ਨੰਗਲ : ਨੰਗਲ ਦੇ ਬਿਲਕੁਲ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਉਦਯੋਗਿਕ ਖ਼ੇਤਰ ਗਵਾਲਥਾਈ ’ਚ ‘ਅਗਰਵਾਲ ਸਟੀਲ ਫੈਕਟਰੀ ਪ੍ਰਾਈਵੇਟ ਲਿਮਟਿਡ’ ’ਚ ਬੀਤੀ ਦੇਰ ਰਾਤ ਧਮਾਕਾ ਹੋਣ ਨਾਲ 8 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ,  ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪੰਜ ਮਜ਼ਦੂਰਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।ਫੈਕਟਰੀ ਦੇ ਪ੍ਰੋਡਕਸ਼ਨ ਮੈਨੇਜਰ ਸੁਸ਼ੀਲ ਜੋਸ਼ੀ ਨੇ ਕਿਹਾ ਕਿ ਹਾਦਸਾ ਦੇਰ ਰਾਤ 2 ਵਜੇ ਦੇ ਕਰੀਬ ਹੋਇਆ ਸੀ ਅਤੇ ਢਾਈ ਵਜੇ ਦੇ ਕਰੀਬ ਉਨ੍ਹਾਂ ਵੱਲੋਂ ਅੱਗ ਨਾਲ ਝੁਲਸੇ 8 ਕਰਮਚਾਰੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। 3 ਕਰਮਚਾਰੀਆਂ ਦਾ ਊਨਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਅਤੇ 5 ਕਰਮਚਾਰੀਆਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਇਨ੍ਹਾਂ ’ਚੋਂ ਇਕ ਕਰਮਚਾਰੀ ਨੂੰ ਪੀ. ਜੀ. ਆਈ. ਤੋਂ ਵੀ ਛੁੱਟੀ ਕਰ ਦਿੱਤੀ ਗਈ। ਮੈਨੇਜਰ ਨੇ ਕਿਹਾ ਕਿ ਫੈਕਟਰੀ ਦਾ ਕਰੀਬ 50-60 ਲੱਖ ਦਾ ਨੁਕਸਾਨ ਹੋਇਆ ਹੈ। ਜ਼ਖ਼ਮੀਆਂ ਦਾ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ। ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਅੱਗੇ ਤੋਂ ਅਜਿਹਾ ਹਾਦਸਾ ਮੁੜ ਨਾ ਵਾਪਰੇ। ਘਟਨਾ ਦੀ ਸਾਰੀ ਜਾਣਕਾਰੀ ਹਿਮਾਚਲ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਪੁਲਿਸ ਵੀ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।
ਜ਼ਖਮੀਆਂ ਦੀ ਪਛਾਣ ਬਲਵੀਰ ਸਿੰਘ,  ਹੈਡਰਾ ਡਰਾਈਵਰ,  ਪੁੱਤਰ ਗਿਆਨ ਚੰਦ,  ਵਾਸੀ ਤਰਸੂਹ,  ਜ਼ਿਲਾ ਬਿਲਾਸਪੁਰ,  ਧੀਰਜ ਤਿਆਗੀ ਇਲੈਕਟ੍ਰੀਸ਼ਨ,  ਪੁੱਤਰ ਸੁੱਖਨੰਦਨ,  ਵਾਸੀ ਵਰਹਨਾ,  ਯੂ.ਪੀ.,  ਸੁਨੀਲ ਦੱਤ,  ਜੂਨੀਅਨ ਇਲੈਕਟ੍ਰੀਸ਼ਨ ਪੁੱਤਰ ਬੀਰ ਸਿੰਘ,  ਵਾਸੀ ਕਪਹਾਰੀ ਕਾਂਗਡਾ,  ਦੀਪ ਸਿੰਘ ਫਿਟਰ,  ਪੁੱਤਰ ਵੀਰ ਸਿੰਘ,  ਵਾਸੀ ਬਹੀਪਰ ਰੇਹਰੂ,  ਸੋਲਨ,  ਦੌਲਤ ਰਾਮ,  ਫਿਟਰ,  ਪੁੱਤਰ ਚੰਗਰਦੂ ਰਾਮ,  ਵਾਸੀ ਨਾਲਾਨ ਫਰਾਲ,  ਕਾਂਗਡਾ,  ਤੁਸ਼ਾਰ ਗੁਪਤਾ ਵੈਲਡਰ,  ਪੁੱਤਰ ਵਿਜੇ ਗੁਪਤਾ,  ਵਾਸੀ ਪ੍ਰਪਪੁਰਾ,  ਆਗਰਾ,  ਸਤੀਸ਼ ਕੁਮਾਰ,  ਹੈਲਪਰ,  ਪੁੱਤਰ ਵੀਰ ਸਿੰਘ,  ਵਾਸੀ ਲੈਹਡੀ ਬਿਲਾਸਪੁਰ ਅਤੇ ਉੱਤਮ ਸਾਹਨੀ,  ਕ੍ਰੇਨ ਡਰਾਈਵਰ,  ਪੁੱਤਰ ਧਰਮਦਿਓ ਸਾਹਨੀ,  ਵਾਸੀ ਕੁਮਾਰ ਹੱਟੀ,  ਜ਼ਿਲ੍ਹਾ ਪ੍ਰਗਨਾਸ,  ਵੈਸਟ ਬੰਗਾਲ ਵਜੋਂ ਹੋਈ ਹੈ।