ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਕਿ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਜ਼ਿਆਦਾ ਟੈਸਟ ਕੀਤੇ ਜਾਣ ਤਾਂ ਇਥੇ ਮਰੀਜਾਂ ਦੀ ਗਿਣਤੀ ਅਮਰੀਕਾ ਤੋਂ ਪਾਰ ਹੋ ਜਾਵੇਗੀ। ਟਰੰਪ ਦਾ ਦਾਅਵਾ ਹੈ ਕਿ ਭਾਰਤ ਵਿਚ ਕੋਰੋਨਾ ਦੇ ਮਰੀਜ਼ ਅਮਰੀਕਾ ਤੋਂ ਵਧੇਰੇ ਹਨ,  ਪਰ ਇਹ ਦੇਸ਼ ਲੋਕਾਂ ਦੇ ਟੈਸਟ ਹੀ ਨਹੀਂ ਕਰ ਪਾ ਰਿਹਾ,  ਜਾਂ ਟੈਸਟ ਦੀ ਰਫ਼ਤਾਰ ਕਾਫੀ ਹੌਲੀ ਹੈ।
ਟਰੰਪ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਅਮਰੀਕਾ ਵਿਚ ਦੋ ਕਰੋੜ ਲੋਕਾਂ ਦੀ ਕੋਰੋਨਾ ਜਾਂਚ ਹੋਈ ਹੈ। ਅਮਰੀਕਾ ਦੀ ਤੁਲਨਾ 'ਚ ਜਰਮਨੀ ਨੇ 40 ਲੱਖ ਅਤੇ ਦਖਣੀ ਕੋਰੀਆ ਦੇ 30 ਲੱਖ ਲੋਕਾਂ ਦੀ ਜਾਂਚ ਹੋਈ ਹੈ। ਜੋਨਜ਼ ਹਾਪਕਿਨਜ਼ ਕੋਰੋਨਾ ਵਾਇਰਸ ਰਿਸੋਰਸ ਸੇਂਟਰ ਮੁਤਾਬਕ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 19 ਲੱਖ ਕੇਸ ਸਾਹਮਣੇ ਆਏ ਹਨ ਅਤੇ 1, 09, 000 ਲੋਕਾਂ ਦੀ ਮੌਤ ਹੋਈ ਹੈ ਜਦੋਂ ਭਾਰਤ ਵਿਚ 2, 36, 184 ਅਤੇ ਚੀਨ ਵਿਚ 84, 177 ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਅਨੁਸਾਰ ਭਾਰਤ ਨੇ ਹੁਣ ਤਕ 40 ਲੱਖ ਲੋਕਾਂ ਦੀ ਜਾਂਚ ਕੀਤੀ ਹੈ। ਅਮਰੀਕਾ ਵਿਚ ਕੋਵਿਡ -19 ਦੀ ਜਾਂਚ 'ਤੇ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਇਸ ਨੂੰ ਯਾਦ ਰੱਖੋ,  ਜਦੋਂ ਤੁਸੀਂ ਹੋਰ ਜਾਂਚ ਕਰੋਗੇ ਤਾਂ ਤੁਹਾਡੇ ਇਥੇ ਹੋਰ ਕੇਸ ਹੋਣਗੇ। ਮੈਂ ਅਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਥੇ (ਅਮਰੀਕਾ) ਕੋਰੋਨਾ ਪੀੜਤਾਂ ਦੀ ਗਿਣਤੀ ਇਸ ਲਈ ਵੱਧ ਹੈ,  ਕਿਉਂਕਿ ਇਥੇ ਵੱਡੀ ਪੱਧਰ ਉਤੇ ਟੈਸਟ ਹੋ ਰਹੇ ਹਨ। ਜੇ ਅਸੀਂ ਚੀਨ ਜਾਂ ਭਾਰਤ ਜਾਂ ਹੋਰ ਥਾਵਾਂ 'ਤੇ ਜਾਂਚ ਕਰਾਈਏ,  ਤਾਂ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਉਥੇ ਹੋਰ ਵੀ ਕੇਸ ਹੋਣਗੇ।