ਭਾਰਤੀ ਜਲ ਸੈਨਾ ਦੁਆਰਾ ਸੋਮਾਲੀਆ ਦੇ ਤੱਟ 'ਤੇ ਇਕ ਅਪਰੇਸ਼ਨ ਦੌਰਾਨ ਫੜੇ ਗਏ 35 ਸਮੁੰਦਰੀ ਡਾਕੂਆਂ ਨੂੰ ਲੈ ਕੇ ਜੰਗੀ ਜਹਾਜ਼ 'ਆਈਐਨਐਸ ਕੋਲਕਾਤਾ' ਸ਼ਨੀਵਾਰ ਸਵੇਰੇ ਮੁੰਬਈ ਪਹੁੰਚਿਆ। ਜਲ ਸੈਨਾ ਨੇ ਇਨ੍ਹਾਂ ਸਮੁੰਦਰੀ ਡਾਕੂਆਂ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਜਲ ਸੈਨਾ ਦੇ ਮੁਖੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇਹ ਸਭ ਤੋਂ ਵੱਡੀ ਮੁਹਿੰਮ ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਲ ਸੈਨਾ ਹਿੰਦ ਮਹਾਸਾਗਰ ਖੇਤਰ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਕਾਰਾਤਮਕ ਕਾਰਵਾਈ ਕਰੇਗੀ। ਨਵੀਂ ਦਿੱਲੀ ਵਿੱਚ ਨਵ-ਨਿਰਮਿਤ ਜਲ ਸੈਨਾ ਭਵਨ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਜਲ ਸੈਨਾ ਨੇ ਹਵਾਈ ਸੈਨਾ ਦੇ ਨਾਲ ਮਿਲ ਕੇ ਇਹ ਆਪਰੇਸ਼ਨ ਮੱਧ ਸਾਗਰ ਵਿੱਚ ਕੀਤਾ।
ਜਲ ਸੈਨਾ ਨੇ ਤਿੰਨ ਮਹੀਨਿਆਂ ਤੋਂ ਹਾਈਜੈਕ ਕੀਤੇ ਗਏ ਵਿਸ਼ਾਲ ਜਹਾਜ਼ ਨੂੰ ਮੁਕਤ ਕਰਨ ਲਈ ਮਾਰਕੋਸ ਕਮਾਂਡੋਜ਼ ਨੂੰ ਉਤਾਰ ਕੇ ਆਪਣੇ ਜੰਗੀ ਬੇੜੇ ਆਈਐਨਐਸ ਕੋਲਕਾਤਾ, ਲੰਬੀ ਦੂਰੀ ਦੇ ਡਰੋਨ, ਸਮੁੰਦਰੀ ਨਿਗਰਾਨੀ ਜਹਾਜ਼ ਪੀ-8ਆਈ ਅਤੇ ਹਵਾਈ ਸੈਨਾ ਦੇ ਜਹਾਜ਼ ਸੀ-17 ਨੂੰ ਤਾਇਨਾਤ ਕੀਤਾ। ਉਨ੍ਹਾਂ ਕਿਹਾ ਕਿ ਜਲ ਸੈਨਾ ਨੇ ਭਾਰਤੀ ਤੱਟ ਤੋਂ ਲਗਭਗ 2, 600 ਕਿਲੋਮੀਟਰ ਦੂਰ ਕਰੀਬ 40 ਘੰਟੇ ਦੀ ਕਾਰਵਾਈ ਵਿੱਚ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬੰਧਕ ਬਣਾਏ ਗਏ 17 ਚਾਲਕ ਦਲ ਦੇ ਮੈਂਬਰਾਂ ਨੂੰ ਛੁਡਾਉਣ ਦੇ ਨਾਲ-ਨਾਲ 35 ਹਥਿਆਰਬੰਦ ਸਮੁੰਦਰੀ ਡਾਕੂਆਂ ਨੂੰ ਕਾਬੂ ਕੀਤਾ। ਮਾਹਿਰਾਂ ਅਨੁਸਾਰ ਪਿਛਲੇ ਸੱਤ ਸਾਲਾਂ ਵਿੱਚ ਸੋਮਾਲੀਅਨ ਸਮੁੰਦਰੀ ਡਾਕੂਆਂ ਤੋਂ ਮਾਲਵਾਹਕ ਜਹਾਜ਼ ਨੂੰ ਮੁਕਤ ਕਰਨ ਦਾ ਇਹ ਪਹਿਲਾ ਸਫਲ ਆਪ੍ਰੇਸ਼ਨ ਹੈ।