Thursday, December 11, 2025
BREAKING NEWS
ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀਰਾਹੁਲ ਗਾਂਧੀ ਦਾ ਜਰਮਨੀ ਦੌਰਾ: ਭਾਜਪਾ ਦੀ ਆਲੋਚਨਾ ਅਤੇ ਪ੍ਰਿਯੰਕਾ ਦਾ ਜਵਾਬੀ ਹਮਲਾDiwali Earns UNESCO Recognition, Delhi to Celebrate the Festival Once Again in a Grand Wayਨਵਜੋਤ ਕੌਰ ਸਿੱਧੂ ਦੇ ਬਿਆਨਾਂ 'ਤੇ ਕਾਂਗਰਸ ਅੰਦਰ ਵਿਵਾਦ: ਅਨਿਲ ਜੋਸ਼ੀ ਵੱਲੋਂ ਮਾਣਹਾਨੀ ਦਾ ਕੇਸ ਦਾਇਰ ਕਰਨ ਦਾ ਐਲਾਨShocking Video: High-Speed Plane Makes Emergency Landing on Highway, Crashes Into Car in Floridaਅਕਾਲੀ ਦਲ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ: AI ਵੀਡੀਓ ਰਾਹੀਂ ਚੰਨੀ 'ਤੇ CM ਦੀ ਕੁਰਸੀ ਖਰੀਦਣ ਦਾ ਦੋਸ਼ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਚੇਤਾਵਨੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (10 ਦਸੰਬਰ 2025)ਸੋਨੀਆ ਗਾਂਧੀ ਨੂੰ ਅਦਾਲਤ ਤੋਂ ਵੱਡਾ ਝਟਕਾ: ਨਾਗਰਿਕਤਾ ਮਾਮਲੇ ਵਿੱਚ ਨੋਟਿਸ ਜਾਰੀਡੋਨਾਲਡ ਟਰੰਪ ਭਾਰਤ 'ਤੇ ਇੱਕ ਹੋਰ ਟੈਰਿਫ ਲਗਾ ਸਕਦੇ ਹਨ

ਪੰਜਾਬ

ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ

December 10, 2025 07:12 PM
ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ
 
• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਦਰਸਾਇਆ ਗਿਆ
• ਦੋਵਾਂ ਦੇਸ਼ਾਂ ਦੀ ਆਪਣੀ ਫੇਰੀ ਦੀ ਹਰੇਕ ਦਿਨ ਦੇ ਆਧਾਰ ਉਤੇ ਰਿਪੋਰਟ ਕੀਤੀ ਪੇਸ਼
• ਆਉਣ ਵਾਲਾ ਨਿਵੇਸ਼ਕ ਸੰਮੇਲਨ ਇਨ੍ਹਾਂ ਦੇਸ਼ਾਂ ਦੀ ਤਕਨਾਲੋਜੀ ਨਾਲ ਸੂਬੇ ਦੀ ਪ੍ਰਤਿਭਾ ਦੇ ਇਕਸੁਰ ਹੋਣ ਲਈ ਰਾਹ ਪੱਧਰਾ ਕਰੇਗਾ
 
ਚੰਡੀਗੜ੍ਹ, 10 ਦਸੰਬਰ:
 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਾਲ ਹੀ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਨਿਵੇਸ਼ਕਾਂ ਦਾ ਮਿਲਿਆ ਭਰਵਾਂ ਹੁੰਗਾਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਨਾਲ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉਭਾਰਨ ਵਿੱਚ ਹੋਰ ਤੇਜ਼ੀ ਆਏਗੀ।
 
ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰਿਆਂ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇਤਿਹਾਸਕ ਦੌਰਾ ਉਦਯੋਗਿਕ ਵਿਕਾਸ ਨੂੰ ਤੇਜ਼ੀ ਵਾਲੇ ਪਾਸੇ ਲੈ ਜਾ ਕੇ ਇਸ ਨੂੰ ਜ਼ਰੂਰੀ ਹੁਲਾਰਾ ਦੇਣ ਵਿੱਚ ਸਹਾਇਕ ਹੋਵੇਗਾ।
 
ਮੁੱਖ ਮੰਤਰੀ ਨੇ ਕਿਹਾ ਕਿ ਇਕ ਮੀਟਿੰਗ ਦੌਰਾਨ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇ.ਬੀ.ਆਈ.ਸੀ.) ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਓਗਾਵਾ ਕਾਜੂਨੋਰੀ ਨੇ ਪੰਜਾਬ ਦੇ ਉਦਯੋਗਿਕ ਅਤੇ ਸਾਫ਼-ਸੁਥਰੀ ਊਰਜਾ ਦੇ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਰੁਚੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਜਾਪਾਨੀ ਕੰਪਨੀ ਰਾਹੀਂ ਸੰਭਾਵੀ ਵਿੱਤੀ ਮੌਕਿਆਂ ਬਾਰੇ ਤਕਨੀਕੀ ਵਿਚਾਰ-ਵਟਾਂਦਰਾ ਜਾਰੀ ਰੱਖਣ ਲਈ ਸਹਿਮਤ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੈਂਕ ਨੇ ਪੰਜਾਬ ਨਿਵੇਸ਼ ਸੰਮੇਲਨ ਦੇ ਸੱਦੇ ਦਾ ਵੀ ਸਵਾਗਤ ਕੀਤਾ ਹੈ ਅਤੇ ਇਸ ਵਿੱਚ ਸ਼ਮੂਲੀਅਤ ਦੀ ਇੱਛਾ ਪ੍ਰਗਟਾਈ।
 
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਈਸਨ ਇੰਡਸਟਰੀ ਕੰਪਨੀ ਲਿਮਟਿਡ ਦੇ ਸੀ.ਈ.ਓ. ਅਤੇ ਈ.ਵੀ.ਪੀ. ਟੋਮੋਨੋਰੀ ਕਾਈ ਅਤੇ ਟੋਰੂ ਨਕਾਨੇ ਨੇ ਭਵਿੱਖ ਦੇ ਨਿਰਮਾਣ ਜਾਂ ਖੋਜ ਅਤੇ ਵਿਕਾਸ ਮੌਕਿਆਂ ਲਈ ਪੰਜਾਬ ਦੀਆਂ ਸੰਭਾਵਨਾਵਾਂ ਪ੍ਰਤੀ ਸਕਾਰਾਤਮਕ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਯਾਮਹਾ ਮੋਟਰ ਕੰਪਨੀ ਲਿਮਟਿਡ ਦੇ ਗਲੋਬਲ ਰਣਨੀਤੀ ਪ੍ਰਬੰਧਕ ਅਤੇ ਉਤਪਾਦ ਯੋਜਨਾ ਸਮੂਹ, ਤਨਾਕਾ ਹਿਰੋਕੀ ਅਤੇ ਸੁਜ਼ੂਕੀ ਮਾਰੀ ਨੇ ਇਲੈਕਟ੍ਰਿਕ ਵਹੀਕਲਜ਼, ਖੋਜ ਅਤੇ ਵਿਕਾਸ ਸਹਿਯੋਗ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਵਿੱਚ ਨਿਵੇਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ 2026 ਦੇ ਸੱਦੇ ਦਾ ਵੀ ਸਵਾਗਤ ਕੀਤਾ ਅਤੇ ਪੰਜਾਬ ਦੇ ਨਿਵੇਸ਼ ਅਨੁਕੂਲ ਮਾਹੌਲ ਨਾਲ ਜੁੜੇ ਰਹਿਣ ਵਿੱਚ ਦਿਲਚਸਪੀ ਦਿਖਾਈ।
 
ਮੁੱਖ ਮੰਤਰੀ ਨੇ ਕਿਹਾ ਕਿ ਹੌਂਡਾ ਮੋਟਰ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਡਿਪਾਰਟਮੈਂਟ ਮੈਨੇਜਰ ਤਤਸੁਆ ਨਾਕਾਮੁਰਾ ਅਤੇ ਆਈ.ਟੀ.ਓ. ਕਿਓਸ਼ੀ ਨੇ ਪੰਜਾਬ ਵਿੱਚ ਭਾਰਤੀ ਭਾਈਵਾਲਾਂ ਰਾਹੀਂ ਕੰਪੋਨੈਂਟ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਆਖੀ। ਭਗਵੰਤ ਸਿੰਘ ਮਾਨ ਨੇ ਕੰਪਨੀ ਨੂੰ ਪੂਰੀ ਸਹੂਲਤ ਅਤੇ ਨੀਤੀਗਤ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਪੰਜਾਬ ਨਿਵੇਸ਼ ਸੰਮੇਲਨ 2026 ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਦੇ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਯਾਮਾਦਾ ਤਤਸੁਆ ਨੇ ਤਕਨੀਕੀ ਸਹਿਯੋਗ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਖ਼ਾਸ ਕਰ ਕੇ ਫਸਲੀ ਵਿਭਿੰਨਤਾ ਵਿੱਚ ਪੰਜਾਬ ਦੀਆਂ ਵਿਕਾਸ ਪਹਿਲਕਦਮੀਆਂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਦੀ ਪੁਸ਼ਟੀ ਕੀਤੀ।
 
ਮੁੱਖ ਮੰਤਰੀ ਨੇ ਕਿਹਾ ਕਿ ਜੇ.ਆਈ.ਸੀ.ਏ. ਨਾਲ ਵਿਚਾਰ-ਵਟਾਂਦਰਾ ਸ਼ਹਿਰੀ ਬੁਨਿਆਦੀ ਢਾਂਚੇ, ਪਾਣੀ ਪ੍ਰਬੰਧਨ ਅਤੇ ਹੁਨਰ ਵਿਕਾਸ ਵਿੱਚ ਸੰਭਾਵੀ ਸਹਿਯੋਗ `ਤੇ ਕੇਂਦ੍ਰਿਤ ਸੀ। ਉਨ੍ਹਾਂ ਕਿਹਾ ਕਿ ਜੇ.ਆਈ.ਸੀ.ਏ. ਨੇ ਡੂੰਘੀ ਸ਼ਮੂਲੀਅਤ ਅਤੇ ਪ੍ਰਾਜੈਕਟ ਭਾਈਵਾਲੀ ਦੀ ਪੜਚੋਲ ਕਰਨ ਦੀ ਇੱਛਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੋਰੇ ਇੰਡਸਟਰੀਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਜੀਮੇ ਇਸ਼ੀ ਨੇ ਪੰਜਾਬ ਦੇ ਆਟੋ ਅਤੇ ਏਅਰੋਸਪੇਸ ਸੈਕਟਰਾਂ ਲਈ ਤਕਨੀਕੀ ਅਤੇ ਟੈਕਸਟਾਈਲ ਖ਼ੇਤਰ ਵਿੱਚ ਦਿਲਚਸਪੀ ਦਿਖਾਈ।
 
ਮੁੱਖ ਮੰਤਰੀ ਨੇ ਕਿਹਾ ਕਿ ਪਾਰਲੀਮੈਂਟਰੀ ਵਾਈਸ ਮਨਿਸਟਰ ਇਕਾਨਮੀ, ਟਰੇਡ ਤੇ ਇੰਡਸਟਰੀ ਕੋਮੋਰੀ ਤਾਕੂਓ ਨੇ ਜਾਪਾਨੀ ਫਰਮਾਂ ਨੂੰ ਇਨਵੈਸਟ ਪੰਜਾਬ ਨਾਲ ਜੋੜਨ ਲਈ ਤਾਲਮੇਲ ਜਾਰੀ ਰੱਖਣ `ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਫੁਜਿਤਸੂ ਲਿਮਟਿਡ ਦੇ ਤਕਨਾਲੋਜੀ ਵਪਾਰ ਪ੍ਰਬੰਧਨ ਯੂਨਿਟ ਦੇ ਮੁਖੀ ਜੁੰਗੋ ਓਕਾਈ ਨੇ ਡਿਜੀਟਲ ਗਵਰਨੈਂਸ ਸਾਲਿਊਸ਼ਨਜ਼ ਵਿੱਚ ਦਿਲਚਸਪੀ ਦਿਖਾਈ ਅਤੇ ਭਰੋਸਾ ਦਿੱਤਾ ਕਿ ਉਹ ਭਾਰਤ ਵਿੱਚ ਭਵਿੱਖ ਦੇ ਪ੍ਰਾਜੈਕਟਾਂ ਲਈ ਮੋਹਾਲੀ ਦੀ ਚੋਣ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਾਪਾਨ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਐਨ.ਈ.ਸੀ. ਕਾਰਪੋਰੇਸ਼ਨ ਨਾਲ ਮੀਟਿੰਗ ਨਾਲ ਹੋਈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਵਪਾਰ ਵਿਭਾਗ ਦੇ ਡਾਇਰੈਕਟਰ ਮਕੋਟੋ ਨੋਡਾ ਅਤੇ ਮੈਨੇਜਰ ਮਿਹੋ ਹਾਰਾ ਨੇ ਪੰਜਾਬ ਦੀਆਂ ਡਿਜੀਟਲ ਪਹਿਲਕਦਮੀਆਂ ਅਤੇ ਉਦਯੋਗਿਕ ਆਟੋਮੇਸ਼ਨ ਮੌਕਿਆਂ ਵਿੱਚ ਦਿਲਚਸਪੀ ਦਿਖਾਈ ਅਤੇ ਕੰਪਨੀ ਸਹਿਯੋਗ ਲਈ ਪੰਜਾਬ ਦੇ ਆਈ.ਟੀ. ਈਕੋ-ਸਿਸਟਮ ਦਾ ਮੁਲਾਂਕਣ ਕਰਨ ਲਈ ਸਹਿਮਤ ਹੋਈ।    
 
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਅਦ ਵਿੱਚ ਦਿਨ ਵਿੱਚ 250 ਤੋਂ ਵੱਧ ਭਾਗੀਦਾਰਾਂ, ਜਿਨ੍ਹਾਂ ਵਿੱਚ ਜਾਪਾਨੀ ਉਦਯੋਗ ਅਤੇ ਵਪਾਰਕ ਸੰਸਥਾਵਾਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਸਨ, ਨੇ ਟੋਕੀਓ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਡੀ.ਜੀ. ਜੈਟਰੋ ਇੰਡੀਆ ਸੁਜ਼ੂਕੀ ਤਾਕਾਸ਼ੀ ਦੀ ਮਜ਼ਬੂਤ ਸੰਸਥਾਗਤ ਭਾਗੀਦਾਰੀ, ਭਾਰਤ-ਜਾਪਾਨ ਆਰਥਿਕ ਸਬੰਧਾਂ ਲਈ ਉੱਚ ਪੱਧਰੀ ਸਮਰਥਨ ਨੂੰ ਦਰਸਾਉਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੀਰੋ ਮੋਟੋਕਾਰਪ (ਸੁਮਿਤੋਮੋ ਅਤੇ ਕਿਰੀਯੂ ਕਾਰਪੋਰੇਸ਼ਨ), ਵਰਧਮਾਨ ਸਪੈਸ਼ਲ ਸਟੀਲਜ਼ (ਆਈਚੀ ਸਟੀਲ) ਅਤੇ ਐਕਸਐਲ ਸਕਾਊਟ ਦੁਆਰਾ ਸਾਂਝੇ ਕੀਤੇ ਗਏ ਤਜਰਬਿਆਂ ਨੇ ਪੰਜਾਬ ਵਿੱਚ ਸਫ਼ਲ ਸਾਂਝੇਦਾਰੀ ਦੀ ਮਿਸਾਲ ਪੇਸ਼ ਕੀਤੀ।
 
ਮੁੱਖ ਮੰਤਰੀ ਨੇ ਕਿਹਾ ਕਿ ਸੁਮਿਤੋਮੋ ਕਾਰਪੋਰੇਸ਼ਨ ਅਤੇ ਕਿਰੀਯੂ ਕਾਰਪੋਰੇਸ਼ਨ ਨਾਲ ਮੁਲਾਕਾਤ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਜਿਨ੍ਹਾਂ ਵਿੱਚ ਸ਼ੋਹੀ ਯੋਸ਼ੀਦਾ, ਯੋਸ਼ਿਤੋ ਮਿਆਜ਼ਾਕੀ, ਟੋਮੋ ਟੋਜ਼ਾਵਾ, ਹਿਰੋਕੀ ਯਾਸੂਕਾਵਾ ਅਤੇ ਕਿਟਾਰੂ ਸ਼ਿਮਿਜ਼ੂ ਸ਼ਾਮਲ ਸਨ, ਨੇ ਪੰਜਾਬ ਵਿੱਚ ਹੀਰੋ ਮੋਟੋਕਾਰਪ ਨਾਲ ਆਪਣੇ ਮੌਜੂਦਾ ਸਹਿਯੋਗ ਰਾਹੀਂ ਸਕਾਰਾਤਮਕ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਭਵਿੱਖੀ ਪ੍ਰਾਜੈਕਟਾਂ ਲਈ ਪੰਜਾਬ ਦੇ ਉਦਯੋਗਿਕ ਕਲੱਸਟਰਾਂ ਦਾ ਮੁਲਾਂਕਣ ਕਰਨ ਅਤੇ ਤਕਨਾਲੋਜੀ ਪਹਿਲਕਦਮੀਆਂ ਲਈ ਮੋਹਾਲੀ ਬਾਰੇ ਵਿਚਾਰ ਕਰਨ ਲਈ ਸਹਿਮਤੀ ਬਣਾਈ ਅਤੇ ਪੰਜਾਬ ਨਾਲ ਹੋਰ ਡੂੰਘੇ ਸਬੰਧਾਂ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੋਪਨ ਹੋਲਡਿੰਗਜ਼ ਨਾਲ ਮੀਟਿੰਗ ਦੌਰਾਨ ਕੰਪਨੀ ਦੇ ਨੁਮਾਇੰਦਿਆਂ, ਜਿਨ੍ਹਾਂ ਵਿੱਚ ਸਤੋਸ਼ੀ ਓਇਆ ਪ੍ਰਧਾਨ ਅਤੇ ਮਾਸਾਹੀਕੋ ਤਾਕੇਵਾਕੀ ਪ੍ਰਬੰਧ ਕਾਰਜਕਾਰੀ ਅਧਿਕਾਰੀ ਸ਼ਾਮਲ ਸਨ, ਨੇ ਰਸਮੀ ਤੌਰ `ਤੇ 300-400 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਆਪਣੀ ਪੰਜਾਬ ਸਥਿਤ ਕੰਪਨੀ ਦਾ ਵਿਸਥਾਰ ਕਰਨ ਲਈ ਦਿਲਚਸਪੀ ਦਿਖਾਈ।
 
ਮੁੱਖ ਮੰਤਰੀ ਨੇ ਕਿਹਾ ਕਿ ਟੋਪਨ ਅਤੇ ਇਨਵੈਸਟ ਪੰਜਾਬ ਦਰਮਿਆਨ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ‘ਸਕਿੱਲਿੰਗ ਐਕਸੀਲੈਂਸ ਸੈਂਟਰ’ ਵਿਕਸਤ ਕਰਨ ਲਈ ਸਮਝੌਤਾ ਸਹੀਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਅਤੇ ਸਥਾਨਕ ਭਾਈਵਾਲਾਂ ਨਾਲ ਮੀਟਿੰਗ ਦੌਰਾਨ ਲੰਬੇ ਸਮੇਂ ਦੀ ਭਾਈਵਾਲੀ ਬਣਾਉਣ ਲਈ ਪਰਵਾਸੀ ਭਾਰਤੀਆਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਿਰਮਾਣ, ਤਕਨਾਲੋਜੀ ਅਤੇ ਸੇਵਾਵਾਂ ਵਰਗੇ ਮੁੱਖ ਖੇਤਰਾਂ ਵਿੱਚ ਪਰਵਾਸੀ ਭਾਰਤੀਆਂ ਦੀ ਅਗਵਾਈ ਵਾਲੇ ਨਿਵੇਸ਼ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਤੀਜੇ ਦਿਨ ਆਈਚੀ ਸਟੀਲ ਦੇ ਮੁੱਖ ਦਫਤਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਚੇਅਰਮੈਨ ਫੁਜੀਓਕਾ ਤਾਕਾਹਿਰੋ ਅਤੇ ਪ੍ਰਧਾਨ ਇਟੋ ਤੋਸ਼ੀਓ ਨੇ ਸੰਮੇਲਨ ਦੇ ਸੱਦੇ ਦਾ ਸਵਾਗਤ ਕੀਤਾ ਕਰਦਿਆਂ ਮਜ਼ਬੂਤ ਰਿਸ਼ਤਿਆਂ ਅਤੇ ਵਿਆਪਕ ਨਿਵੇਸ਼ ਵਿੱਚ ਦਿਲਚਸਪੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਈਚੀ ਸਟੀਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਨੇ ਪੰਜਾਬ ਵਿੱਚ ਨਿਵੇਸ਼ ਕਾਰਜਾਂ ਦਾ ਸਾਂਝੇ ਤੌਰ 'ਤੇ ਅਧਿਐਨ ਕਰਨ ਲਈ ਸਮਝੌਤਾ ਸਹੀਬੰਦ ਕੀਤਾ, ਜਿਸ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਲਈ ਮੁਲਾਂਕਣ ਕਰਨਾ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਝੌਤੇ ਵਿੱਚ ਆਈਚੀ ਵੱਲੋਂ ਤਕਨੀਕੀ ਸਹਿਯੋਗ ਅਤੇ ਵਰਧਮਾਨ ਵੱਲੋਂ ਜ਼ਮੀਨ 'ਤੇ ਯੂਨਿਟ ਦੀ ਸਥਾਪਨਾ ਅਤੇ ਪ੍ਰਵਾਨਗੀਆਂ ਸ਼ਾਮਲ ਹਨ ਅਤੇ ਸੂਬਾ ਸਰਕਾਰ ਨੇ ਪੰਜਾਬ ਵਿੱਚ ਮੌਜੂਦਾ ਜਾਪਾਨੀ ਕੰਪਨੀਆਂ ਨੂੰ ਪੂਰਾ ਸਮਰਥਨ ਦੇਣ ਅਤੇ ਤਰਜੀਹੀ ਵਿਕਾਸ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਯਾਨਮਾਰ ਹੋਲਡਿੰਗਜ਼ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਸੀ.ਓ.ਓ. ਤੇਤਸੁਆ ਯਾਮੋਟੋ, ਪ੍ਰਧਾਨ ਕੇਮਲ ਸ਼ੋਸ਼ੀ ਅਤੇ ਸੀ.ਐਮ.ਡੀ. ਵਰੁਣ ਖੰਨਾ ਨੇ ਸੋਨਾਲੀਕਾ ਨਾਲ ਸਾਂਝੇਦਾਰੀ ਅਤੇ ਕਲਾਸ ਪਲਾਂਟ ਪ੍ਰਾਪਤੀ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿੱਚ ਸਕਾਰਾਤਮਕ ਤਜਰਬੇ ਦਾ ਵਿਸ਼ੇਸ਼ ਤੌਰ ’ਤੇ ਵਰਨਣ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੇਤੀਬਾੜੀ-ਤਕਨੀਕ ਅਤੇ ਸਹਾਇਕ ਖੇਤਰਾਂ ਵਿੱਚ ਵਿਸਥਾਰ ਲਈ ਪ੍ਰਗਤੀਸ਼ੀਲ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਯਾਨਮਾਰ ਦੀਆਂ ਭਵਿੱਖੀ ਪਹਿਲਕਦਮੀਆਂ ਲਈ ਪੂਰਾ ਸਮਰਥਨ ਅਤੇ ਸਹੂਲਤ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਵਿੱਚ ਖੋਜ ਅਤੇ ਵਿਕਾਸ ਸਥਾਪਨਾ ਸਮੇਤ ਡੂੰਘੇ ਸਬੰਧਾਂ ਦੀ ਪੜਚੋਲ ਕਰਨ ਲਈ ਵੀ ਸਹਿਮਤ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨ ਦੌਰੇ ਦੇ ਆਖਰੀ ਦਿਨ ਉਹ ਓਸਾਕਾ ਵਿੱਚ ਏਅਰ ਵਾਟਰ ਇੰਕ. ਦੇ ਨੁਮਾਇੰਦਿਆਂ ਨਾਲ ਮਿਲੇ ਸਨ, ਜਿਸ ਦੌਰਾਨ ਭਾਰਤ ਅਤੇ ਏਸ਼ੀਆ ਡਿਵੀਜ਼ਨ ਦੇ ਮੁਖੀ ਕੇਨ ਸ਼ਿਮਿਜ਼ੂ ਅਤੇ ਨਾਓਕੀ ਓਈ ਨੇ ਬਾਇਓ-ਮੀਥੇਨ ਅਤੇ ਵਿਸ਼ੇਸ਼ ਗੈਸਾਂ ਵਿੱਚ ਮੌਕਿਆਂ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਦੇ ਸਾਫ਼ ਊਰਜਾ ਅਤੇ ਉਦਯੋਗਿਕ ਕਲੱਸਟਰਾਂ ਵਿੱਚ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਟਿਕਾਊ ਊਰਜਾ ਅਤੇ ਪਾਣੀ ਸੋਧਣ ਦੇ ਹੱਲ ਸਮੇਤ ਭਵਿੱਖ ਦੇ ਪ੍ਰੋਜੈਕਟਾਂ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਲਈ ਵੀ ਸਹਿਮਤ ਹੋਏ ਹਨ। ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਓਸਾਕਾ ਚੈਂਬਰ ਆਫ਼ ਕਾਮਰਸ ਨਾਲ ਮੀਟਿੰਗ ਦੌਰਾਨ ਪ੍ਰਧਾਨ ਇਉਚੀ ਸੇਤਸੁਓ, ਡਾਇਰੈਕਟਰ ਤਾਕਾਯੋਸ਼ੀ ਨੇਗੋਰੋ, ਮੈਨੇਜਰ ਇੰਟਰਨੈਸ਼ਨਲ ਡਿਵੀਜ਼ਨ ਕੈਂਟਾਰੋ ਨਾਗਾਓ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਭਾਰਤ-ਜਾਪਾਨ ਵਪਾਰਕ ਸਬੰਧਾਂ ਨੂੰ ਵਧਾਉਣ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ।
ਮੁੱਖ ਮੰਤਰੀ ਨੇ ਕਿਹਾ ਕਿ ਓ.ਸੀ.ਸੀ.ਆਈ. ਵਿਖੇ ਭਾਰਤ ਨਾਲ ਸਬੰਧਤ ਸਰਗਰਮੀਆਂ ਲਈ ਨਾਗਾਓ ਕੇਂਦਰ ਬਿੰਦੂ ਹੋਵੇਗਾ। ਉਨ੍ਹਾਂ ਕਿਹਾ ਕਿ ਓ.ਸੀ.ਸੀ.ਆਈ. ਨੇ ਭਾਰਤ ਨਾਲ ਵਪਾਰ ਕਰਨ ਅਤੇ ਭਾਰਤੀ ਪ੍ਰਤਿਭਾ ਨੂੰ ਪ੍ਰਾਪਤ ਕਰਨ ਵਿੱਚ ਜਾਪਾਨੀ ਕੰਪਨੀਆਂ ਵਿੱਚ ਵਧ ਰਹੀ ਦਿਲਚਸਪੀ ਨੂੰ ਸਵੀਕਾਰ ਕੀਤਾ ਅਤੇ ਨਾਲ ਹੀ ਜਾਪਾਨ ਵਿੱਚ ਭਾਰਤੀ ਨਿਵੇਸ਼ ਦਾ ਸਵਾਗਤ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਇਨਵੈਸਟ ਪੰਜਾਬ ਨਾਲ ਨੇੜਿਓਂ ਤਾਲਮੇਲ ਬਣਾਈ ਰੱਖਣ ਅਤੇ ਢਾਂਚਾਗਤ ਸਹਿਯੋਗ ਦੀ ਪੜਚੋਲ ਕਰਨ ਲਈ ਸਹਿਮਤ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੋਕੁਸ਼ੀਮਾ ਆਕਸ਼ਨ ਮਾਰਕੀਟ ਐਂਡ ਗਲੋਬਲ ਵੈਂਚਰ ਕੰਪਨੀ ਲਿਮਟਿਡ ਨਾਲ ਮੀਟਿੰਗ ਵਿੱਚ ਸੀ.ਈ.ਓ. ਅਤੇ ਪ੍ਰਧਾਨ ਯੋਸ਼ੀਹਿਸਾ ਅਰਾਈ ਨੇ ਖੇਤੀਬਾੜੀ ਮੰਡੀ ਦੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਵਿੱਚ ਦਿਲਚਸਪੀ ਪ੍ਰਗਟਾਈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸ਼ਨ ਸਿਸਟਮ ਅਤੇ ਖੇਤੀਬਾੜੀ-ਲੌਜਿਸਟਿਕਸ ਵਿੱਚ ਤਕਨਾਲੋਜੀ ਦਾ ਆਦਾਨ-ਪ੍ਰਦਾਨ ਕਰਨ ਅਤੇ ਸਾਂਝੇ ਉੱਦਮਾਂ ਲਈ ਮੌਕਿਆਂ ਦਾ ਮੁਲਾਂਕਣ ਕਰਨ ਲਈ ਵੀ ਸਹਿਮਤ ਹੋਏ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਅਤੇ ਸਥਾਨਕ ਭਾਈਵਾਲਾਂ ਨਾਲ ਭਾਈਚਾਰਕ ਮਿਲਣੀ ਦੌਰਾਨ ਲੰਬੇ ਸਮੇਂ ਦੀ ਭਾਈਵਾਲੀ ਬਣਾਉਣ ਲਈ ਪਰਵਾਸੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਨਿਰਮਾਣ, ਤਕਨਾਲੋਜੀ ਅਤੇ ਸੇਵਾਵਾਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਪਰਵਾਸੀਆਂ ਦੀ ਅਗਵਾਈ ਵਾਲੇ ਨਿਵੇਸ਼ ਨੂੰ ਵੀ ਉਤਸ਼ਾਹਿਤ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਓਸਾਕਾ ਰੋਡ ਸ਼ੋਅ ਵਿੱਚ ਓਸਾਕਾ ਖੇਤਰ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਡੀ.ਜੀ. ਜੇਟਰੋ, ਓਸਾਕਾ ਪ੍ਰੀਫੈਕਚਰਲ ਗੌਰਮਿੰਟ ਅਤੇ ਐਮ.ਈ.ਟੀ.ਆਈ. ਕਾਂਸਾਈ ਤੋਂ ਮਜ਼ਬੂਤ ਸੰਸਥਾਗਤ ਭਾਈਵਾਲੀ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ 80 ਤੋਂ ਵੱਧ ਡੈਲੀਗੇਟਾਂ ਨੇ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ, ਜਿਸ ਨਾਲ ਭਵਿੱਖ ਦੇ ਨਿਵੇਸ਼ ਦੀ ਸੰਭਾਵਨਾ ਮਜ਼ਬੂਤ ਹੋਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਰੀਆ ਗਣਰਾਜ ਦੀ ਯਾਤਰਾ ਸਿਓਲ ਵਿੱਚ ਭਾਰਤੀ ਦੂਤਾਵਾਸ ਦੇ ਰਾਜਦੂਤ ਗੌਰੰਗਲਾਲ ਦਾਸ ਨਾਲ ਮੁਲਾਕਾਤ ਨਾਲ ਸ਼ੁਰੂ ਹੋਈ ਜਿਸ ਦੌਰਾਨ ਉਨ੍ਹਾਂ ਨੇ ਦੱਖਣੀ ਕੋਰੀਆ ਨਾਲ ਆਰਥਿਕ ਤੇ ਤਕਨੀਕੀ ਭਾਈਵਾਲੀ ਲਈ ਪੰਜਾਬ ਦਾ ਰੋਡਮੈਪ ਸਾਂਝਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ ਅਤੇ ਸਹਿਯੋਗ ਲਈ ਕਈ ਖੇਤਰਾਂ ਵਿੱਚ ਮੌਕਿਆਂ 'ਤੇ ਵੀ ਜ਼ੋਰ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਉੱਤਰੀ ਭਾਰਤ ਵਿੱਚ ਵਿਸ਼ਵ ਵਿਆਪੀ ਕਾਰੋਬਾਰ ਲਈ ਮੁਕਾਬਲੇਬਾਜ਼ੀ ਅਤੇ ਰਣਨੀਤਕ ਸਥਾਨ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵਿੱਚ ਸਿਓਲ ਵਿਖੇ ਪਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਿਸ ਵਿੱਚ ਪੰਜਾਬੀ ਭਾਈਚਾਰੇ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਪੰਜਾਬ ਦੀ ਵਿਸ਼ਵ ਵਿਆਪੀ ਪਹੁੰਚ 'ਤੇ ਮਾਣ ਪ੍ਰਗਟ ਕੀਤਾ।
ਮੁੱਖ ਮੰਤਰੀ ਨੇ ਦੱਖਣੀ ਕੋਰੀਆ ਦੇ ਨਿਵੇਸ਼ਕਾਂ ਤੱਕ ਪੰਜਾਬ ਨੂੰ ਉਤਸ਼ਾਹਿਤ ਕਰਨ ਵਿੱਚ ਪਰਵਾਸੀਆਂ ਭਾਰਤੀਆਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਾਸੋਂ ਫੂਡ ਪ੍ਰੋਸੈਸਿੰਗ ਸੈਕਟਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਇਵੂ ਈ ਐਂਡ ਸੀ ਨਾਲ ਮੀਟਿੰਗ ਦੌਰਾਨ ਚੇਅਰਮੈਨ ਜੰਗ ਵੌਨ-ਜੂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਯੂ ਯੰਗ-ਮਿਨ, ਬਿਜ਼ਨਸ ਡਿਵੈਲਪਮੈਂਟ ਮੈਨੇਜਰ ਬਾਏਕ ਇੰਸੂ, ਟੀਮ ਲੀਡਰ ਕਿਮ ਹੋ-ਜੂਨ ਅਤੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਕਿਮ ਡੇ-ਯੇਨ ਨੇ ਪੰਜਾਬ ਦੀਆਂ ਵਿਕਾਸ ਯੋਜਨਾਵਾਂ ਅਤੇ ਮੌਕਿਆਂ ਵਿੱਚ ਦਿਲਚਸਪੀ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗਿਕ ਆਧੁਨਿਕੀਕਰਨ ਨੂੰ ਤੇਜ਼ ਕਰਨ ਲਈ ਵਿਸ਼ਵ ਵਿਆਪੀ ਭਾਈਵਾਲੀ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਜੀ.ਐਸ. ਈ.ਐਨ.ਸੀ. ਨਾਲ ਮੀਟਿੰਗ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਜਿਨ੍ਹਾਂ ਵਿੱਚ ਵਾਈਸ ਪ੍ਰੈਜ਼ੀਡੈਂਟ ਯੰਗ ਹਾ ਰਯੂ (ਡੈਨੀਅਲ) ਅਤੇ ਮੈਨੇਜਰ ਕਿਮ ਜਿਨ-ਵੂਕ ਸ਼ਾਮਲ ਹਨ, ਨੇ ਈ.ਪੀ.ਸੀ., ਨਵਿਆਉਣਯੋਗ ਊਰਜਾ ਅਤੇ ਭਾਰਤ ਵਿੱਚ ਚੱਲ ਰਹੇ ਪ੍ਰੋਜੈਕਟਾਂ (ਸੂਰਜੀ, ਹਵਾ, ਬੈਟਰੀ ਸਟੋਰੇਜ) ਵਿੱਚ ਮੁਹਾਰਤ ਦਿਖਾਈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਤਕਨਾਲੋਜੀ ਦੇ ਬਦਲ 'ਤੇ ਚਰਚਾ ਕਰਨ ਤੋਂ ਇਲਾਵਾ ਬਾਇਓਮਾਸ ਅਤੇ ਬੈਟਰੀ ਸਟੋਰੇਜ ਲਾਗਤਾਂ ਵਿੱਚ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੱਖਣੀ ਕੋਰੀਆ ਦੌਰੇ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਨੋਂਗਸ਼ਿਮ ਨਾਲ ਮੁਲਾਕਾਤ ਸੀ ਜਿਸ ਵਿੱਚ ਕੰਪਨੀ ਨੇ ਭਾਰਤ ਨੂੰ ਤਰਜੀਹੀ ਵਾਲੇ ਬਾਜ਼ਾਰ ਵਜੋਂ ਸਵੀਕਾਰ ਕੀਤਾ ਅਤੇ ਭਵਿੱਖ ਦੇ ਵਿਸਥਾਰ ਲਈ ਪੰਜਾਬ ਵਿੱਚ ਦਿਲਚਸਪੀ ਦਿਖਾਈ।
ਮੁੱਖ ਮੰਤਰੀ ਨੇ ਕਿਹਾ ਕਿ ਔਕਸਪੋਰਟ ਸ਼ੇਅਰ ਪਾਲਿਸੀ ਦੇ ਅਨੁਸਾਰ ਪੰਜਾਬ ਵਿੱਚ ਨਿਰਮਾਣ ਯੂਨਿਟ ਦਾ ਮੁਲਾਂਕਣ ਕਰਨਾ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਾਰੋਬਾਰ ਕਰਨ ਵਿੱਚ ਸੌਖ ਬਾਰੇ ਕਾਨੂੰਨੀ ਫਰਮਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਗੋਲਮੇਜ਼ ਵਿੱਚ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ 42 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਚੋਟੀ ਦੀਆਂ ਕਾਨੂੰਨ ਫਰਮਾਂ ਅਤੇ ਉਦਯੋਗ ਐਸੋਸੀਏਸ਼ਨਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਉਦਯੋਗ ਦੇ ਆਗੂਆਂ ਨੇ ਉੱਤਰੀ ਭਾਰਤ ਲਈ ਪੰਜਾਬ ਵਿੱਚ ਨਿਰਮਾਣ ਤੇ ਖੋਜ ਅਤੇ ਵਿਕਾਸ ਹੱਬ ਵਜੋਂ ਸੰਭਾਵਨਾਵਾਂ ਤਲਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ।  
ਮੁੱਖ ਮੰਤਰੀ ਨੇ ਕਿਹਾ ਕਿ ਉਸੇ ਦਿਨ ਉਨ੍ਹਾਂ ਨੇ ਪੈਂਗਯੋ ਟੈਕਨੋ ਵੈਲੀ ਦਾ ਵੀ ਦੌਰਾ ਕੀਤਾ ਜਿੱਥੇ ਅਧਿਕਾਰੀਆਂ ਨੇ ਪੈਂਗਯੋ ਦੇ ਨਿਵੇਕਲੇ ਮਾਡਲ ਅਤੇ ਐਕਸਲੇਟਰ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਢਾਂਚਾਗਤ ਪ੍ਰੋਗਰਾਮਾਂ, ਸਪੈਸ਼ਲ ਟੈਸਟ ਬੈੱਡ ਅਤੇ ਪ੍ਰਦਰਸ਼ਨ-ਅਧਾਰਿਤ ਮੁਲਾਂਕਣ ਵਿਧੀਆਂ ਦਾ ਨਿਰੀਖਣ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਸਟਾਰਟਅੱਪ, ਖੋਜ ਤੇ ਵਿਕਾਸ ਅਤੇ ਹੁਨਰਮੰਦ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ ਅਜਿਹੇ ਢਾਂਚੇ ਨੂੰ ਲਾਗੂ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਰੀਆ ਡਿਸਪਲੇ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.) ਨਾਲ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਵਿਖੇ ਤੀਜੇ ਦਿਨ ਪੰਜਾਬ ਨਿਵੇਸ਼ ਰੋਡ ਸ਼ੋਅ ਹੋਇਆ ਜਿਸ ਵਿੱਚ ਭਾਰਤੀ ਰਾਜਦੂਤ ਨੇ ਪੰਜਾਬ ਦੀ ਸਰਗਰਮ ਨਿਵੇਸ਼ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਭਾਰਤ-ਕੋਰੀਆ ਉਦਯੋਗਿਕ ਸਹਿਯੋਗ ਲਈ ਦੂਤਾਵਾਸ ਦੇ ਸਮਰਥਨ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੁੰਜਿਨ ਦੇ ਮੈਨੇਜਿੰਗ ਡਾਇਰੈਕਟਰ ਨੇ ਮੋਹਾਲੀ ਅਤੇ ਚੰਡੀਗੜ੍ਹ ਦੀ ਸ਼ਾਨਦਾਰ ਜੀਵਨ ਜਾਚ ਲਈ ਪ੍ਰਸੰਸਾ ਕੀਤੀ ਅਤੇ ਇਨਵੈਸਟ ਪੰਜਾਬ ਦੀ ਪੇਸ਼ੇਵਰ ਪਹੁੰਚ ਦੀ ਸ਼ਲਾਘਾ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੋਡ ਸ਼ੋਅ ਵਿੱਚ ਪ੍ਰਮੁੱਖ ਕੋਰੀਆਈ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਲੂਮਬਰਗ, ਬ੍ਰਿਕਸ ਇੰਡੀਆ ਟ੍ਰੇਡ ਪ੍ਰਾਈਵੇਟ ਲਿਮਟਿਡ, ਕਿਮ ਐਂਡ ਚਾਂਗ, ਸ਼ਿਨ ਐਂਡ ਕਿਮ ਐਲ.ਐਲ.ਸੀ., ਕੋਤਰਾ, ਡੇਯੌਂਗ ਕਾਰਪੋਰੇਸ਼ਨ, ਗਾਵੋਨ ਇੰਟਰਨੈਸ਼ਨਲ, ਟੈਗਹਾਈਵ, ਪੰਜਾਬੀ ਐਸੋਸੀਏਸ਼ਨ ਆਫ ਕੋਰੀਆ ਅਤੇ ਹੋਰ ਸ਼ਾਮਲ ਸਨ, ਜੋ ਪੰਜਾਬ ਨਾਲ ਸਾਂਝ ਵਿੱਚ ਮਜ਼ਬੂਤ ਸੰਸਥਾਗਤ ਦਿਲਚਸਪੀ ਦਾ ਪ੍ਰਗਟਾਵਾ ਕਰਦੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਨਾਲ ਮੀਟਿੰਗ ਦੌਰਾਨ ਭਾਈਵਾਲਾਂ ਨੇ ਸਿਓਲ ਦੀਆਂ ਤਕਨਾਲੋਜੀ ਸ਼ਕਤੀਆਂ ਅਤੇ ਪੰਜਾਬ ਦੇ ਉੱਭਰ ਰਹੇ ਆਈ.ਟੀ., ਇਲੈਕਟ੍ਰਾਨਿਕਸ ਅਤੇ ਸਟਾਰਟਅੱਪ ਈਕੋ-ਸਿਸਟਮ ਵਿਚਕਾਰ ਮਜ਼ਬੂਤ ਪੂਰਕਤਾ ਨੂੰ ਸਵੀਕਾਰ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਨੇ (ਕੇ.ਐਨ.ਐਸ.ਯੂ.) ਪੰਜਾਬ ਦੀ ਫੇਰੀ ਦੌਰਾਨ ਖੇਡਾਂ ਦੀ ਵਿਸ਼ੇਸ਼ ਸਿਖਲਾਈ ਅਤੇ ਅਕਾਦਮਿਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਲਈ ਸਮਝੌਤਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇ.ਐਨ.ਐਸ.ਯੂ. ਨੇ ਪ੍ਰਸਤਾਵਾਂ ਦਾ ਸਵਾਗਤ ਕੀਤਾ ਹੈ ਅਤੇ ਪੰਜਾਬ ਦੇ ਮਜ਼ਬੂਤ ਖੇਡ ਪ੍ਰਦਰਸ਼ਨ ਨੂੰ ਸਵੀਕਾਰ ਕੀਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕੇ.ਐਨ.ਐਸ.ਯੂ. ਨੂੰ ਸੂਬੇ ਦੀ ਖੇਡ ਰਾਜਧਾਨੀ ਵਜੋਂ ਜਾਣੇ ਜਾਂਦੇ ਜਲੰਧਰ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਵਿੱਚ ਟੂਰਿਜ਼ਮ ਰੋਡ ਸ਼ੋਅ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਵੱਖ-ਵੱਖ ਟੂਰ ਆਪਰੇਟਰਾਂ ਦੇ 10 ਤੋਂ ਵੱਧ ਨੁਮਾਇੰਦਿਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਸੂਬੇ ਦੀ ਸੈਰ-ਸਪਾਟਾ ਸੰਭਾਵਨਾ ਤਲਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਸੁਨਜਿਨ ਨਾਲ ਮੁਲਾਕਾਤ ਦੌਰਾਨ ਕੰਪਨੀ ਨੇ ਪੰਜਾਬ ਵਿੱਚ ਆਪਣੀ ਪਸ਼ੂ ਖੁਰਾਕ ਸਮਰੱਥਾ ਦਾ ਵਿਸਥਾਰ ਕਰਨ ਦਾ ਵੀ ਇਰਾਦਾ ਰੱਖਿਆ ਅਤੇ ਸੂਬੇ ਵਿੱਚ ਪੋਲਟਰੀ ਅਤੇ ਡੇਅਰੀ ਕਾਰੋਬਾਰ ਸਥਾਪਤ ਕਰਨ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਮੀਟਿੰਗਾਂ ਅਤੇ ਇਨ੍ਹਾਂ ਵਿਚਾਰ-ਵਟਾਂਦਰੇ ਦੇ ਨਤੀਜਿਆਂ ਬਾਰੇ ਦੱਸਣ।
ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨੀ ਅਤੇ ਦੱਖਣੀ ਕੋਰੀਆਈ ਲੋਕਾਂ ਕੋਲ ਉੱਚ-ਪੱਧਰੀ ਤਕਨਾਲੋਜੀ ਹੈ ਪਰ ਪੰਜਾਬ ਕੋਲ ਸਭ ਤੋਂ ਨਵੀਨਤਾਕਾਰੀ ਅਤੇ ਮਿਹਨਤੀ ਪ੍ਰਤਿਭਾ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤਕਨਾਲੋਜੀ ਅਤੇ ਪ੍ਰਤਿਭਾ ਵਿਚਕਾਰ ਤਾਲਮੇਲ ਲਈ ਰਾਹ ਪੱਧਰਾ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪੰਜਾਬ ਦੇਸ਼ ਅਤੇ ਦੁਨੀਆ ਵਿੱਚ ਮੋਹਰੀ ਸੂਬਾ ਬਣੇਗਾ।
ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਅਤੇ ਹੋਰ ਵੀ ਮੌਜੂਦ ਸਨ।

 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਨਵਜੋਤ ਕੌਰ ਸਿੱਧੂ ਦੇ ਬਿਆਨਾਂ 'ਤੇ ਕਾਂਗਰਸ ਅੰਦਰ ਵਿਵਾਦ: ਅਨਿਲ ਜੋਸ਼ੀ ਵੱਲੋਂ ਮਾਣਹਾਨੀ ਦਾ ਕੇਸ ਦਾਇਰ ਕਰਨ ਦਾ ਐਲਾਨ

ਅਕਾਲੀ ਦਲ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ: AI ਵੀਡੀਓ ਰਾਹੀਂ ਚੰਨੀ 'ਤੇ CM ਦੀ ਕੁਰਸੀ ਖਰੀਦਣ ਦਾ ਦੋਸ਼

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਚੇਤਾਵਨੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਹਿਮ ਫ਼ੈਸਲੇ : ਵਲਟੋਹਾ ਅਤੇ ਗਿਆਨੀ ਗੁਰਬਚਨ ਸਿੰਘ 'ਤੇ ਲੱਗੀ ਪਾਬੰਦੀ ਹਟੀ

ਪੰਜਾਬ ਵਿੱਚ 13 ਦਸੰਬਰ ਤੱਕ ਮੌਸਮ ਖੁਸ਼ਕ: 2.6 ਡਿਗਰੀ ਸੈਲਸੀਅਸ ਨਾਲ ਬਠਿੰਡਾ ਸਭ ਤੋਂ ਠੰਡਾ

ਆਪ ਵਿਧਾਇਕ ਨਿੱਜਰ ਦਾ ਕਾਂਗਰਸ 'ਤੇ ਹਮਲਾ: ਹਰਕ ਸਿੰਘ ਰਾਵਤ ਦੀ ਸਿੱਖ ਵਿਰੋਧੀ ਟਿੱਪਣੀ ਨੇ ਸਿੱਖਾਂ ਪ੍ਰਤੀ ਪਾਰਟੀ ਦੀ ਕਦੇ ਨਾ ਖ਼ਤਮ ਹੋਣ ਵਾਲੀ ਨਫ਼ਰਤ ਨੂੰ ਕੀਤਾ ਉਜਾਗਰ

ਪੰਜਾਬ ਵਿੱਚ ਅੱਜ 8 ਜ਼ਿਲ੍ਹਿਆਂ ਲਈ ਸੀਤ ਲਹਿਰ ਦੀ ਚੇਤਾਵਨੀ ਜਾਰੀ

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਅਲਰਟ: ਧੁੰਦ ਵੀ ਪਵੇਗੀ

ਹਲਕਾ ਘਨੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ

ਪਟਿਆਲਾ ਅਪਡੇਟ: 20-25 ਯਾਤਰੀਆਂ ਨੂੰ ਲੈ ਕੇ ਜਾ ਰਹੀ ਚੱਲਦੀ 'ਆਰਬਿਟ ਬੱਸ' ਨੂੰ ਲੱਗੀ ਅੱਗ

 
 
 
 
Subscribe