ਸ਼੍ਰੀਨਗਰ : ਜੰਮੂ-ਕਸ਼ਮੀਰ 'ਚ ਸੁਰੱਖਿਆ ਦਸਤਿਆਂ ਨੇ ਸਰਹੱਦੀ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਇਕ ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕਰ ਕੇ 5 ਏ.ਕੇ-47 ਰਾਈਫ਼ਲ,  6 ਪਿਸਤੌਲ ਅਤੇ 15 ਗ੍ਰਨੇਡ ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਹਨ। ਇਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਦਸਿਆ ਕਿ ਅਤਿਵਾਦੀ ਟਿਕਾਣੇ ਬਾਰੇ ਖ਼ੁਫ਼ੀਆ ਜਾਣਕਾਰੀ ਮਿਲਣ 'ਤੇ ਪੁਲਿਸ ਅਤੇ 6 ਰਾਸ਼ਟਰੀ ਰਾਈਫ਼ਲਜ਼ (RR) ਨੇ ਸੋਮਵਾਰ ਨੂੰ ਕੁਪਵਾੜਾ 'ਚ ਕੰਟਰੋਲ ਰੇਖਾ ਕੋਲ ਜੰਗਲਾਤ ਖੇਤਰ 'ਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦਸਿਆ ਕਿ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨੇ ਇਕ ਅਤਿਵਾਦੀ ਟਿਕਾਣੇ ਅਤੇ ਹਥਿਆਰਾਂ ਦੇ ਜ਼ਖ਼ੀਰੇ ਦਾ ਪਰਦਾਫ਼ਾਸ਼ ਕੀਤਾ। ਬਰਾਮਦ ਹਥਿਆਰਾਂ ਅਤੇ ਗੋਲਾ-ਬਾਰੂਦ 'ਚ 5 ਏ.ਕੇ.-47 ਰਾਈਫ਼ਲਾਂ,  15 ਏ.ਕੇ. ਮੈਗਜ਼ੀਨ,  443 ਏ.ਕੇ. ਰਾਊਂਡ,  2 ਯੂਬੀਜੀਐਲ,  57 ਯੂਬੀਜੀਐਲ ਗ੍ਰਨੇਡ,  12 9 ਐਮ.ਐਮ. ਪਿਸਤੌਲ,  15 ਹੱਥਗੋਲੇ (ਹੈਂਡ ਗ੍ਰਨੇਡ) ਅਤੇ 2 ਏ.ਕੇ. ਸਲਿੰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਾਂਝੀ ਮੁਹਿੰਮ ਨਾਲ ਕੁਪਵਾੜਾ 'ਚ ਤਾਇਨਾਤ ਸੁਰੱਖਿਆ ਫ਼ੋਰਸਾਂ ਨੇ ਘਾਟੀ 'ਚ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਪਾਕਿਸਤਾਨ ਸਥਿਤ ਅਤਿਵਾਦੀ ਧਿਰਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਸਫ਼ਲਤਾਪੂਰਵਕ ਅਸਫ਼ਲ ਕਰ ਦਿਤਾ ਹੈ।