ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਬਹੁਤ ਹੀ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਈਰਾਨ ਨੂੰ ਇਸ ਦਾ ਭਿਆਨਕ ਨਤੀਜਾ ਭੁਗਤਣਾ ਪਵੇਗਾ। ਟਰੰਪ ਨੇ ਇੱਕ ਇੰਟਰਵਿਊ ਦੌਰਾਨ ਸਾਫ਼ ਕਿਹਾ ਕਿ ਜੇਕਰ ਈਰਾਨ ਉਨ੍ਹਾਂ ਦਾ ਕਤਲ ਕਰਦਾ ਹੈ, ਤਾਂ ਅਮਰੀਕੀ ਫੌਜ ਈਰਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਪੂਰੀ ਤਰ੍ਹਾਂ ਮਿਟਾ ਦੇਵੇਗੀ। ਇਹ ਬਿਆਨ ਉਦੋਂ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰਾਂ 'ਤੇ ਪਹੁੰਚ ਚੁੱਕਾ ਹੈ।
ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸੁਰੱਖਿਆ ਸਲਾਹਕਾਰਾਂ ਅਤੇ ਫੌਜ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਈਰਾਨ ਵਿਰੁੱਧ ਸਭ ਤੋਂ ਘਾਤਕ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਈਰਾਨ ਨੇ ਵੀ ਜਵਾਬੀ ਧਮਕੀ ਦਿੱਤੀ ਹੈ। ਈਰਾਨੀ ਹਥਿਆਰਬੰਦ ਬਲਾਂ ਦੇ ਬੁਲਾਰੇ ਜਨਰਲ ਅਬੋਲਫਜ਼ਲ ਸ਼ੇਕਰਚੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਨੇ ਉਨ੍ਹਾਂ ਦੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਮੇਨੀ ਵੱਲ ਹੱਥ ਚੁੱਕਿਆ, ਤਾਂ ਉਹ ਨਾ ਸਿਰਫ਼ ਉਹ ਹੱਥ ਕੱਟ ਦੇਣਗੇ, ਸਗੋਂ ਅਮਰੀਕਾ ਦੀ ਦੁਨੀਆ ਨੂੰ ਅੱਗ ਲਗਾ ਦੇਣਗੇ।
ਇਹ ਵਿਵਾਦ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਟਰੰਪ ਨੇ ਖਮੇਨੀ ਦੇ 40 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨ ਦੀ ਗੱਲ ਕੀਤੀ ਅਤੇ ਉਨ੍ਹਾਂ ਨੂੰ 'ਇੱਕ ਬਿਮਾਰ ਆਦਮੀ' ਕਰਾਰ ਦਿੱਤਾ। ਟਰੰਪ ਦਾ ਕਹਿਣਾ ਹੈ ਕਿ ਈਰਾਨ ਨੂੰ ਹੁਣ ਨਵੀਂ ਲੀਡਰਸ਼ਿਪ ਦੀ ਲੋੜ ਹੈ ਕਿਉਂਕਿ ਮੌਜੂਦਾ ਸਰਕਾਰ ਆਪਣੇ ਹੀ ਲੋਕਾਂ 'ਤੇ ਜ਼ੁਲਮ ਕਰ ਰਹੀ ਹੈ। ਈਰਾਨ ਵਿੱਚ ਵਿਗੜਦੀ ਆਰਥਿਕਤਾ ਕਾਰਨ ਹੋਏ ਵਿਰੋਧ ਪ੍ਰਦਰਸ਼ਨਾਂ 'ਤੇ ਸਰਕਾਰੀ ਤਸ਼ੱਦਦ ਤੋਂ ਬਾਅਦ ਅਮਰੀਕਾ ਨੇ ਈਰਾਨ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਹੋਇਆ ਹੈ।
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅਮਰੀਕਾ 'ਤੇ ਦੋਸ਼ ਲਾਇਆ ਹੈ ਕਿ ਈਰਾਨੀ ਲੋਕਾਂ ਦੀਆਂ ਮੁਸ਼ਕਲਾਂ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਲਗਾਈਆਂ ਗਈਆਂ ਅਣਮਨੁੱਖੀ ਪਾਬੰਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੁਪਰੀਮ ਲੀਡਰ ਵਿਰੁੱਧ ਕੋਈ ਵੀ ਹਮਲਾ ਪੂਰੇ ਪੱਧਰ ਦੀ ਜੰਗ ਦਾ ਐਲਾਨ ਮੰਨਿਆ ਜਾਵੇਗਾ। ਇਸ ਵੇਲੇ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਚੱਲ ਰਹੀ ਇਹ ਸ਼ਬਦੀ ਜੰਗ ਕਿਸੇ ਵੱਡੇ ਫੌਜੀ ਟਕਰਾਅ ਦਾ ਰੂਪ ਲੈ ਸਕਦੀ ਹੈ।