕਪੂਰਥਲਾ ਦੀ ਧਰਤੀ ਸਦਾ ਹੀ ਖੇਡਾਂ ਅਤੇ ਕਲਾਕਾਰੀਆਂ ਦੀ ਜਨਮ ਭੂਮੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਖੇਡਾਂ ਦੇ ਉਤਸ਼ਾਹ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਰਹੇਗਾ।