ਜੋਧਪੁਰ, 6 ਮਈ 2025 — ਰਾਜਸਥਾਨ ਦੀ ਜੋਧਪੁਰ ਪੁਲਿਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਮੁੰਬਈ ਇੰਡੀਅਨਜ਼ ਟੀਮ ਦੇ ਸਾਬਕਾ ਖਿਡਾਰੀ ਅਤੇ ਘਰੇਲੂ ਕ੍ਰਿਕਟਰ ਸ਼ਿਵਾਲਿਕ ਸ਼ਰਮਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ, ਜੋ ਕਿ ਜੋਧਪੁਰ ਦੀ ਰਹਿਣ ਵਾਲੀ ਹੈ, ਨੇ ਦਾਅਵਾ ਕੀਤਾ ਕਿ ਸ਼ਿਵਾਲਿਕ ਨਾਲ ਉਸ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਜੋ ਪਿਆਰ ਵਿੱਚ ਬਦਲ ਗਈ। ਬਾਅਦ ਵਿੱਚ ਦੋਹਾਂ ਦੀ ਕਥਿਤ ਤੌਰ 'ਤੇ ਮੰਗਣੀ ਹੋ ਗਈ ਸੀ। ਕੁੜੀ ਦੇ ਅਨੁਸਾਰ, ਸ਼ਿਵਾਲਿਕ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਉਂਦਾ ਰਿਹਾ।
ਸਟੇਸ਼ਨ ਹਾਊਸ ਅਫਸਰ ਹਮੀਰ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਮਿਲਣ 'ਤੇ ਸ਼ਿਵਾਲਿਕ ਨੂੰ ਗੁਜਰਾਤ ਦੇ ਵਡੋਦਰਾ ਦੇ ਅਟਲਦਰਾ ਇਲਾਕੇ ਤੋਂ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਨੂੰ ਸੋਮਵਾਰ ਨੂੰ ਜੋਧਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪੀੜਤਾ ਦੇ ਬਿਆਨ ਅਨੁਸਾਰ, ਮੰਗਣੀ ਤੋਂ ਬਾਅਦ ਸ਼ਿਵਾਲਿਕ ਦਾ ਪਰਿਵਾਰ ਰਿਸ਼ਤਾ ਤੋੜ ਦਿੰਦਾ ਹੈ ਅਤੇ ਉਨ੍ਹਾਂ ਨੇ ਉਸਦੇ ਨਾਲ ਸੰਪਰਕ ਤੋੜ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਿਵਾਲਿਕ ਨੇ ਬਾਅਦ ਵਿੱਚ ਨਵੀਆਂ ਲੜਕੀਆਂ ਨਾਲ ਰਿਸ਼ਤੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਨਿਰਾਸ ਹੋ ਕੇ ਉਹ ਪੁਲਿਸ ਕੋਲ ਪਹੁੰਚੀ।
ਸ਼ਿਵਾਲਿਕ ਸ਼ਰਮਾ ਨੇ ਆਈਪੀਐਲ 2024 ਦੌਰਾਨ ਮੁੰਬਈ ਇੰਡੀਅਨਜ਼ ਨਾਲ ਸੌਦਾ ਕੀਤਾ ਸੀ। ਹਾਲਾਂਕਿ, ਉਸਨੇ ਕੋਈ ਮੈਚ ਨਹੀਂ ਖੇਡਿਆ। ਉਨ੍ਹਾਂ ਨੂੰ 20 ਲੱਖ ਰੁਪਏ ਦੀ ਫੀਸ 'ਤੇ ਖਰੀਦਿਆ ਗਿਆ ਸੀ। ਇਸ ਤੋਂ ਪਹਿਲਾਂ, ਉਹ ਬੜੌਦਾ ਟੀਮ ਲਈ ਖੇਡ ਚੁੱਕੇ ਹਨ ਅਤੇ ਹਾਰਦਿਕ ਪੰਡਯਾ ਅਤੇ ਕੁਣਾਲ ਪੰਡਯਾ ਨਾਲ ਭੀ ਘਰੇਲੂ ਮੈਚ ਖੇਡੇ ਹਨ।