Thursday, May 01, 2025
 

ਸੰਸਾਰ

ਇਮਰਾਨ ਖਾਨ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਬਹਾਲ ਕੀਤੀ ਨੈਸ਼ਨਲ ਅਸੈਂਬਲੀ

April 08, 2022 07:28 AM

ਲਾਹੌਰ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਖਿਲਾਫ਼ ਪੇੇਸ਼ ਬੇਭਰੋਸਗੀ ਮਤੇ ਨੂੰ ਮਨਸੂਖ ਕਰਨ ਵਾਲੇ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਦੇ ਵਿਵਾਦਿਤ ਫੈਸਲੇ ਨੂੰ ‘ਗੈਰਸੰਵਿਧਾਨਕ’ ਕਰਾਰ ਦਿੰਦਿਆਂ ਕੌਮੀ ਅਸੈਂਬਲੀ ਨੂੰ ਬਹਾਲ ਕਰ ਦਿੱਤਾ ਹੈ।

ਸਿਖਰਲੀ ਅਦਾਲਤ ਦਾ ਫੈਸਲਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਲਈ ਵੱਡਾ ਝਟਕਾ ਹੈ। ਇਮਰਾਨ ਨੂੰ ਹੁਣ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪਏਗਾ, ਜਿਸ ’ਤੇ ਹੁਣ 9 ਅਪਰੈਲ ਨੂੰ ਵੋਟਿੰਗ ਹੋਵੇਗੀ।ਇਮਰਾਨ ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹੇ ਤਾਂ ਮੁਲਕ ਲਈ ਨਵਾਂ ਪ੍ਰਧਾਨ ਮੰਤਰੀ ਚੁਣਿਆ ਜਾਵੇਗਾ। 

ਦੱਸ ਦੇਈਏ ਕਿ ਇਮਰਾਨ ਨੇ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰਨਗੇ। 

ਚੀਫ਼ ਜਸਟਿਸ ਉਮਰ ਅਤਾ ਬੰਡਿਆਲ ਦੀ ਅਗਵਾਈ ਵਾਲੇ ਬੈਂਚ ਨੇ ਸਰਬਸੰਮਤੀ ਨਾਲ ਲਏ ਫੈਸਲੇ ਵਿੱਚ ਇਮਰਾਨ ਵੱਲੋਂ ਰਾਸ਼ਟਰਪਤੀ ਆਰਿਫ਼ ਅਲਵੀ ਨੂੰ ਕੌਮੀ ਅਸੈਂਬਲੀ ਭੰਗ ਕਰਨ ਦੇ ਦਿੱਤੇ ਮਸ਼ਵਰੇ ਨੂੰ ਵੀ ਗੈਰਸੰਵਿਧਾਨਕ ਐਲਾਨ ਦਿੱਤਾ।

ਬੈਂਚ ਨੇ ਸਪੀਕਰ ਨੂੰ ਹੁਕਮ ਕੀਤੇ ਕਿ ਉਹ 9 ਅਪਰੈਲ ਨੂੰ ਸਵੇਰੇ 10 ਵਜੇ ਇਮਰਾਨ ਖ਼ਾਨ ਸਰਕਾਰ ਖਿਲਾਫ਼ ਪੇਸ਼ ਬੇਭਰੋੋਸਗੀ ਮਤੇ ’ਤੇ ਵੋਟਿੰਗ ਲਈ ਪ੍ਰਬੰਧ ਕਰੇ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਡੇਰੇ ਬੈਂਚ ਨੇ ਅੱਜ ਸ਼ਾਮੀਂ ਡਿਪਟੀ ਸਪੀਕਰ ਦੇ ਵਿਵਾਦਿਤ ਫੈਸਲੇ ਦੀ ਕਾਨੂੰਨੀ ਵੈਧਤਾ ਦੀ ਨਿਰਖ-ਪਰਖ ਨਾਲ ਜੁੜੇ ਕੇਸ ਵਿੱਚ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ।

ਉਂਝ ਬੈਂਚ ਨੇ ਸੁਣਵਾਈ ਦੌਰਾਨ ਪਹਿਲੀ ਨਜ਼ਰੇ ਡਿਪਟੀ ਸਪੀਕਰ ਦੇ ਬੇਭਰੋਸਗੀ ਮਤਾ ਰੱਦ ਕਰਨ ਦੇ ਫੈਸਲੇ ਨੂੰ ਸੰਵਿਧਾਨ ਦੀ ਧਾਰਾ 95 ਦੀ ਖਿਲਾਫ਼ਵਰਜ਼ੀ ਕਰਾਰ ਦਿੱਤਾ ਸੀ। ਬੈਂਚ ਵਿੱਚ ਚੀਫ਼ ਜਸਟਿਸ ਬੰਡਿਆਲ ਤੋਂ ਇਲਾਵਾ ਜਸਟਿਸ ਇਜਾਜ਼ੁਲ ਅਹਿਸਨ, ਮੁਹੰਮਦ ਅਲੀ ਮਜ਼ਹਰ ਮੀਆਂਖੇਲ ਤੇ ਜਮਾਨ ਖ਼ਾਨ ਮਾਂਡੋਖੇਲ ਸ਼ਾਮਲ ਹਨ। ਸਿਖਰਲੀ ਅਦਾਲਤ ਵੱਲੋਂ ਫੈਸਲਾ ਰਾਖਵਾਂ ਰੱਖਣ ਮਗਰੋਂ ਇਹਤਿਆਤ ਵਜੋਂ ਸੁਪਰੀਮ ਕੋਰਟ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਸੀ।

 

Have something to say? Post your comment

Subscribe