ਲਖਨਊ : ਉਤਰ ਪ੍ਰਦੇਸ਼ ਵਿਚ ਕੋਵਿਡ-19 ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਉਤਰ ਪ੍ਰਦੇਸ਼ ਦੇ ਭਦੋਹੀ ਵਿਚ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਭਦੋਹੀ ਦੇ ਸੂਰੀਆਵਾਨ ਦੇ ਪਿੰਡ ਕੁਸੌਦਾ ਵਿਚ,  ਜਿੱਥੇ ਲਾੜੇ ਦੀ ਚਾਚੀ ਦੀ ਰਿਪੋਰਟ ਸਕਾਰਾਤਮਕ ਆਈ ਤਾਂ ਇਕੱਠੇ ਹੋਏ ਲੋਕਾਂ ਵਿਚ ਹਲਚਲ ਮਚ ਗਈ। ਰਿਸ਼ਤੇਦਾਰ,  ਨਾਈ,  ਪੰਡਤ ਖਾਣਾ ਅੱਧ ਵਿਚਕਾਰ ਛੱਡ ਕੇ ਬਗ਼ੈਰ ਹੱਥ ਧੋਤੇ ਭੱਜ ਗਏ।  ਜਾਣਕਾਰੀ ਅਨੁਸਾਰ ਅੱਜ ਕੁਸੌਦਾ ਪਿੰਡ ਵਿਚ ਇਕ ਨੌਜਵਾਨ ਨੂੰ ਬਰਾਤ ਜਾਣੀ ਸੀ। 
  ਖਾਣਾ ਛੱਡ ਕੇ ਭੱਜੇ ਪੰਡਤ ਤੇ ਰਿਸ਼ਤੇਦਾਰ
    ਲਾੜੇ ਦੀ ਚਾਚਾ ਅਤੇ ਚਾਚੀ ਵੀ ਵਿਆਹ ਵਿਚ ਸ਼ਾਮਲ ਹੋਣ ਲਈ ਸੂਰਤ ਤੋਂ ਆਏ ਸਨ। ਰੇਲਵੇ ਸਟੇਸ਼ਨ 'ਤੇ ਥਰਮਲ ਸਕ੍ਰੀਨਿੰਗ ਤੋਂ ਬਾਅਦ ਦੋਵੇਂ ਘਰ ਆਏ। ਇਸ ਦੌਰਾਨ 4 ਜੂਨ ਨੂੰ ਚਾਚੀ ਦੀ ਹਸਪਤਾਲ ਵਿਚ ਠੰਡ,  ਖੰਘ,  ਬੁਖ਼ਾਰ ਦੀਆਂ ਸ਼ਿਕਾਇਤਾਂ 'ਤੇ ਕੋਰੋਨਾ ਦੀ ਜਾਂਚ ਕੀਤੀ ਗਈ ਸੀ। ਵਿਆਹ ਦੀਆਂ ਤਿਆਰੀਆਂ ਘਰ ਵਿਚ ਜ਼ੋਰਾਂ ਨਾਲ ਚਲਦੀਆਂ ਰਹੀਆਂ। ਇਸੇ ਦੌਰਾਨ ਦੁਪਹਿਰ ਵੇਲੇ ਲਾੜੇ ਦੇ ਚਾਚੇ ਦੇ ਮੋਬਾਈਲ 'ਤੇ ਚਾਚੀ ਦੀ ਕੋਰੋਨਾ ਪਾਜ਼ੇਟਿਵ ਦਾ ਮੈਸਿਜ ਆਇਆ। ਜਿਉਂ ਹੀ ਇਹ ਸੁਨੇਹਾ ਆਇਆ ਵਿਆਹ ਵਾਲੇ ਘਰ ਵਿਚ ਇਕ ਹਲਚਲ ਮਚ ਗਈ। ਪੂਜਾ ਕਰਵਾ ਰਹੇ ਪਿੰਡ ਦੇ ਪੰਡਤ,  ਨਾਈ,  ਰਿਸ਼ਤੇਦਾਰ ਅਤੇ ਔਰਤਾਂ ਮੌਕੇ ਤੋਂ ਭੱਜ ਗਈਆਂ। ਖਾਣਾ ਖਾ ਰਹੇ ਕੁੱਝ ਗੁਆਂਢੀਆਂ ਨੇ ਵੀ ਹੱਥ ਧੋਤੇ ਬਿਨਾਂ ਪਲੇਟਾਂ ਛੱਡ ਦਿਤੀਆਂ। ਸੂਚਨਾ ਮਿਲਣ 'ਤੇ ਮੌਕੇ ਉਤੇ ਪੁੱਜੀ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਖੇਤਰ ਨੂੰ ਸੀਲ ਕਰ ਲਿਆ। ਲਾੜੇ ਦੀ ਚਾਚੀ ਵੀ ਗਰਭਵਤੀ ਹੈ। ਫ਼ਿਲਹਾਲ ਵਿਆਹ ਵੀ ਮੁਲਤਵੀ ਕਰ ਦਿਤਾ ਗਿਆ ਹੈ।