ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ,  ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਰਾਹੁਲ,  ਪ੍ਰਿਯੰਕਾ ਅਤੇ ਕਈ ਹੋਰ ਕਾਂਗਰਸ ਨੇਤਾਵਾਂ ਨੇ ‘ਵੀਰ ਭੂਮੀ’ ਜਾ ਕੇ ਸਾਬਕਾ ਪ੍ਰਧਾਨ ਮੰਤਰੀ ਦੀ ਸਮਾਧੀ ’ਤੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਿਯੰਕਾ ਦੇ ਪਤੀ ਰਾਬਰਟ ਵਾਡਰਾ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਦੀ 78ਵੀਂ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਨੇ ਟਵੀਟ ਕੀਤਾ,  ‘‘ਸਾਡੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ।’’
ਰਾਹੁਲ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਟਵੀਟ ਕੀਤਾ,  ‘‘ਪਾਪਾ,  ਤੁਸੀਂ ਹਰ ਪਲ ਮੇਰੇ ਨਾਲ,  ਮੇਰੇ ਦਿਲ ’ਚ ਹੋ। ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਤੁਸੀਂ ਦੇਸ਼ ਲਈ ਜੋ ਸੁਫ਼ਨਾ ਵੇਖਿਆ,  ਉਸ ਨੂੰ ਪੂਰਾ ਕਰ ਸਕਾਂ।’’ ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਪਿਤਾ ਰਾਜੀਵ ਗਾਂਧੀ ਨੇ 21ਵੀਂ ਸਦੀ ਦੇ ਭਾਰਤ ਦਾ ਰੋਡਮੈਪ ਦੇਸ਼ ਦੇ ਸਾਹਮਣੇ ਰੱਖਿਆ ਸੀ। ਇਕ ਅਜਿਹਾ ਭਾਰਤ,  ਜਿਸ ’ਚ ਨੌਜਵਾਨਾਂ ਦੀ ਤਾਕਤ,  ਪਿੰਡਾਂ ਦੀ ਸ਼ਕਤੀ,  ਔਰਤਾਂ ਦੀ ਸਮਰੱਥਾ,  ਨਵੀਂ ਤਕਨਾਲੋਜੀ ਦੇ ਪ੍ਰਯੋਗ ਨੂੰ ਸਮੀਕਰਨ ਮਿਲੇ।