ਇਜ਼ਰਾਈਲ ਦੇ ਤੇਲ ਅਵੀਵ ਵਿੱਚ ਕਾਰ ਬੰਬ ਧਮਾਕਾ, ਕਈ ਜ਼ਖਮੀ
ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿੱਚ ਵੀਰਵਾਰ ਨੂੰ ਇੱਕ ਵੱਡੇ ਕਾਰ ਬੰਬ ਧਮਾਕੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਸ਼ਹਿਰ ਦੇ ਯਾਦ ਏਲੀਆਹੂ ਇਲਾਕੇ ਵਿੱਚ ਲਾ ਗਾਰਡੀਆ ਸਟਰੀਟ 'ਤੇ ਵਾਪਰੀ। ਹਾਲਾਂਕਿ ਧਮਾਕੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ।
ਪੁਲਿਸ ਦੀ ਕਾਰਵਾਈ ਅਤੇ ਜਾਂਚ
ਧਮਾਕੇ ਤੋਂ ਤੁਰੰਤ ਬਾਅਦ ਪੁਲਿਸ ਅਤੇ ਅੱਗ ਬੁਝਾਊ ਦਸਤੇ ਮੌਕੇ 'ਤੇ ਪਹੁੰਚ ਗਏ। ਇੱਕ ਜ਼ਖਮੀ ਵਿਅਕਤੀ ਨੂੰ ਤੇਲ ਅਵੀਵ ਦੇ ਇਚਿਲੋਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਜ਼ਰਾਈਲੀ ਪੁਲਿਸ ਨੇ ਇਸ ਘਟਨਾ ਨੂੰ ਅਪਰਾਧਿਕ ਕਾਰਵਾਈ ਦੱਸਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲਾ ਗਾਰਡੀਆ ਸਟਰੀਟ ਦੇ ਇੱਕ ਹਿੱਸੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਘਟਨਾ ਇਸ ਸਾਲ ਫਰਵਰੀ ਵਿੱਚ ਤੇਲ ਅਵੀਵ ਨੇੜੇ ਬੱਸਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਵਾਪਰੀ ਹੈ। ਉਸ ਸਮੇਂ ਅਧਿਕਾਰੀਆਂ ਨੇ ਹਮਲਿਆਂ ਨੂੰ ਅੱਤਵਾਦੀ ਹਮਲੇ ਦੱਸਿਆ ਸੀ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਫਰਵਰੀ ਦੇ ਹਮਲਿਆਂ ਵਿੱਚ ਟਾਈਮਰ ਨਾਲ ਲੈਸ ਬੰਬ ਵਰਤੇ ਗਏ ਸਨ, ਜੋ ਕਿਸੇ ਸਾਜ਼ਿਸ਼ ਦਾ ਸੰਕੇਤ ਦਿੰਦੇ ਸਨ। ਇਸ ਨਵੇਂ ਕਾਰ ਬੰਬ ਧਮਾਕੇ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।