ਤਣਾਅ ਵਿਚ ਤੁਰਕੀ ਦੀ ਹਿਲਚਲ: ਜੰਗੀ ਜਹਾਜ਼ ਕਰਾਚੀ ਪਹੁੰਚਿਆ, ਵੀਡੀਓ ਵੀ ਸਾਹਮਣੇ ਆਇਆ
ਭਾਰਤ-ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਦੌਰਾਨ, ਤੁਰਕੀ ਨੇ ਆਪਣਾ ਜੰਗੀ ਜਹਾਜ਼ ‘ਟੀਸੀਜੀ ਬੁਯੁਕਾਦਾ’ ਕਰਾਚੀ ਭੇਜ ਕੇ ਇੱਕ ਨਵਾਂ ਰਾਜਨੀਤਕ ਸੰਕੇਤ ਦਿੱਤਾ ਹੈ। ਇਹ ਕਦਮ ਉਸ ਵੇਲੇ ਆਇਆ ਹੈ ਜਦੋਂ ਪਹਿਲਗਾਮ ਹਮਲੇ ਕਾਰਨ ਭਾਰਤ ਵਿੱਚ ਗੁੱਸਾ ਹੈ ਅਤੇ ਦਿੱਲੀ ਵਿੱਚ ਉੱਚ ਪੱਧਰੀ ਮੀਟਿੰਗਾਂ ਚੱਲ ਰਹੀਆਂ ਹਨ।
ਪਾਕਿਸਤਾਨੀ ਜਲ ਸੈਨਾ ਨੇ ਕੀਤਾ ਤੁਰਕੀ ਜਹਾਜ਼ ਦਾ ਸਵਾਗਤ
ਐਤਵਾਰ ਨੂੰ ਜਦ ਤੁਰਕੀ ਨੇਵੀ ਦਾ ਜਹਾਜ਼ ਕਰਾਚੀ ਬੰਦਰਗਾਹ ‘ਤੇ ਪਹੁੰਚਿਆ, ਤਾਂ ਪਾਕਿਸਤਾਨੀ ਜਲ ਸੈਨਾ ਦੇ ਅਧਿਕਾਰੀਆਂ ਨੇ ਉਸਦਾ ਉਤਸ਼ਾਹੀਤ ਸਵਾਗਤ ਕੀਤਾ। ਡੀਜੀ ਪੀਆਰ ਨੇਵੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ‘ਸਦਭਾਵਨਾ ਯਾਤਰਾ’ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਦਾ ਪ੍ਰਤੀਕ ਹੈ।
ਜਹਾਜ਼ ‘ਤੇ ਮੌਜੂਦ ਚਾਲਕ ਦਲ ਪਾਕਿਸਤਾਨੀ ਸੈਨਿਕਾਂ ਨਾਲ ਗੱਲਬਾਤ ਅਤੇ ਸਾਂਝੇ ਅਭਿਆਸ ਕਰੇਗਾ, ਜਿਸਦਾ ਉਦੇਸ਼ ਸਹਿਯੋਗ ਅਤੇ ਵਿਸ਼ਵਾਸ ਵਧਾਉਣਾ ਹੈ।
ਇਤਿਹਾਸਕ ਪਿੱਠਭੂਮੀ ਅਤੇ ਰਣਨੀਤਕ ਸਾਂਝ
ਤੁਰਕੀ ਅਤੇ ਪਾਕਿਸਤਾਨ ਲੰਬੇ ਸਮੇਂ ਤੋਂ ਰਣਨੀਤਕ ਸਾਥੀ ਰਹੇ ਹਨ। ਤੁਰਕੀ ਨੇ ਪਿਛਲੇ ਕੁਝ ਸਾਲਾਂ ਵਿੱਚ ਪਾਕਿਸਤਾਨ ਨੂੰ ਡਰੋਨ, ਅਪਡੇਟ ਕੀਤੀਆਂ ਅਗੋਸਟਾ 90B ਕਲਾਸ ਪਣਡੁੱਬੀਆਂ ਅਤੇ ਹੋਰ ਫੌਜੀ ਸਾਜੋ-ਸਾਮਾਨ ਵੀ ਦਿੱਤਾ ਹੈ। ਇਹ ਜਹਾਜ਼ੀ ਦੌਰਾ, ਦੋਵਾਂ ਦੇਸ਼ਾਂ ਦੇ ਸਾਂਝੇ ਹਿਤਾਂ ਦੀ ਤਸਦੀਕ ਕਰਦਾ ਹੈ।
ਤਣਾਅ ਭਰੇ ਸਮੇਂ ਇਹ ਦੌਰਾ ਕਿਉਂ?
ਭਾਰਤ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਜਦ ਤਣਾਅ ਚਰਮ ‘ਤੇ ਹੈ, ਤਾਂ ਕੀ ਤੁਰਕੀ ਇਹ ਕਦਮ ਰਣਨੀਤਕ ਤੌਰ ‘ਤੇ ਚੁਕ ਰਿਹਾ ਹੈ? ਕੀ ਇਹ ਪਾਕਿਸਤਾਨ ਦੇ ਹੱਕ ‘ਚ ਇੱਕ ਦੂਸਰੇ ਰਣਨੀਤਕ ਧੜੇ ਦੀ ਖੁਲ੍ਹੀ ਹਮਾਇਤ ਹੈ?
ਇਸ ਤਾਜ਼ਾ ਹਿਲਚਲ ਨੇ ਦੱਖਣੀ ਏਸ਼ੀਆ ਵਿੱਚ ਨਵੀਂ ਰਣਨੀਤਕ ਗਤੀਵਿਧੀਆਂ ਦੀ ਸੰਭਾਵਨਾ ਖੜੀ ਕਰ ਦਿੱਤੀ ਹੈ।