Thursday, May 01, 2025
 

ਨਵੀ ਦਿੱਲੀ

ਅਦਾਲਤ ਵਲੋਂ ਪੱਤਰਕਾਰ ਵਿਨੋਦ ਦੁਆ ਦੀ ਗ੍ਰਿਫ਼ਤਾਰੀ 'ਤੇ ਰੋਕ, ਜਾਂਚ ਤੋਂ ਇਨਕਾਰ

June 14, 2020 09:22 PM

ਨਵੀਂ ਦਿੱਲੀ : ਪੱਤਰਕਾਰ ਵਿਨੋਦ ਦੁਆ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਵਿਸ਼ੇਸ਼ ਸੁਣਵਾਈ ਦੌਰਾਨ ਹੁਕਮ ਦਿਤਾ ਕਿ ਦੁਆ ਦੇ ਯੂਟਿਊਬ ਸ਼ੋਅ ਬਾਰੇ ਹਿਮਾਚਲ ਪ੍ਰਦੇਸ਼ ਵਿਚ ਉਨ੍ਹਾਂ ਵਿਰੁਧ ਦਰਜ ਦੇਸ਼ਧ੍ਰੋਹ ਦੇ ਮਾਮਲੇ ਵਿਚ ਰਾਜ ਪੁਲਿਸ ਉਨ੍ਹਾਂ ਨੂੰ ਛੇ ਜੁਲਾਈ ਤਕ ਗ੍ਰਿਫ਼ਤਾਰ ਨਹੀਂ ਕਰੇਗੀ।  ਸਿਖਰਲੀ ਅਦਾਲਤ ਨੇ ਕਿਹਾ ਕਿ ਦੁਆ ਨੂੰ ਜਾਂਚ ਵਿਚ ਸ਼ਾਮਲ ਹੋਣਾ ਪਵੇਗਾ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਵਲੋਂ ਚੱਲ ਰਹੀ ਜਾਂਚ 'ਤੇ ਕੋਈ ਰੋਕ ਨਹੀਂ ਲਾਈ ਜਾਵੇਗੀ। 

ਮੋਦੀ ਬਾਰੇ ਟਿਪਣੀ ਕਾਰਨ ਪੱਤਰਕਾਰ ਵਿਰੁਧ ਦਰਜ ਹੈ ਦੇਸ਼ਧ੍ਰੋਹ ਦੀ ਮਾਮਲਾ

ਜੱਜ ਯੂ ਯੂ ਲਲਿਤ, ਜੱਜ ਐਮ ਐਮ ਸ਼ਾਂਤਨਾਗੌਡਰ ਅਤੇ ਜੱਜ ਵਿਨੀਤ ਸਰਨ ਦੇ ਬੈਂਚ ਨੇ ਦੇਸ਼ਧ੍ਰੋਹ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਕੇਂਦਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਨੋਟਿਸ ਭੇਜੇ ਅਤੇ ਦੋ ਹਫ਼ਤਿਆਂ ਵਿਚ ਜਵਾਬ ਦੇਣ ਲਈ ਆਖਿਆ। ਦੁਆ ਦੇ ਵਕੀਲ ਵਿਕਾਸ ਸਿੰਘ ਨੇ ਪਰਚੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰ ਕੇ ਪੱਤਰਕਾਰ ਦੇ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਮੌਲਿਕ ਹੱਕ ਦੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਲੋਕਾਂ ਵਿਰੁਧ ਇਸ ਤਰ੍ਹਾਂ ਦੇ ਦੋਸ਼ ਲੱਗਣ ਲਗਣਗੇ ਤਾਂ ਕਈ ਲੋਕ ਦੇਸ਼ਧ੍ਰੋਹ ਦੇ ਦੋਸ਼ਾਂ ਦੇ ਦਾਇਰੇ ਵਿਚ ਆ ਜਾਣਗੇ। ਸ਼ਿਮਲਾ ਵਿਚ ਪੁਲਿਸ ਨੇ ਸਥਾਨਕ ਭਾਜਪਾ ਆਗੂ ਦੀ ਸ਼ਿਕਾਇਤ 'ਤੇ ਪੁੱਛ-ਪੜਤਾਲ ਲਈ ਦੁਆ ਨੂੰ ਹਾਜ਼ਰ ਹੋਣ ਲਈ ਆਖਿਆ ਸੀ। ਕੌਮੀ ਰਾਜਧਾਨੀ ਵਿਚ ਦਰਜ ਕਰਾਈ ਗਈ ਸ਼ਿਕਾਇਤ ਵਾਂਗ ਹੀ ਸ਼ਿਮਲਾ ਵਿਚ ਸੀਨੀਅਰ ਪੱਤਰਕਾਰ ਵਿਰੁਧ ਦਰਜ ਪਰਚਾ ਵੀ ਇਸ ਸਾਲ ਦਿੱਲੀ ਵਿਚ ਹੋਏ ਫ਼ਿਰਕੂ ਦੰਗਿਆਂ ਨਾਲ ਜੁੜੇ ਉਨ੍ਹਾਂ ਦੇ ਯੂਟਿਊਬ ਸ਼ੋਅ ਨਾਲ ਸਬੰਧਤ ਹੈ। ਸ਼ਿਕਾਇਤ ਮੁਤਾਬਕ ਦੁਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੋਟ ਹਾਸਲ ਕਰਨ ਲਈ 'ਮੌਤਾਂ ਅਤੇ ਅਤਿਵਾਦੀ ਹਮਲਿਆਂ' ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਸੀ। 

 

Have something to say? Post your comment

Subscribe