Wednesday, May 08, 2024
 

ਸਿੱਖ ਇਤਿਹਾਸ

ਭਾਈ ਮਨੀ ਸਿੰਘ ਜੀ ਬਾਰੇ ਜਾਣੂ ਪੂਰਾ ਇਤਿਹਾਸ

July 01, 2023 06:19 PM
ਭਾਈ ਮਨੀ ਸਿੰਘ ਦਾ ਜਨਮ 10 ਮਾਰਚ 1644 ਦੇ ਦਿਨ ਭਾਈ ਮਾਈ ਦਾਸ ਦੇ ਘਰ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ੱਫ਼ਰਗੜ੍ਹ (ਪਾਕਿਸਤਾਨ) ਵਿਚ ਹੋਇਆ ਸੀ। ਜਨਮ ਵੇਲੇ ਉਨ੍ਹਾਂ ਦਾ ਨਾਂ ਮਨੀ ਰਾਮ ਰੱਖਿਆ ਗਿਆ ਸੀ। ਉਸ ਨੂੰ ਲਾਡ ਨਾਲ ‘ਮਨੀਆ’ ਆਖ ਕੇ ਬੁਲਾਇਆ ਜਾਂਦਾ ਸੀ।ਸੰਨ 1657 ਵਿਚ ਉਸ ਦਾ ਪਿਤਾ ਮਾਈ ਦਾਸ ਉਸ ਨੂੰ ਕੀਰਤਪੁਰ ਲੈ ਗਿਆ ਸੀ ਤੇ ਗੁਰੂ ਹਰਿ ਰਾਇ ਸਾਹਿਬ ਨੂੰ ਅਰਪਣ ਕਰ ਦਿੱਤਾ ਸੀ। ਉਸ ਦਿਨ ਤੋਂ ਮਨੀ ਰਾਮ (ਸਿੰਘ) ਕੀਰਤਪੁਰ ਰਹਿਣ ਲੱਗ ਪਿਆ ਸੀ। ਤਕਰੀਬਨ ਡੇਢ ਸਾਲ ਉਸ ਨੇ ਗੁਰ ਦਰਬਾਰ ਵਿਚ ਸੇਵਾ ਕੀਤੀ ਸੀ। ਸੰਨ 1659 ਵਿਚ ਉਹ ਵਾਪਿਸ ਆਪਣੇ ਪਿੰਡ ਗਿਆ ਸੀ। ਉਸ ਦਾ ਵਿਆਹ ਬੀਬੀ ਸੀਤੋ (ਪਾਹੁਲ ਤੋਂ ਮਗਰੋਂ ਬਸੰਤ ਕੌਰ) ਪੁੱਤਰੀ ਲਖੀ ਰਾਏ ਯਾਦਵ ਵਣਜਾਰਾ (ਜੋ ਉਦੋਂ ਪਿੰਡ ਖੈਰਪੁਰ ਵਿਚ ਰਹਿੰਦੇ ਸਨ ਤੇ ਮਗਰੋਂ ਪਿੰਡ ਰਸਾਇਨਾ, ਦਿੱਲੀ ਚਲੇ ਗਏ ਸਨ) ਨਾਲ ਹੋਇਆ ਸੀ। ਵਿਆਹ ਤੋਂ ਮਗਰੋਂ ਕੁਝ ਮਹੀਨੇ ਅਲੀਪੁਰ ਰਹਿ ਕੇ ਉਹ ਵਾਪਿਸ ਕੀਰਤਪੁਰ ਪਰਤ ਗਿਆ ਸੀ ਤੇ ਗੁਰੂ ਦਰਬਾਰ ਵਿਚ ਸੇਵਾ ਕਰਨ ਲੱਗ ਪਿਆ ਸੀ।
.
6 ਅਕਤੂਬਰ 1661 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ ਜੋਤਿ ਸਮਾ ਗਏ ਸੀ। ਇਸ ਮਗਰੋਂ ਮਨੀ ਰਾਮ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਵੀ ਹਾਜ਼ਰ ਰਿਹਾ ਸੀ। ਜਦੋਂ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ 17 ਸਾਲ ਦਾ ਮਨੀ ਰਾਮ ਵੀ ਗੁਰੂ ਸਾਹਿਬ ਦੇ ਨਾਲ ਗਿਆ ਸੀ। 25 ਮਾਰਚ 1664 ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਔਰੰਗਜ਼ੇਬ ਵਿਚ ਮੁਲਾਕਾਤ ਹੋਈ। (ਉਦੋਂ ਉਹ ਵੀ ਉੱਥੇ ਹਾਜ਼ਿਰ ਸੀ) ਗੁਰੂ ਹਰਕ੍ਰਿਸ਼ਨ ਸਾਹਿਬ 30 ਮਾਰਚ 1664 ਦੇ ਦਿਨ ਜੋਤੀ ਜੋਤਿ ਸਮਾ ਗਏ ਸਨ ਅਤੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਗੁਰੂ ਥਾਪ ਗਏ ਸਨ। ਅਗਸਤ ਦੇ ਸ਼ੁਰੂ ਵਿਚ ਉਹ ਮਾਤਾ ਸੁਲੱਖਣੀ ਤੇ ਹੋਰਾਂ ਨਾਲ ਦਿੱਲੀ ਤੋਂ ਪੰਜਾਬ ਵੱਲ ਚੱਲ ਪਿਆ ਸੀ।। 11 ਅਗਸਤ 1664 ਦੇ ਦਿਨ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਬਕਾਲਾ ਵਿਖੇ ਰਸਮੀ ਤੌਰ ’ਤੇ ਗੁਰਿਆਈ ਸੌਂਪੀ ਗਈ। ਉਹ ਵੀ ਉਸ ਰਸਮ ਵਿਚ ਸ਼ਾਮਿਲ ਹੋਇਆ ਸੀ। ਇਸ ਮਗਰੋਂ ਉਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੇਵਾ ਵਿਚ ਹਾਜ਼ਿਰ ਰਿਹਾ ਸੀ। 20 ਅਗਸਤ 1664 ਦੇ ਦਿਨ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਬਕਾਲਾ ਤੋਂ ਕੀਰਤਪੁਰ ਸਾਹਿਬ ਵਾਸਤੇ ਚਲੇ ਤਾਂ ਮਨੀ ਰਾਮ ਵੀ ਉਨ੍ਹਾਂ ਦੇ ਨਾਲ ਗਿਆ ਸੀ। ਕੁਝ ਚਿਰ ਮਗਰੋਂ ਮਨੀ ਰਾਮ ਥੋੜ੍ਹੇ ਜਿਹੇ ਸਮੇਂ ਵਾਸਤੇ ਆਪਣੇ ਪਿੰਡ ਗਿਆ ਸੀ।
.
ਮਾਰਚ 1672 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਬਕਾਲਾ ਤੋਂ ਚੱਕ ਨਾਨਕੀ (ਅਨੰਦਪੁਰ ਸਾਹਿਬ) ਆ ਗਏ ਸਨ। ਕੁਝ ਦਿਨਾਂ ਮਗਰੋਂ ਮਨੀ ਰਾਮ ਵੀ ਗੁਰ ਦਰਬਾਰ ਵਿਚ ਹਾਜ਼ਿਰ ਹੋ ਗਿਆ ਸੀ। 25 ਮਈ 1675 ਦੇ ਦਿਨ ਕਸ਼ਮੀਰੀ ਪੰਡਤ ਭਾਈ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ ਚੱਕ ਨਾਨਕੀ ਵਿਚ ਗੁਰੂ ਸਾਹਿਬ ਕੋਲ ਫ਼ਰਿਆਦ ਕਰਨ ਪੁੱਜੇ ਸਨ ਅਤੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਸੀ ਕਿ ਉਹ ਕਸ਼ਮੀਰੀ ਹਿੰਦੂਆਂ ਦੀ ਜਬਰੀ ਧਰਮ ਬਦਲੀ ਬੰਦ ਕਰਵਾਉਣ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਸੋਚ ਵਿਚਾਰ ਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ ਸੀ। ਗੁਰੂ ਸਾਹਿਬ ਨੇ 8 ਜੁਲਾਈ 1675 ਦੇ ਦਿਨ (ਗੁਰੂ) ਗੋਬਿੰਦ ਸਿੰਘ ਸਾਹਿਬ ਨੂੰ ਗੁਰਗੱਦੀ ਸੌਂਪੀ ਅਤੇ 11 ਜੁਲਾਈ ਨੂੰ ਆਪ ਦਿੱਲੀ ਵਾਸਤੇ ਚੱਲ ਪਏ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਦੇ ਜਾਣ ਮਗਰੋਂ ਮਨੀ ਰਾਮ ਚੱਕ ਨਾਨਕੀ ਰਿਹਾ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿਚ ਹਾਜ਼ਿਰ ਰਿਹਾ ਸੀ। ਇਸ ਵੇਲੇ ਉਸ ਦੀ ਉਮਰ 31 ਸਾਲ ਦੀ ਸੀ। ਮਨੀ ਰਾਮ ਨੇ ਗੁਰਬਾਣੀ ਦਾ ਬਹੁਤ ਡੂੰਘਾ ਮੁਤਾਲਾ ਕੀਤਾ ਹੋਇਆ ਸੀ। ਉਸ ਨੇ ਫ਼ਲਸਫ਼ੇ ਅਤੇ ਤਵਾਰੀਖ਼ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ।
.
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੀ ਰਾਮ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਸੀ। ਇਹ ਬੀੜ ਜੁਲਾਈ 1678 ਵਿਚ ਤਿਆਰ ਹੋ ਚੁੱਕੀ ਸੀ। (ਕਿਉਂਕਿ ਇਹ ਬੀੜ ਦਮਦਮਾ ਸਾਹਿਬ ਤਖ਼ਤ (ਚੱਕ ਨਾਨਕੀ) ਦੇ ਅਸਥਾਨ ’ਤੇ ਤਿਆਰ ਹੋਈ ਸੀ ਇਸ ਕਰ ਕੇ ਇਸ ਨੂੰ “ਦਮਦਮੇ ਵਾਲੀ ਬੀੜ” ਦਾ ਨਾਂ ਦਿੱਤਾ ਗਿਆ ਸੀ। ਉਨ੍ਹੀਂ ਦਿਨੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ (ਜੋ ਗੁਰੂ ਅਰਜਨ ਸਾਹਿਬ ਨੇ ਤਿਆਰ ਕਰਵਾਇਆ ਸੀ ਤੇ ਭਾਈ ਗੁਰਦਾਸ ਨੇ ਕਿਤਾਬਤ ਕੀਤੀ ਸੀ) ਧੀਰ ਮੱਲ ਦੇ ਡੇਰੇ ’ਤੇ ਬਕਾਲਾ ਵਿਖੇ ਪਿਆ ਸੀ। ਉਧਰ 24 ਜੁਲਾਈ 1678 ਦੇ ਦਿਨ ਧੀਰ ਮੱਲ ਦੇ ਪੁੱਤਰ ਰਾਮ ਚੰਦ ਨੂੰ ਔਰੰਗਜ਼ੇਬ ਨੇ ਦਿੱਲੀ ਵਿਚ ਕਤਲ ਕਰਵਾ ਦਿੱਤਾ ਸੀ। 9 ਅਗਸਤ 1678 ਦੇ ਦਿਨ ਰਾਮ ਚੰਦ ਦੇ ਭਰਾ ਭਾਰ ਮੱਲ ਨੇ ਆਪਣੇ ਭਰਾ ਨਮਿਤ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਅਤੇ ਅੰਤਿਮ ਅਰਦਾਸ ਕੀਤੀ। ਇਸ ਮੌਕੇ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਨੀ ਰਾਮ ਨੂੰ ਆਪਣੇ ਨੁਮਾਇੰਦੇ ਵਜੋਂ ਬਕਾਲੇ ਭੇਜਿਆ ਸੀ। ਭੋਗ ਤੋਂ ਮਗਰੋਂ ਮਨੀ ਰਾਮ ਨੇ ਭਾਰ ਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਹੈ। ਉਸ ਤੋਂ ਇਲਾਵਾ ਹੋਰ ਬੀੜਾਂ ਵੀ ਤਿਆਰ ਹੋ ਰਹੀਆਂ ਹਨ। ਉਨ੍ਹਾਂ ਦੀਆਂ ਲਗਾਂ-ਮਾਤ੍ਰਾਂ ਦੀ ਸੁਧਾਈ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਕੁਝ ਚਿਰ ਵਾਸਤੇ ਦੇ ਦਿਓ। ਭਾਰ ਮੱਲ ਨੇ ਬਹਾਨਾ ਲਾਇਆ ਕਿ ਉਹ ਬਕਾਲਾ ਛੱਡ ਕੇ ਕਰਤਾਰਪੁਰ ਜਾ ਰਿਹਾ ਹੈ ਤੇ ਗੁਰੂ ਸਾਹਿਬ ਕਿਸੇ ਨੂੰ ਬੀੜ ਦੇ ਕੇ ਕਰਤਾਰਪੁਰ ਭੇਜ ਦੇਣ ਤੇ ਉੱਥੇ ਆ ਕੇ ਲਗਾਂ-ਮਾਤ੍ਰਾਂ ਸੋਧ ਲਈਆਂ ਜਾਣ।ਮਨੀ ਰਾਮ ਨੇ ਸਾਰੀ ਗੱਲਬਾਤ ਗੁਰੂ ਸਾਹਿਬ ਨੂੰ ਜਾ ਦੱਸੀ। ਅਖ਼ੀਰ ਗੁਰੂ ਸਾਹਿਬ ਨੇ ਉਸ ਨੂੰ ਕਰਤਾਰਪੁਰ ਭੇਜ ਕੇ ਉਤਾਰਾ ਕਰਵਾ ਲਿਆ ਅਤੇ ਫਿਰ ਬੀੜ ਮੁਕੰਮਲ ਕਰਵਾਈ। ਇਸ ਮਗਰੋਂ ਮਨੀ ਰਾਮ ਨੇ ਹੋਰ ਪੋਥੀਆਂ ਦੇ ਵੀ ਉਤਾਰੇ ਕੀਤੇ ਅਤੇ ਵੱਖ-ਵੱਖ ਪਾਸੇ ਸੰਗਤਾਂ ਨੂੰ ਭੇਜਿਆ।
.
ਮਨੀ ਰਾਮ ਸਿਰਫ਼ ਕਾਤਿਬ ਹੀ ਨਹੀਂ ਸਨ ਬਲਕਿ ਨਾਲ ਹੀ ਬਾਣੀ ਦੀ ਕਥਾ ਦਾ ਪਰਵਾਹ ਵੀ ਚਲਾਇਆ ਕਰਦਾ ਸੀ। ਇਸ ਦੇ ਨਾਲ-ਨਾਲ “ਸਿਪਾਹੀ” ਵੀ ਸੀ। ਉਹ ਘੋੜ-ਸਵਾਰੀ ਤੇ ਤਲਵਾਰ ਚਲਾਉਣ ਵਿਚ ਬਹੁਤ ਮਾਹਿਰ ਸੀ। ਉਸ ਦਾ ਜਿਸਮ ਇਕਹਿਰਾ ਸੀ ਤੇ ਉਹ ਬੜਾ ਫੁਰਤੀਲਾ ਤੇ ਚੁਸਤ ਸੀ।
.
28 ਮਾਰਚ 1685 ਦੇ ਦਿਨ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦਾ ਵਜ਼ੀਰ ਅਨੰਦਪੁਰ ਆਇਆ। ਉਸ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਨਾਹਨ ਵਿਚ ਦਰਸ਼ਨ ਦੇਣ। 13 ਅਪ੍ਰੈਲ 1685 ਦੇ ਦਿਨ ਗੁਰੂ ਸਾਹਿਬ ਨਾਹਨ ਪੁੱਜੇ। ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਨੂੰ ਸ਼ਾਹੀ “ਜੀ ਆਇਆਂ” ਆਖਿਆ ਅਤੇ ਅਰਜ਼ ਕੀਤੀ ਕਿ ਗੁਰੂ ਸਾਹਿਬ ਉਸ ਦੀ ਰਿਆਸਤ ਵਿਚ ਆ ਕੇ ਰਹਿਣ। ਗੁਰੂ ਸਾਹਿਬ ਨੇ ਉਸ ਦੀ ਅਰਜ਼ ਕਬੂਲ ਕਰ ਕੇ ਪਾਉਂਟਾ ਸਾਹਿਬ ਪਿੰਡ ਵਸਾ ਕੇ ਉੱਥੇ ਰਹਿਣਾ ਸ਼ੁਰੂ ਕੀਤਾ ਸੀ। ਇਸ ਸਾਰੇ ਸਮੇਂ ਦੌਰਾਨ ਮਨੀ ਰਾਮ ਗੁਰੂ ਸਾਹਿਬ ਦੇ ਨਾਲ ਹੀ ਸੀ।
.
4 ਸਤੰਬਰ 1687 ਦੇ ਦਿਨ ਖੁਰਵੱਧੀ (ਹੁਣ ਡੇਹਰਾਦੂਨ) ਵਿਚ ਰਾਮ ਰਾਏ ਦੀ ਮੌਤ ਹੋ ਗਈ ਸੀ। ਗੁਰੂ ਸਾਹਿਬ ਉਸ ਦੀ ਅੰਤਿਮ ਅਰਦਾਸ ਵਾਸਤੇ ਖੁਰਵੱਧੀ ਗਏ। ਇਸ ਮੌਕੇ ’ਤੇ ਮਨੀ ਰਾਮ ਵੀ ਉਨ੍ਹਾਂ ਦੇ ਨਾਲ ਗਿਆ ਸੀ। ਅਗਲੇ ਸਾਲ ਉਸ ਦੀ ਬਰਸੀ ਮਨਾਈ ਗਈ ਸੀ। ਇਸ ਵਾਰ ਗੁਰੂ ਸਾਹਿਬ ਨੇ ਦੀਵਾਨ ਨੰਦ ਚੰਦ ਸੰਘਾ ਅਤੇ ਮਨੀ ਰਾਮ ਨੂੰ ਖੁਰਵੱਧੀ ਭੇਜਿਆ ਸੀ। ਭੋਗ ਵੇਲੇ ਗੁਰਬਖ਼ਸ਼ ਰਾਏ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਸੀ। ਜਦੋਂ ਦੀਵਾਨ ਨੰਦ ਚੰਦ ਅਰਦਾਸ ਕਰਨ ਲੱਗਾ ਤਾਂ ਮਸੰਦ ਗੁਰਬਖ਼ਸ਼ ਰਾਏ ਨੇ ਕੋਈ ਮਾੜਾ ਬੋਲ ਬੋਲਿਆ। ਇਸ ’ਤੇ ਮਨੀ ਰਾਮ ਨੇ ਉਸ ਨੂੰ ਗ੍ਰੰਥ ਸਾਹਿਬ ਦੀ ਤਾਬਿਆ ਤੋਂ ਉਠਾ ਕੇ ਬਾਂਹ ਫੜ ਕੇ ਹੇਠਾ ਸੁੱਟ ਦਿੱਤਾ। ਹੇਠਾਂ ਡਿੱਗਣ ਮਗਰੋਂ ਜਦੋਂ ਗੁਰਬਖ਼ਸ਼ ਰਾਏ ਨੇ ਫੇਰ ਬੋਲਣਾ ਸ਼ੁਰੂ ਕੀਤਾ ਤਾਂ ਸਿੰਘਾਂ ਨੇ ਕਿਰਪਾਨਾਂ ਧੂਹ ਲਈਆਂ। ਇਸ ’ਤੇ ਮਸੰਦ ਗੁਰਬਖ਼ਸ਼ ਰਾਏ ਅਤੇ ਉਸ ਦੇ ਸਾਥੀ ਦੌੜ ਗਏ ਸਨ। ਗੁਰਬਖ਼ਸ਼ ਰਾਏ ਨੇ ਗੜ੍ਹਵਾਲ ਦੇ ਰਾਜੇ ਫਤੇ ਸ਼ਾਹ ਨੂੰ ਭੜਕਾ ਕੇ ਪਾਉਂਟਾ ਸਾਹਿਬ ’ਤੇ ਹਮਲਾ ਕਰਨ ਵਾਸਤੇ ਤਿਆਰ ਕਰ ਲਿਆ ਸੀ। 18 ਸਤੰਬਰ 1688 ਦੇ ਦਿਨ ਭੰਗਾਣੀ ਵਿਖੇ ਲੜਾਈ ਹੋਈ ਸੀ। ਇਸ ਲੜਾਈ ਵਿਚ ਮਨੀ ਰਾਮ ਨੇ ਵੀ ਖ਼ੂਬ ਜੌਹਰ ਦਿਖਾਏ ਸਨ।
.
27 ਅਕਤੂਬਰ 1688 ਦੇ ਦਿਨ ਗੁਰੂ ਸਾਹਿਬ ਪਾਉਂਟਾ ਤੋਂ ਅਨੰਦਪੁਰ ਸਾਹਿਬ ਚੱਲ ਪਏ ਸਨ। ਮਨੀ ਰਾਮ ਵੀ ਉਨ੍ਹਾਂ ਦੇ ਨਾਲ ਚਲਾ ਗਿਆ ਸੀ। ਮਨੀ ਰਾਮ ਦਾ ਗੁਰ ਦਰਬਾਰ ਵਿਚ ਦਰਜਾ ਦੀਵਾਨ ਨੰਦ ਚੰਦ ਮਗਰੋਂ ਦੂਜੇ ਨੰਬਰ ’ਤੇ ਸੀ। ਮਨੀ ਰਾਮ ਹਰ ਰੋਜ਼ ਪਹਿਲੇ ਪਹਿਰ ਉੱਠ ਕੇ, ਇਸ਼ਨਾਨ ਕਰ ਕੇ ਸੇਵਾ ਵਿਚ ਜੁੱਟ ਜਾਇਆ ਕਰਦਾ ਸੀ। ਉਸ ਨੇ ਇਹ ਰੋਜ਼ਨਾਮਚਾ ਹਮੇਸ਼ਾ ਅਪਣਾਈ ਰੱਖਿਆ ਸੀ। ਸੰਗਤਾਂ ਵਿਚ ਵੀ ਮਨੀ ਰਾਮ ਨੂੰ ਅਦਬ ਤੇ ਇੱਜ਼ਤ ਵਾਲਾ ਦਰਜਾ ਹਾਸਿਲ ਸੀ। ਗੁਰੂ ਸਾਹਿਬ ਵੀ ਮਨੀ ਰਾਮ ਨੂੰ ਬਹੁਤ ਪਿਆਰ ਕਰਦੇ ਸਨ।
.
ਮਾਰਚ 1691 ਵਿਚ ਅਲਫ਼ ਖ਼ਾਨ ਨੇ ਪਹਾੜੀ ਰਾਜਿਆਂ ’ਤੇ ਹਮਲਾ ਕਰ ਦਿੱਤਾ। ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਗੁਰੂ ਜੀ ਤੋਂ ਮਦਦ ਮੰਗੀ। ਗੁਰੂ ਸਾਹਿਬ ਦੀਵਾਨ ਨੰਦ ਚੰਦ, ਦੀਵਾਨ ਧਰਮ ਚੰਦ ਛਿੱਬਰ, ਮਨੀ ਰਾਮ ਤੇ ਆਲਮ ਚੰਦ ਵਰਗੇ ਜਰਨੈਲਾਂ ਨੂੰ ਲੈ ਕੇ ਨਦੌਣ ਗਏ ਸਨ। 19 ਮਾਰਚ 1691 ਦੇ ਦਿਨ ਨਦੌਣ ਦੀ ਲੜਾਈ ਵਿਚ ਮਨੀ ਰਾਮ ਨੇ ਖ਼ੂਬ ਬਹਾਦਰੀ ਦਿਖਾਈ ਸੀ। ਉਸ ਦੇ ਤੀਰਾਂ ਦੇ ਮੀਂਹ ਨੇ ਅਲਫ ਖ਼ਾਨ ਦੀ ਫ਼ੌਜ ਦੇ ਛੱਕੇ ਛੁੜਾ ਦਿੱਤੇ ਸਨ। ਲੜਾਈ ਜਿੱਤਣ ਮਗਰੋਂ ਗੁਰੂ ਸਾਹਿਬ ਸੱਤ ਦਿਨ ਨਦੌਣ ਦੇ ਰਾਜੇ ਦੇ ਮਹਲ ਵਿਚ ਰਹੇ ਸਨ। ਅਠਵੇਂ ਦਿਨ ਉਹ ਅਨੰਦਪੁਰ ਸਾਹਬ ਵੱਲ ਚੱਲ ਪਏ ਸਨ ਤੇ 28 ਮਾਰਚ 1691 ਦੇ ਦਿਨ ਅਨੰਦਪੁਰ ਸਾਹਿਬ ਪੁੱਜੇ ਸਨ।
.
ਇਸ ਵੇਲੇ ਦੀਵਾਨ ਨੰਦ ਚੰਦ ਗੁਰੂ ਸਾਹਿਬ ਦਾ “ਦਰਬਾਰੀ ਦੀਵਾਨ” ਸੀ। ਕੁਝ ਸਮਾਂ ਪਹਿਲਾਂ ਕੁਝ ਉਦਾਸੀ ਉਸ ਨੂੰ (ਗੁਰੂ) ਗ੍ਰੰਥ ਸਾਹਿਬ ਦਾ ਇਕ ਉਤਾਰਾ ਦੇ ਗਏ ਤਾਂ ਜੋ ਉਹ ਸੁਧਾਈ ਕਰ ਦੇਵੇ। ਦੀਵਾਨ ਨੰਦ ਚੰਦ ਉਸ ਬੀੜ ਨੂੰ ਆਪਣੇ ਪਿੰਡ ਲੈ ਗਿਆ ਸੀ ਤੇ ਉਹ ਆਪਣੇ ਘਰ ਛੱਡ ਆਇਆ ਸੀ (ਇਹ ਬੀੜ ਅੱਜ ਵੀ ਡਰੋਲੀ ਭਾਈ ਵਿਚ ਪਈ ਹੋਈ ਹੈ)। ਜਦੋਂ ਉਦਾਸੀਆ ਨੇ ਬੀੜ ਮੰਗੀ ਤਾਂ ਉਹ ਮੁਕਰ ਗਿਆ ਸੀ। ਉਦਾਸੀ ਇਹ ਮਾਮਲਾ ਗੁਰੂ ਸਾਹਿਬ ਕੋਲ ਲੈ ਗਏ ਸਨ। ਜਦੋਂ ਦੀਵਾਨ ਨੰਦ ਚੰਦ ਨੂੰ ਇਹ ਪਤਾ ਲੱਗਾ ਤਾਂ ਉਹ ਘਬਰਾ ਕੇ ਅਨੰਦਪੁਰ ਸਾਹਿਬ ਤੋਂ ਖਿਸਕ ਗਿਆ ਸੀ। ਘਰ ਜਾਂਦਾ ਹੋਇਆ ਉਹ ਕਰਤਾਰਪੁਰ (ਜਲੰਧਰ) ਵਿਚ ਠਹਿਰਿਆ ਸੀ ਜਿੱਥੇ ਧੀਰ ਮੱਲੀਆਂ ਨੇ ਉਸ ਨੂੰ ਕਤਲ ਕਰ ਦਿੱਤਾ ਸੀ।
.
ਦੀਵਾਨ ਨੰਦ ਚੰਦ ਦੇ ਅਨੰਦਪੁਰ ਤੋਂ ਖਿਸਕ ਜਾਣ ਮਗਰੋਂ 29 ਮਾਰਚ 1691 ਦੇ ਦਿਨ ਗੁਰੂ ਸਾਹਿਬ ਨੇ ਮਨੀ ਰਾਮ ਨੂੰ “ਦਰਬਾਰੀ ਦੀਵਾਨ” ਥਾਪ ਦਿੱਤਾ ਸੀ। ਉਸ ਵੇਲੇ ਧਰਮ ਚੰਦ “ਘਰਬਾਰੀ ਦੀਵਾਨ” ਸੀ। ਹੁਣ ਦੋਵੇਂ ‘ਦੀਵਾਨ’ ਗੁਰੂ ਦਰਬਾਰ ਤੇ ਗੁਰੂ ਘਰ ਦਾ ਇੰਤਜ਼ਾਮ ਕਰਨ ਲੱਗ ਪਏ ਸਨ।
.
ਮਈ 1693 ਵਿਚ ਗੁਰੂ ਸਾਹਿਬ ਨੇ ਬਾਂਗਰ ਦੇਸ਼ ਦਾ ਦੌਰਾ ਕੀਤਾ। ਇਸ ਦੌਰਾਨ ਵੀ ਮਨੀ ਰਾਮ ਆਪ ਦੇ ਨਾਲ ਰਿਹਾ ਸੀ। ਫ਼ਰਵਰੀ 1694 ਵਿਚ ਗੁਰੂ ਸਾਹਿਬ ਖੁਰਵਧੀ (ਡੇਹਰਾਦੂਨ) ਅਤੇ ਹਰਦੁਆਰ ਵੱਲ ਗਏ ਤਾਂ ਮਨੀ ਰਾਮ ਵੀ ਆਪ ਦੇ ਨਾਲ ਗਿਆ ਸੀ। ਹਰਦੁਆਰ ਦੀ ਪੰਡਾ ਵਹੀ ਵਿਚ ਮਨੀ ਰਾਮ ਦੇ ਗੁਰੂ ਸਾਹਿਬ ਦੇ ਨਾਲ 28 ਫਰਵਰੀ 1696 ਦੇ ਦਿਨ ਹਰਦੁਆਰ ਪੁੱਜਣ ਦਾ ਜ਼ਿਕਰ ਹੈ।
.
ਇਸ ਤੋਂ ਦੋ ਸਾਲ ਮਗਰੋਂ ਜਦੋਂ ਗੁਰੂ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਤੇ ਖੰਡੇ ਦੀ ਪਾਹੁਲ ਦੇਣੀ ਸ਼ੁਰੂ ਕੀਤੀ ਤਾਂ ਪੰਜ ਪਿਆਰਿਆਂ ਅਤੇ ਪੰਜ ਮੁਕਤਿਆਂ ਤੋਂ ਮਗਰੋਂ ਬਾਕੀ ਸਿੰਘਾਂ ਨੂੰ ਖੰਡੇ ਦੀ ਪਾਹੁਲ ਦਿੱਤੀ ਗਈ ਤਾਂ ਇਨ੍ਹਾਂ ਦਸਾਂ ਤੋਂ ਮਗਰੋਂ ਸਭ ਤੋਂ ਪਹਿਲੇ ਬੈਚ ਵਿਚ ਯਾਰ੍ਹਾਂ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਸੀ। ਇਹ ਸਨ: ਮਨੀ ਰਾਮ (ਹੁਣ ਮਨੀ) ਸਿੰਘ, ਉਸ ਦੇ ਛੇ ਪੁੱਤਰ (ਚਿਤਰ ਸਿੰਘ, ਬਚਿਤਰ ਸਿੰਘ, ਉਦੈ ਸਿੰਘ, ਅਨਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ), ਚੌਪਾ ਸਿੰਘ, ਦੀਵਾਨ ਧਰਮ ਸਿੰਘ, ਭਾਈ ਆਲਿਮ ਸਿੰਘ ਅਤੇ ਭਾਈ ਗੁਰਬਖ਼ਸ਼ ਸਿੰਘ (ਰਾਮ ਕੁੰਵਰ)।
.
ਇਸੇ ਦਿਨ ਗੁਰੂ ਦਾ ਚੱਕ (ਰਾਮਦਾਸਪੁਰਾ, ਅੰਮ੍ਰਿਤਸਰ) ਦੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਮੀਣੇ ਗੁਰੂ-ਦਾ-ਚੱਕ (ਅੰਮ੍ਰਿਤਸਰ) ਛੱਡ ਕੇ ਚਲੇ ਗਏ ਹਨ। ਤੁਸੀਂ ਕਿਸੇ ਮੁਖੀ ਸਿੱਖ ਨੂੰ ਉੱਥੋਂ ਦੀ ਸੇਵਾ ਸੰਭਾਲਣ ਵਾਸਤੇ ਭੇਜ ਦਿਓ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਪੰਜ ਸਾਥੀ ਨਾਲ ਦੇ ਕੇ ਅੰਮ੍ਰਿਤਸਰ ਦਾ ਸਰਬਰਾਹ ਬਣਾ ਕੇ ਭੇਜਿਆ ਸੀ। ਭਾਈ ਮਨੀ ਸਿੰਘ 2 ਮਈ 1698 ਦੇ ਦਿਨ ਅੰਮ੍ਰਿਤਸਰ ਪੁੱਜਾ ਅਤੇ 3 ਮਈ ਨੂੰ ਦਰਬਾਰ ਸਾਹਿਬ ’ਚ ਨੀਲਾ ਨਿਸ਼ਾਨ ਸਾਹਿਬ ਝੁਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ। ਇਸ ਤੋਂ ਬਾਅਦ ਮਨੀ ਸਿੰਘ ਅੰਮ੍ਰਿਤਸਰ ਹੀ ਰਹਿਣ ਲੱਗ ਪਿਆ ਸੀ।
.
ਹੁਣ ਅੰਮ੍ਰਿਤਸਰ ਵਿਚ ਸੰਗਤਾਂ ਦੋਬਾਰਾ ਆਉਣ ਲੱਗ ਪਈਆ ਸਨ। ਮਨੀ ਸਿੰਘ ਰੋਜ਼ ਕਥਾ ਕਰਨ ਲੱਗ ਪਿਆ ਸੀ। ਵਿਚ-ਵਿਚ ਉਹ ਅਨੰਦਪੁਰ ਵੀ ਜਾਇਆ ਕਰਦਾ ਸੀ। ਅਗਸਤ 1700 ਵਿਚ ਜਦੋਂ ਅਜਮੇਰ ਚੰਦ ਬਿਲਾਸਪੁਰੀ ਨੇ ਅਨੰਦਪੁਰ ਸਾਹਿਬ ’ਤੇ ਹਮਲਾ ਕੀਤਾ ਤਾਂ ਉਹ ਵੀ ਉੱਥੇ ਹਾਜ਼ਿਰ ਸੀ। ਪਹਿਲੀ ਸਤੰਬਰ 1700 ਦੇ ਦਿਨ ਕਿਲ੍ਹਾ ਲੋਹਗੜ੍ਹ ਦੀ ਲੜਾਈ ਵਿਚ ਉਹ ਆਪਣੇ ਬੇਟਿਆਂ ਬਚਿਤਰ ਸਿੰਘ ਤੇ ਉਦੈ ਸਿੰਘ ਨਾਲ ਰਲ ਕੇ ਪਹਾੜੀ ਫ਼ੌਜਾਂ ਦੇ ਖ਼ਿਲਾਫ਼ ਡੱਟ ਕੇ ਲੜਿਆ ਸੀ। ਉਹ ਇਸ ਲੜਾਈ ਵਿਚ ਸਖ਼ਤ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮ ਠੀਕ ਹੋਣ ਮਗਰੋਂ ਉਹ ਫੇਰ ਅੰਮ੍ਰਿਤਸਰ ਚਲਾ ਗਿਆ ਸੀ। ਅਗਲੇ ਪੰਜ ਸਾਲ ਉਹ ਅੰਮ੍ਰਿਤਸਰ ਰਿਹਾ ਸੀ, ਪਰ ਗੁਰੂ ਸਾਹਿਬ ਦਾ ਪੈਗ਼ਾਮ ਮਿਲਣ ’ਤੇ ਕਈ ਵਾਰ ਅਨੰਦਪੁਰ ਗਿਆ ਸੀ। 2 ਅਕਤੂਬਰ 1703 ਦੇ ਦਿਨ ਗੁਰੂ ਸਾਹਿਬ ਨੇ ਮਨੀ ਸਿੰਘ ਦੇ ਪੰਜ ਪੁੱਤਰਾਂ ਵਾਸਤੇ ਇਕ ਖ਼ਾਸ ਹੁਕਮਨਾਮਾ ਬਖ਼ਸ਼ਿਆ ਸੀ, ਜਿਸ ਵਿਚ ਉਨ੍ਹਾਂ ਨੇ ਉਸ ਦੇ ਪੁੱਤਰਾਂ ਨੂੰ “ਫ਼ਰਜੰਦਹ ਖ਼ਾਨੇ ਜ਼ਾਦ” (ਖ਼ਾਸ ਬੇਟੇ) ਆਖਿਆ ਸੀ:“ਸਤਿਗੁਰੂ ਜੀ ਕੀ ਆਗਿਆ ਹੈ। ਭਾਈ ਬਚਿਤਰ ਸਿੰਘ ਜੀ। ਭਾਈ ਉਦੈ ਸਿੰਘ ਜੀ। ਭਾਈ ਅਨਿਕ ਜੀ। ਭਾਈ ਅਜਬ ਸਿੰਘ ਜੀ। ਭਾਈ ਅਜਾਇਬ ਸਿੰਘ ਜੀ। ਨਾਇਕ ਮਾਈ ਦਾਸ ਵੋਇ ਮਨੀ ਸਿੰਘ ਨੂੰ ਵਾਹਿਗੁਰੂ ਸਰਮ ਰਖੇਗਾ। ਤੁਸੀਂ ਮੇਰੇ ਪੁੱਤਰ ਫ਼ਰਜੰਦਹ ਖ਼ਾਨੇ ਜ਼ਾਦ ਹੋ। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਕੇ ਤੁਸੀਂ ਮਹਿਰਮ ਹੋ। ਹੋਰ ਕੌਡੀ ਦਮੜੀ ਪੈਸਾ ਧੇਲਾ ਰੁਪਿਆ ਰਛਿਆ ਦਾ ਜੋ ਅਸਾਨੂੰ ਦੇਏਗਾ। ਇਹ ਮੇਰੇ ਫ਼ਰਜੰਦ ਹੈਨ। ਸਿੱਖਾਂ (ਪੁੱਤਾਂ) ਸੇਵਾ ਦਾ ਵੇਲਾ ਹੈ। ਜੋ ਲੋਚ ਕੈ ਸੇਵਾ ਕੇਰੋਗੇ ਤੁਹਾਡੇ ਸੇਵਾ ਦਰਗਾਹਿ ਥਾਇ ਪਵੇਗੀ। ਤੁਸੀਂ ਉਪਰ ਵਾਹਿਗੁਰੂ ਰਖਿਆ ਕਰੇਗਾ। ਸੰਮਤ 1760 ਮਿਤੀ ਕਤਕ 1”
.
ਭਾਈ ਮਨੀ ਸਿੰਘ ਦੇ ਪੁੱਤਰਾਂ ਨੂੰ ਇਹ ਸਨਮਾਨ ਗੁਰੂ ਸਾਹਿਬ ਵਲੋਂ ਦਿੱਤਾ ਜਾਣਾ ਇਹ ਸਾਬਿਤ ਕਰਦਾ ਹੈ ਕਿ ਇਸ ਪਰਿਵਾਰ ਦੀ ਗੁਰੂ ਘਰ ਵਿਚ ਖ਼ਾਸ ਤੇ ਅਹਿਮ ਥਾਂ ਸੀ।ਮਨੀ ਸਿੰਘ ਨੇ ਆਪਣੇ ਇਹ ਪੰਜੇ ਪੁੱਤਰ ਗੁਰੂ ਸਾਹਿਬ ਨੂੰ ਭੇਟ ਕੀਤੇ ਹੋਏ ਸਨ ਤੇ ਉਹ ਗੁਰੂ ਸਾਹਿਬ ਦੇ ਅੰਗ-ਸੰਗ ਹੀ ਰਹਿੰਦੇ ਸਨ।
.
5-6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਮਨੀ ਸਿੰਘ ਅੰਮ੍ਰਿਤਸਰ ਹੀ ਰਹਿ ਰਿਹਾ ਸੀ। ਜਦੋਂ ਗੁਰੂ ਜੀ ਤਲਵੰਡੀ ਸਾਬੋ ਵਿਚ ਸਨ ਤਾਂ ਉਹ ਜਨਵਰੀ 1706 ਵਿਚ ਗੁਰੂ ਸਾਹਿਬ ਨੂੰ ਤਲਵੰਡੀ ਸਾਬੋ ਜਾ ਕੇ ਮਿਲਿਆ ਸੀ। ਕੁਝ ਚਿਰ ਤਲਵੰਡੀ ਸਾਬੋ ਰਹਿ ਕੇ ਫੇਰ ਅੰਮ੍ਰਿਤਸਰ ਚਲਾ ਗਿਆ ਸੀ। ਅਕਤੂਬਰ 1706 ਵਿਚ ਜਦੋਂ ਗੁਰੂ ਸਾਹਿਬ ਨੇ ਤਲਵੰਡੀ ਸਾਬੋ ਤੋਂ ਦੱਖਣ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਮਨੀ ਸਿੰਘ ਫੇਰ ਅੰਮ੍ਰਿਤਸਰ ਤੋਂ ਚੱਲ ਕੇ ਤਲਵੰਡੀ ਸਾਬੋ ਪੁੱਜਾ ਸੀ।
ਗੁਰੂ ਸਾਹਿਬ ਨੇ ਤਲਵੰਡੀ ਸਾਬੋ ਤੋਂ ਟੁਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਇਆ ਸੀ। ਪਾਠ ਦੀ ਸ਼ੁਰੂਆਤ ਮਨੀ ਸਿੰਘ ਨੇ ਕੀਤੀ ਸੀ। 30 ਅਕਤੂਬਰ 1706 ਦੇ ਦਿਨ ਇਸ ਪਾਠ ਦਾ ਭੋਗ ਪਾਇਆ ਗਿਆ ਸੀ। ਇਸ ਮੌਕੇ ’ਤੇ ਦੂਰ-ਦੂਰ ਤੋਂ ਸੰਗਤਾਂ ਹਾਜ਼ਿਰ ਸਨ। ਦੀਵਾਨ ਦੇ ਖ਼ਤਮ ਹੋਣ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਤੋਂ ਚੱਲ ਪਏ ਸਨ। ਆਪ ਦੇ ਨਾਲ ਮਨੀ ਸਿੰਘ ਤੇ ਚਾਰ ਹੋਰ ਸਿੰਘ ਘੋੜਿਆਂ ’ਤੇ ਸਵਾਰ ਹੋ ਕੇ ਗਏ ਸਨ।
30 ਨਵੰਬਰ 1705 ਦੇ ਦਿਨ ਗੁਰੂ ਸਾਹਿਬ ਤੇ ਪੰਜੇ ਸਿੱਖ ਕੁਲਾਇਤ ਪੁੱਜੇ ਸਨ। ਇੱਥੇ ਆਪ ਨੂੰ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਆ ਮਿਲੇ ਸਨ। ਉਨ੍ਹਾਂ ਨੇ ਔਰੰਗਜ਼ੇਬ ਨੂੰ ਗੁਰੂ ਜੀ ਦਾ ਖ਼ਤ ਦੇਣ ਅਤੇ ਉਸ ਵੱਲੋਂ ਜਵਾਬ ਭੇਜਣ ਬਾਰੇ ਦੱਸਿਆ ਸੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਬਾਦਸ਼ਾਹ ਬਹੁਤ ਬਜ਼ੁਰਗ ਹੈ ਅਤੇ ਉਸ ਦੀ ਮੌਤ ਕਦੇ ਵੀ ਹੋ ਸਕਦੀ ਹੈ ਤੇ ਸ਼ਾਇਦ ਹੁਣ ਉਸ ਨਾਲ ਮੇਲ ਨਹੀਂ ਹੋ ਸਕਣਾ। 20 ਫ਼ਰਵਰੀ 1707 ਨੂੰ ਔਰੰਗਜ਼ੇਬ ਮਰ ਗਿਆ। ਉਸ ਵੇਲੇ ਗੁਰੂ ਸਾਹਿਬ ਬਘੌਰ ਵਿਚ ਸਨ। ਹੁਣ ਆਪ ਨੇ ਅਹਿਮਦ ਨਗਰ ਜਾਣ ਦਾ ਖ਼ਿਆਲ ਛੱਡ ਦਿੱਤਾ ਸੀ। ਏਥੋਂ ਆਪ ਨੇ 19 ਮਾਰਚ 1707 ਦੇ ਦਿਨ ਮਨੀ ਸਿੰਘ ਤੇ ਚਾਰ ਹੋਰ ਸਿੱਖਾਂ ਨੂੰ ਅੰਮ੍ਰਿਤਸਰ ਵਾਪਿਸ ਜਾਣ ਵਾਸਤੇ ਵਿਦਾ ਕਰ ਦਿੱਤਾ। ਗੁਰੂ ਸਾਹਿਬ ਆਪ ਸ਼ਾਹਜਹਾਨਬਾਦ (ਦਿੱਲੀ) ਵੱਲ ਚੱਲ ਪਏ ਸਨ।
.
ਮਨੀ ਸਿੰਘ ਨੇ ਅੰਮ੍ਰਿਤਸਰ ਆ ਕੇ ਫੇਰ ਦੀਵਾਨ ਸਜਾਣੇ ਸ਼ੁਰੂ ਕਰ ਦਿੱਤੇ ਸਨ। ਉਧਰ 7 ਅਕਤੂਬਰ 1708 ਦੇ ਦਿਨ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ ਸਨ। ਇਸ ਤੋਂ ਪਹਿਲਾਂ ਉਹ 5 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਨੂੰ ਪੰਜਾਬ ਟੋਰ ਚੁੱਕੇ ਸਨ। ਬਾਬਾ ਬੰਦਾ ਸਿੰਘ ਨੇ ਸਿੱਖਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ।
.
ਉਧਰ, ਭਾਵੇਂ ਮੀਣੇ 1697 ਵਿਚ ਅੰਮ੍ਰਿਤਸਰ ਤੋਂ ਜਾ ਕੇ ਚੁੱਕੇ ਸਨ ਪਰ ਉਨ੍ਹਾਂ ਦਾ ਇਕ ਮੁਖ਼ਤਿਆਰ ਚੂਹੜ ਮੱਲ ਅਜੇ ਵੀ ਉੱਥੇ ਹੀ ਸੀ। ਚੂਹੜ ਮੱਲ ਦੇ ਦੋ ਪੁੱਤਰ ਸਨ: ਮੋਹਕਮ ਸਿੰਘ (ਜਿਸ ਨੇ ਖੰਡੇ ਦੀ ਪਾਹੁਲ ਲੈ ਲਈ ਸੀ) ਅਤੇ ਰਾਮੂ ਮੱਲ। ਵਿਸਾਖੀ (29 ਮਾਰਚ 1709) ਦੇ ਦਿਨਾਂ ਵਿਚ ਇਸ ਚੂਹੜ ਮੱਲ ਨੇ ਦਰਬਾਰ ਸਾਹਿਬ ਦੀ ਜ਼ਮੀਨ ਵਿਚੋਂ ਕੁਝ ਤੂਤਾਂ ਦੇ ਦਰੱਖ਼ਤ ਕਟਵਾ ਲਏ ਸਨ। ਸਿੱਖਾਂ ਨੇ ਉਸ ਨੂੰ ਇਨ੍ਹਾਂ ਦਾ ਮੁੱਲ ਤਾਰਨ ਵਾਸਤੇ ਆਖਿਆ। ਪਰ ਉਹ ਆਕੜ ਗਿਆ ਤੇ ਧਮਕੀਆਂ ਦੇਣ ਲੱਗ ਪਿਆ। ਇਸ ’ਤੇ ਸਿੱਖਾਂ ਨੇ ਉਸ ਦੀ ‘ਸੇਵਾ’ ਕਰ ਦਿੱਤੀ । ਉਹ ਸੜਿਆ-ਬਲਿਆ ਲਾਹੌਰ ਦਰਬਾਰ ਜਾ ਹਾਜ਼ਿਰ ਹੋਇਆ। ਪਹਿਲਾਂ ਤਾਂ ਲਾਹੌਰ ਦਰਬਾਰ ਨੇ ਉਸ ਦੀ ਪਰਵਾਹ ਨਾ ਕੀਤੀ ਪਰ ਅਖ਼ੀਰ ਉਸ ਵੱਲੋਂ ਵਾਰ-ਵਾਰ ਅਰਜ਼ੋਈ ਕਰਨ ’ਤੇ ਲਾਹੌਰ ਦੇ ਨਾਇਬ ਸੂਬੇਦਾਰ ਨੇ ਪੱਟੀ ਦੇ ਚੌਧਰੀ ਹਰ ਸਹਾਇ ਨੂੰ ਗੁਰੂ-ਦਾ-ਚੱਕ ’ਤੇ ਹਮਲਾ ਕਰਨ ਵਾਸਤੇ ਆਖ ਦਿੱਤਾ। ਹਰ ਸਹਾਇ ਨੇ 6 ਅਪ੍ਰੈਲ ਨੂੰ ਅੰਮ੍ਰਿਤਸਰ ’ਤੇ ਹਮਲਾ ਕਰ ਦਿੱਤਾ।ਮਨੀ ਸਿੰਘ ਤੇ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੱਖਾਂ ਨੇ ਪੱਟੀ ਦੀ ਫ਼ੌਜ ਦੇ ਖ਼ੂਬ ਆਹੂ ਲਾਹੇ। ਹਰ ਸਹਾਇ ਖ਼ੁਦ ਵੀ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ। ਇਸ ਮਗਰੋਂ ਚੂਹੜ ਮੱਲ 12 ਅਪ੍ਰੈਲ1709 ਦੇ ਦਿਨ ਦੇਵਾ ਨਾਂ ਦੇ ਇਕ ਚੌਧਰੀ ਦੀ ਕਮਾਨ ਹੇਠ ਫ਼ੌਜ ਲੈ ਆਇਆ ਸੀ। ਸਿੱਖਾਂ ਨੇ ਇਸ ਫ਼ੌਜ ਨੂੰ ਵੀ ਬੁਰੀ ਤਰ੍ਹਾਂ ਪਛਾੜਿਆ ਸੀ। ਇਸ ਮਗਰੋਂ ਕੁਝ ਚਿਰ ਆਰਾਮ ਰਿਹਾ ਸੀ।
.
26 ਸਤੰਬਰ 1709 ਦੇ ਦਿਨ ਬਾਬਾ ਬੰਦਾ ਸਿੰਘ ਬਹਾਦੁਰ ਨੇ ਸਮਾਣੇ ’ਤੇ ਕਬਜ਼ਾ ਕਰ ਲਿਆ ਸੀ। ਇਸ ਨਾਲ ਪੰਜਾਬ ਵਿਚ ਸਿੱਖਾਂ ਦਾ ਬੋਲਬਾਲਾ ਕਾਇਮ ਹੋਣ ਲੱਗ ਪਿਆ ਸੀ। ਬੰਦਾ ਸਿੰਘ ਦੀਆਂ ਜਿੱਤਾਂ ਮਗਰੋਂ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਆਪ ਵੱਡੀ ਫ਼ੌਜ ਲੈ ਕੇ ਪੰਜਾਬ ਆ ਗਿਆ ਸੀ। ਇਸ ਦੌਰਾਨ ਬੰਦਾ ਸਿੰਘ ਪਹਾੜਾਂ ਵੱਲ ਨਿਕਲ ਗਿਆ ਸੀ। ਭਾਈ ਮਨੀ ਸਿੰਘ ਵੀ ਹਾਲਾਤ ਨੂੰ ਸਮਝਦਾ ਹੋਇਆ ਅੰਮ੍ਰਿਤਸਰ ਤੋਂ ਚਲਾ ਗਿਆ ਸੀ। ਬਹਾਦਰ ਸ਼ਾਹ ਨੇ 30 ਦਸੰਬਰ 1711 ਨੂੰ ਅਜੀਤ ਸਿੰਘ ਪਾਲਿਤ ਨੂੰ ਅੰਮ੍ਰਿਤਸਰ ਦੀ ਜਾਗੀਰ ਦੇ ਦਿੱਤੀ, ਤਾਂ ਜੋ ਉਸ ਨੂੰ ਬੰਦਾ ਸਿੰਘ ਦੇ ਖਿਲਾਫ਼ ਵਰਤਿਆ ਜਾ ਸਕੇ। ਫ਼ਰਵਰੀ 1712 ਵਿਚ ਬਹਾਦਰ ਸ਼ਾਹ ਮਰ ਗਿਆ ਤੇ ਅਜੀਤ ਸਿੰਘ ਪਾਲਿਤ ਅੰਮ੍ਰਿਤਸਰ ਤੋਂ ਚਲਾ ਗਿਆ ਸੀ। ਇਸ ਦੌਰਾਨ ਮਨੀ ਸਿੰਘ ਕੁਝ ਚਿਰ ਝੰਗ ਦੇ ਇਲਾਕੇ ਵਿਚ ਵੀ ਰਿਹਾ ਸੀ। ਉਸ ਨੇ ਅਗਲੇ ਕੁਝ ਸਾਲ ਉਸ ਇਲਾਕੇ ਵਿਚ ਬਿਤਾਏ ਸਨ। 9 ਮਾਰਚ 1716 ਦੇ ਦਿਨ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਹਾਲਤ ਵਿਚ ਮਨੀ ਸਿੰਘ ਅੰਮ੍ਰਿਤਸਰ ਮੁੜ ਨਹੀਂ ਸਕਿਆ ਸੀ।
.
ਅਗਲੇ ਪੰਜ ਸਾਲ ਸਿੱਖਾਂ ਵਾਸਤੇ ਕਈ ਪੱਖੋਂ ਔਖੇ ਸਨ। ਸੰਨ 1721 ਵਿਚ ਭਾਈ ਮਨੀ ਸਿੰਘ ਦੋਬਾਰਾ ਅੰਮ੍ਰਿਤਸਰ ਆ ਗਿਆ ਸੀ ਅਤੇ ਉਸ ਨੇ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ ਸਨ । ਉਸ ਵੇਲੇ ਦਰਬਾਰ ਸਾਹਿਬ ’ਤੇ ਕਾਹਨ ਸਿੰਘ ਤਰੇਹਨ (ਜਿਨ੍ਹਾਂ ਨੂੰ ਭੁਝੰਗੀ ਕਹਿੰਦੇ ਸਨ (ਕਿਉਂ ਕਿ ਉਹ ਗੁਰੂ ਅੰਗਦ ਸਾਹਿਬ ਦੀ ਕੁਲ ਵਿਚੋਂ ਸਨ) ਦਾ ਕਬਜ਼ਾ ਸੀ ਅਤੇ ਝੰਡਾ ਬੁੰਗਾ ’ਤੇ ਅਮਰ ਸਿੰਘ ਕੰਬੋਜ ਖੇਮਕਰਨੀ (ਜੋ ਬਾਬਾ ਬੰਦਾ ਸਿੰਘ ਦਾ ਸਾਥੀ ਰਿਹਾ ਸੀ) ਦਾ ਕਬਜ਼ਾ ਸੀ। ਇਕ ਦਿਨ ਅਮਰ ਸਿੰਘ ਰੱਥ ’ਤੇ ਸਵਾਰ ਹੋ ਕੇ ਸਾਥੀਆਂ ਨੂੰ ਲੈ ਕੇ ਦਰਬਾਰ ਸਾਹਿਬ ’ਤੇ ਕਬਜ਼ਾ ਕਰਨ ਵਾਸਤੇ ਆਇਆ। ਇਸ ’ਤੇ ਮਨੀ ਸਿੰਘ ਨੇ ਸਾਰੇ ਸਿੱਖ ਸੱਦ ਕੇ ਗੁਰਮਤਾ ਕੀਤਾ ਕਿ ਅੰਮ੍ਰਿਤਸਰ ਸਰੋਵਰ ਵਿਚ ਦੋਹਾਂ ਧੜਿਆ ਦੀਆਂ ਪਰਚੀਆਂ ਪਾਈਆਂ ਜਾਣ। ਜਿਸ ਧੜੇ ਦੀ ਪਰਚੀ ਪਹਿਲੋਂ ਨਿਕਲ ਆਵੇ ਉਸ ਅੱਗੇ ਦੂਜਾ ਸਿਰ ਨਿਵਾ ਦੇਵੇ। ਕਾਹਨ ਸਿੰਘ ਦੇ ਧੜੇ ਦੀ ਪਰਚੀ ਪਹਿਲੋਂ ਤਰ ਆਈ ਸੀ। ਇਸ ਮਗਰੋਂ ਕਾਹਨ ਸਿੰਘ ਅਤੇ ਅਮਰ ਸਿੰਘ ਦੇ ਪਹਿਲਵਾਨਾਂ ਦਾ ਘੋਲ ਵੀ ਕਰਵਾਇਆ ਗਿਆ; ਇਸ ਵਿਚ ਵੀ ਅਮਰ ਸਿੰਘ ਦਾ ਭਲਵਾਨ ਹਾਰ ਗਿਆ। ਹੁਣ ਅਮਰ ਸਿੰਘ ਦੇ ਸਾਥੀ ਤਾਂ ਕਾਨ੍ਹ ਸਿੰਘ ਦੀ ਸਿਰਦਾਰੀ ਮੰਨ ਗਏ ਪਰ ਅਮਰ ਸਿੰਘ ਆਪ ਨਹੀਂ ਮੰਨਿਆ ਸੀ। ਇਸ ਦੌਰਾਨ ਹੋਏ ਝਗੜੇ ਵਿਚ ਅਮਰ ਸਿੰਘ ਦੀ ਮੌਤ ਹੋ ਗਈ ਸੀ। ਇਹ ਗੱਲ 18 ਅਕਤੂਬਰ 1723 ਦੀ ਹੈ। ਅਗਲੇ ਤਿੰਨ ਸਾਲ ਮਨੀ ਸਿੰਘ ਨੇ ਅੰਮ੍ਰਿਤਸਰ ਵਿਚ ਖ਼ੂਬ ਰੌਣਕਾਂ ਲਾਈਆਂ ਸਨ; ਸਵੇਰੇ ਦਰਬਾਰ ਸਾਹਿਬ ਤੇ ਸ਼ਾਮ ਨੂੰ ਇਕੱਠ ਹੁੰਦੇ ਰਹੇ ਸਨ। ਇਹ ਸਿਲਸਿਲਾ ਕਾਫ਼ੀ ਦੇਰ ਤੱਕ ਸੁਚੱਜੇ ਤਰੀਕੇ ਨਾਲ ਚਲਦਾ ਰਿਹਾ ਸੀ।
.
14 ਜਨਵਰੀ 1723 ਦੇ ਦਿਨ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਨੇ
ਸਰਕਾਰ ਨਾਲ ਦੋ ਹੱਥ ਕਰਨ ਦਾ ਗੁਰਮਤਾ ਕੀਤਾ ਸੀ। 1726 ਵਿਚ ਸਿੱਖਾਂ ਨੇ ਕਈ ਥਾਵਾਂ ’ਤੇ ਸਰਕਾਰੀ ਖ਼ਜ਼ਾਨੇ ਲੁੱਟ ਲਏ ਸਨ। ਇਸ ਨਾਲ ਭਾਈ ਮਨੀ ਸਿੰਘ ਨੂੰ ਇਕ ਵਾਰ ਫੇਰ ਗੁਰੂ-ਦਾ-ਚੱਕ (ਅੰਮ੍ਰਿਤਸਰ) ਤੋਂ ਜਾਣਾ ਪਿਆ। ਕੁਝ ਸਾਲ ਸਿੱਖਾਂ ਅਤੇ ਸਰਕਾਰ ਵਿਚ ਲੁਕਣ ਮੀਟੀ ਚਲਦੀ ਰਹੀ ਸੀ। ਅਖ਼ੀਰ ਜ਼ਕਰੀਆ ਖ਼ਾਨ ਨੇ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ। 29 ਮਾਰਚ 1733 ਦੇ ਦਿਨ ਦਰਬਾਰ ਸਾਹਿਬ ਵਿਚ ਇਕੱਠ ਹੋਇਆ ਸੀ। ਇਸ ਮਸੇਂ ਮਨੀ ਸਿੰਘ, ਦਰਬਾਰਾ ਸਿੰਘ (ਖਾਲਸਾ ਫ਼ੌਜਾਂ ਦਾ ਮੁਖੀ), (ਨਵਾਬ) ਕਪੂਰ ਸਿੰਘ (ਖਾਲਸਾ ਫ਼ੌਜਾਂ ਦਾ ਡਿਪਟੀ ਮੁਖੀ) ਆਦਿ ਸਾਰੇ ਮੁਖੀ ਸਿੱਖ ਹਾਜ਼ਿਰ ਸਨ। ਕਈ ਸਿੱਖਾਂ ਨੇ ਜਗੀਰ ਕਬੂਲ ਕਰਨ ਦੀ ਮੁਖ਼ਾਲਫ਼ਤ ਕੀਤੀ, ਪਰ ਅਖ਼ੀਰ ਗੁਰਮਤਾ ਹੋਇਆ ਕਿ ਤਜਰਬੇ ਵਜੋਂ ਨਵਾਬੀ ਮਨਜ਼ੂਰ ਕਰ ਲਈ ਜਾਏ।
ਸਿੱਖਾਂ ਨੇ ਨਵਾਬੀ ਕਬੂਲ ਤਾਂ ਕਰ ਲਈ ਪਰ ਅੰਦਰੋਂ ਉਨ੍ਹਾਂ ਦਾ ਮਨ ਨਾ ਮੰਨਿਆ। ਜ਼ਾਲਮ ਹਕੂਮਤ ਨਾਲ ਸਮਝੌਤਾ ਅਸੂਲੀ ਤੌਰ ’ਤੇ ਗ਼ਲਤ ਸੀ। ਇਸ ਕਰ ਕੇ ਦੋ-ਤਿੰਨ ਮਹੀਨੇ ਮਗਰੋਂ ਹੀ ਸਮਝੌਤਾ ਟੁੱਟਣਾ ਸ਼ੁਰੂ ਹੋ ਗਿਆ ਸੀ। ਸਿੱਖਾਂ ਨੇ ਕਈ ਜਗ੍ਹਾ ਖਜ਼ਾਨੇ ਲੁੱਟੇ ਸਨ ਤੇ ਅਮੀਰ ਕਿਸਾਨਾਂ ਤੋਂ ਮਾਲੀਆ ਉਗਰਾਹਿਆ ਸੀ। ਇਸ ’ਤੇ ਅੰਮ੍ਰਿਤਸਰ ਦੇ ਇਕੱਠ ਵੀ ਬੰਦ ਹੋ ਗਏ। ਜਾਗੀਰ ਜ਼ਬਤ ਹੋਣ ਮਗਰੋਂ ਸਿੱਖ ਫੇਰ ਆਪਣੀਆਂ ਪਨਾਹਗਾਹਾਂ ਵਿਚ ਪਰਤ ਗਏ ਸਨ। ਭਾਵੇਂ ਮਨੀ ਸਿੰਘ ਅੰਮ੍ਰਿਤਸਰ ਹੀ ਰਿਹਾ ਸੀ ਪਰ ਸਿੱਖਾਂ ਦਾ ਆਉਣਾ ਜਾਣਾ ਬਿਲਕੁਲ ਘੱਟ ਗਿਆ ਸੀ। 1733 ਦੇ ਅਕਤੂਬਰ ਮਹੀਨੇ ਵਿਚ ਮਨੀ ਸਿੰਘ ਨੇ ਹਕੂਮਤ ਨਾਲ ਗੱਲਬਾਤ ਕਰ ਕੇ 10 ਹਜ਼ਾਰ ਰੁਪਏ ਦੇ ਟੈਕਸ ਦੀ ਅਦਾਇਗੀ ਦੀ ਸ਼ਰਤ ’ਤੇ ਦੀਵਾਲੀ ਵਾਲੇ ਦਿਨਾਂ ਵਿਚ ਇਕ ਹਫ਼ਤੇ ਵਾਸਤੇ ਅੰਮ੍ਰਿਤਸਰ ’ਚ ਸਿੱਖਾਂ ਦਾ ਇਕ ਇਕੱਠ ਸੱਦਿਆ। ਇਹ ਇਕੱਠ 20 ਤੋਂ 26 ਅਕਤੂਬਰ 1733 ਤਕ ਹੋਣਾ ਸੀ। ਇਕ ਪਾਸੇ ਮੁਗ਼ਲ ਹਕੂਮਤ ਨੇ ਇਜਾਜ਼ਤ ਦੇ ਦਿੱਤੀ ਪਰ ਦੂਜੇ ਪਾਸੇ ਫ਼ੌਜ ਨੂੰ ਚੌਕਸ ਕਰ ਦਿੱਤਾ ਤਾਂ ਜੋ ਮੌਕੇ ’ਤੇ ਹਮਲਾ ਕਰ ਕੇ ਵੱਧ ਤੋਂ ਵੱਧ ਸਿੱਖ ਮਾਰੇ ਜਾ ਸਕਣ ਜਾਂ ਗ੍ਰਿਫ਼ਤਾਰ ਕੀਤੇ ਜਾ ਸਕਣ। ਇਸ ਕਾਰਵਾਈ ਵਾਸਤੇ ਲਖਪਤ ਰਾਏ ਵਜ਼ੀਰ ਨੂੰ ਤਈਨਾਤ ਕੀਤਾ ਹੋਇਆ ਸੀ। ਉਸ ਨੇ ਕਈ ਸਿੱਖ ਗ੍ਰਿਫ਼ਤਾਰ ਕਰ ਕੇ ਸ਼ਹੀਦ ਕੀਤੇ ਵੀ ਸਨ। ਇਹ ਖ਼ਬਰ ਸਿੱਖਾਂ ਤੱਕ ਵੀ ਪੁੱਜ ਗਈ ਅਤੇ ਇਸ ਕਰ ਕੇ ਇਕੱਠ ਨਾ ਹੋ ਸਕਿਆ। ਚੜ੍ਹਾਵਾ ਨਾ ਚੜ੍ਹਨ ਕਰ ਕੇ ਮਨੀ ਸਿੰਘ ਮਿੱਥੀ ਰਕਮ ਨਹੀਂ ਤਾਰ ਸਕਿਆ ਸੀ। ਅਖ਼ੀਰ ਮਨੀ ਸਿੰਘ ਨੇ ਪਹਿਲੀ ਵਿਸਾਖ (9 ਅਪ੍ਰੈਲ 1734) ਤੱਕ ਦੀ ਮੁਹਲਤ ਹਾਸਿਲ ਕਰ ਲਈ। ਵਿਸਾਖੀ ’ਤੇ ਵੀ ਮੁਗ਼ਲ ਫ਼ੌਜਾਂ ਨੇ ਪਿਰ ਸਿੱਖਾਂ ’ਤੇ ਹਮਲਾ ਕਰਨ ਦੀ ਤਿਆਰੀ ਕਰ ਰੱਖੀ ਸੀ। ਇਸ ਦਾ ਵੀ ਸਿੱਖਾਂ ਨੂੰ ਪਤਾ ਲੱਗ ਗਿਆ। ਇਸ ਨਾਲ ਇਕੱਠ ਫੇਰ ਨਾ ਹੋ ਸਕਿਆ ਅਤੇ ਮਨੀ ਸਿੰਘ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਿਆ ਸੀ।
.
ਇਸ ’ਤੇ ਜ਼ਕਰੀਆ ਖ਼ਾਨ ਨੇ ਮਨੀ ਸਿੰਘ ਅਤੇ ਅੰਮ੍ਰਿਤਸਰ ਵਿਚ ਰਹਿ ਰਹੇ ਬਾਕੀ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮਨੀ ਸਿੰਘ ਦੇ ਨਾਲ ਉਨ੍ਹਾਂ ਦੇ ਭਰਾ ਜਗਤ ਸਿੰਘ, ਦੋ ਪੁੱਤਰ (ਚਿਤਰ ਸਿੰਘ ਤੇ ਗੁਰਬਖ਼ਸ਼ ਸਿੰਘ), ਗੁਲਜ਼ਾਰ ਸਿੰਘ, (ਬੇਟਾ ਸ਼ਹੀਦ ਆਲਮ ਸਿੰਘ) ਸੰਗਤ ਸਿੰਘ ਤੇ ਰਣ ਸਿੰਘ (ਪੁੱਤਰ ਨਠੀਆ) ਅਤੇ ਮਨੀ ਸਿੰਘ ਦੀ ਪਤਨੀ ਸੀਤੋ ਬਾਈ (ਬਸੰਤ ਕੌਰ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਸੱਤਾਂ ਤੋਂ ਇਲਾਵਾ ਭੂਪਤ ਸਿੰਘ ਪੁੱਤਰ ਜੇਠਾ ਸਿੰਘ, ਮੋਹਕਮ ਸਿੰਘ, ਅਉਲੀਆ ਸਿੰਘ, ਕੀਰਤ ਸਿੰਘ ਪੁੱਤਰ ਫ਼ਤਹਿ ਸਿੰਘ, ਕਾਹਨ ਸਿੰਘ ਤੇ ਕਈ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਲਾਹੌਰ ਦੇ ਕੈਦਖਾਨੇ ਵਿਚ ਤਸੀਹੇ ਦਿੱਤੇ ਗਏ ਸਨ। ਇਨ੍ਹਾਂ ਨੂੰ “ਮੌਤ” ਅਤੇ “ਇਸਲਾਮ” ਵਿਚੋਂ ਇਕ ਦੀ ਚੋਣ ਕਰਨ ਦੀ ਪੇਸ਼ਕਸ਼ ਕੀਤੀ ਗਈ, ਪਰ, ਸਾਰਿਆ ਨੇ ਸ਼ਹੀਦੀ ਕਬੂਲ ਕੀਤੀ ਸੀ।ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਭੂਪਤ ਸਿੰਘ ਦੀਆਂ ਅੱਖਾਂ ਕੱਢ ਕੇ ਉਸ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਸੀ। ਗੁਲਜ਼ਾਰ ਸਿੰਘ ਨੂੰ ਪੁੱਠਾ ਲਟਕਾ ਕੇ ਉਸ ਦੀ ਖੱਲ ਉਤਾਰੀ ਗਈ। ਇੰਞ ਹੀ ਬਾਕੀ ਸਿੱਖਾਂ ਨੂੰ ਵੀ ਵਹਿਸ਼ੀ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਸੀ।
.
ਭਾਈ ਮਨੀ ਸਿੰਘ ਨੇ 90 ਸਾਲ ਤੋਂ ਵੱਧ ਉਮਰ ਭੋਗੀ ਸੀ, ਅਤੇ ਇਸ ਵਿਚੋਂ 77 ਸਾਲ ਉਹ ਪੰਥ ਦੀ ਸੇਵਾ ਕਰਦਾ ਰਿਹਾ ਸੀ। ਉਹ ਇਕ ਸੱਚਾ ਸੰਤ-ਸਿਪਾਹੀ ਸੀ। ਉਹ ਇਕ ਬਹਾਦਰ ਯੋਧਾ, ਵਿਦਵਾਨ, ਗਿਆਨੀ ਅਤੇ ਉੱਚੇ ਇਖ਼ਲਾਕ ਵਾਲਾ ਸ਼ਖ਼ਸ ਸੀ। ਪੰਥ ਦੀ ਤਵਾਰੀਖ਼ ’ਚ ਉਸ ਦਾ ਨਾਂ ਹਮੇਸ਼ਾ ਅਦਬ ਨਾਲ ਲਿਆ ਜਾਂਦਾ ਰਹੇਗਾ।
.
ਭਾਈ ਮਨੀ ਸਿੰਘ ਦੇ ਨਾਂ ਨਾਲ ਤਿੰਨ ਕਿਤਾਬਾਂ ਵੀ ਜੋੜੀਆਂ ਜਾਂਦੀਆਂ ਹਨ: ਸਿੱਖਾਂ ਦੀ ਭਗਤਮਾਲਾ, ਗਿਆਨ ਰਤਨਾਵਲੀ ਤੇ ਜਨਮਸਾਖੀ ਗੁਰੂ ਨਨਾਕ ਸਾਹਿਬ। ਪਰ ਇਹ ਰਚਨਾਵਾਂ ਮਨੀ ਸਿੰਘ ਦੀਆਂ ਨਹੀਂ; ਇਨ੍ਹਾਂ ਦਾ ਲੇਖਕ ਸੂਰਤ ਸਿੰਘ ਨਿਰਮਲਾ (ਪਿਤਾ ਗਿਆਨੀ ਸੰਤ ਸਿੰਘ ਨਿਰਮਾਲਾ) ਸੀ।
.
ਲਾਹੌਰ ਦੇ ਕਿਲ੍ਹੇ ਦੇ ਪਿੱਛੇ ਭਾਈ ਮਨੀ ਸਿੰਘ ਦੀ ਸ਼ਹੀਦੀ ਵਾਲੀ ਜਗਹ ਇਕ ਵੱਡਾ ਗੁਰਦੁਆਰਾ ਬਣਿਆ ਹੋਇਆ ਸੀ; ਸੰਨ 1947 ਵਿਚ ਇਸ ਥਾਂ ’ਤੇ ਲੋਕਾਂ ਨੇ ਕਬਜ਼ਾ ਕਰ ਕੇ ਦੁਕਾਨਾਂ ਪਾ ਲਈਆਂ ਸਨ; ਪਰ ਉਸ ਗੁਰਦੁਆਰੇ ਦੇ ਗੁੰਬਦ ਦਾ ਕੁਝ ਹਿੱਸਾ ਇਕ ਦੁਕਾਨ ਵਿਚ ਅਜੇ ਵੀ ਮੌਜੂਦ ਹੈ।
('ਨਵਾਂ ਤੇ ਵੱਡਾ ਮਹਾਨ ਕੋਸ਼' ਵਿਚੋਂ)
(Harjinder Singh Dilgeer)
 

Have something to say? Post your comment

 

ਹੋਰ ਸਿੱਖ ਇਤਿਹਾਸ ਖ਼ਬਰਾਂ

ਸ਼ਹੀਦੀ ਪੁਰਬ 'ਤੇ ਵਿਸ਼ੇਸ਼ : ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

ਸੇਵਾ ਦੇ ਪੁੰਜ ਲਾਸਾਨੀ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੇ ਸ਼ਹੀਦੀ ਦਿਵਸ ਤੇ ਵਿਸ਼ੇਸ਼.

ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥

ਸ਼੍ਰੀ ਗੁਰੂ ਅਰਜਨ ਸਾਹਿਬ ਦੀ ਵਿਗਿਆਨਕ ਸੋਚ, ਪੜ੍ਹੋ ਹਰਿਮੰਦਰ ਸਾਹਿਬ ਦੀ ਉਸਾਰੀ ਬਾਰੇ

ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਜਨਮ ਵਰ੍ਹੇਗੰਢ 'ਤੇ ਵਿਸ਼ੇਸ਼ : ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਜੱਸਾ ਸਿੰਘ ਆਹਲੂਵਾਲੀਆ

ਬੰਦਾ ਸਿੰਘ ਬਹਾਦੁਰ ਨੇ ਖੰਡੇ ਦੀ ਪਾਹੁਲ ਕਦੋਂ ਲਈ ਸੀ ?

ਠੰਢੇ ਬੁਰਜ ਦਾ ਕਹਿਰ : ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ

ਲਾਲ ਕਿਲੇ੍ਹ ਦਾ ਸਿੱਖ ਇਤਿਹਾਸ, ਜਦੋਂ ਕੀਤਾ ਸੀ ਕਬਜ਼ਾ

ਮਹਾਰਾਜਾ ਰਣਜੀਤ ਸਿੰਘ ਦਾ ਬੇਵਕਤੀ ਅਕਾਲ ਚਲਾਣਾ ਪੰਜਾਬ ਦੀ ਕਿਸਮਤ ਡੋਬ ਗਿਆ

 
 
 
 
Subscribe