Monday, May 20, 2024
 
BREAKING NEWS
ਦਿੱਲੀ 'ਚ ਅੱਜ ਰਿਕਾਰਡ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚਿਆਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ

ਲਿਖਤਾਂ

ਸ਼੍ਰੋਮਣੀ ਅਕਾਲੀ ਦਲ ਕਿਵੇਂ ਬਣਿਆ?

December 14, 2021 07:40 PM

 

ਪੰਜਾ ਸਾਹਿਬ ਗੁਰਦੁਆਰੇ ’ਤੇ ਕਬਜ਼ਾ ਕਰਨ ਵੇਲੇ ਕਰਤਾਰ ਸਿੰਘ ਝੱਬਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ’ਤੇ ਕਬਜ਼ਾ ਕਰਨ ਤੋਂ ਮਗਰੋਂ ਇਸ ਨੂੰ ਕਾਇਮ ਰੱਖਣ ਵਾਸਤੇ ਇਕ ਪੱਕੇ ਜਥੇ ਦੀ ਜ਼ਰੂਰਤ ਹੈ। ਜਦੋਂ ਵੀ ਲੋੜ ਮਹਿਸੂਸ ਹੋਵੇ, ਇਸ ਜਥੇ ਨੂੰ ਬੁਲਾ ਲਿਆ ਜਾਵੇ। ਕਿਉਂ ਕਿ ਪੰਜਾ ਸਾਹਿਬ ’ਚ ਮਹੰਤ ਦੀ ਵਿਧਵਾ ਨੇ ਔਰਤਾਂ ਤੋਂ ਵੀ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਕਰ ਕੇ ਇਸ ‘ਅਕਾਲੀ ਫੌਜ’ ਵਿਚ ਕੁਝ ਬੀਬੀਆਂ ਵੀ ਸ਼ਾਮਿਲ ਕੀਤੀਆਂ ਜਾਣ। ‘‘ਪੰਚ’’ ਅਖ਼ਬਾਰ ਮੁਤਾਬਿਕ ਮਾਸਟਰ ਮੋਤਾ ਸਿੰਘ ਨੇ ਇਹ ਸੁਝਾਅ ਦਿੱਤਾ ਸੀ ਕਿ ਅਖ਼ਬਾਰ ’ਚ ਅਪੀਲ ਛਾਪ ਕੇ ਇਕ ‘ਗੁਰਦੁਆਰਾ ਸੇਵਕ ਦਲ’ ਕਾਇਮ ਕੀਤਾ ਜਾਏ। ਇਹ ਅਪੀਲ ਇੰਞ ਸੀ:
ਗੁਰਦੁਆਰਾ ਸੇਵਕ ਦਲ
ਪੰਜ ਸੌ ਸਿੰਘਾਂ ਦੀ ਲੋੜ
‘‘175 ਮੈਂਬਰ ਬਣਨ ਤੋਂ ਬਾਅਦ ਮਾਸਟਰ ਮੋਤਾ ਸਿੰਘ ਨੇ ਇਹ ਤਜਵੀਜ਼ ਕੀਤੀ ਹੈ ਕਿ ਕਮੇਟੀ ਦੇ ਨਾਲ ਇਕ ਗੁਰਦੁਆਰਾ ਸੇਵਕ ਦਲ ਬਣਾਇਆ ਜਾਏ, ਜਿਹੜਾ ਮਹੰਤਾਂ ਤੋਂ ਇੰਤਜ਼ਾਮ ਲਵੇ। ਇਹ ਕੁਲ 500 ਸਿੰਘ ਹੋਣ। ਇਨ੍ਹਾਂ ਵਿੱਚੋਂ 100 ਤਿਆਰ-ਬਰ-ਤਿਆਰ ਤਨਖ਼ਾਹਦਾਰ ਹੋਣ ਅਤੇ 400 ਰੀਜ਼ਰਵ ਹੋਣ, ਬਗ਼ੈਰ ਤਨਖ਼ਾਹ ਤੋਂ। ਜਿੱਥੇ ਹਾਲਤ ਵਿਗੜਦੀ ਹੋਈ ਦਿਸਦੀ ਹੋਵੇ, ਉਸ ਗੁਰਦੁਆਰੇ ਲਈ ਅਕਾਲ ਤਖ਼ਤ ਸਾਹਿਬ ’ਤੇ ਸੱਦ ਕੇ ਜਥਾ ਟੋਰ ਦਿੱਤਾ ਜਾਵੇ। ਇਹ ਡਿਊਟੀ ਇਕ ਕਮੇਟੀ ਲਵੇ, ਜੋ 175 ਵਿੱਚੋਂ 25 ਮੈਂਬਰ ਚੁਣ ਕੇ ਬਣੇ। ਇਸ ਦਲ ਦੇ ਐਕਸ਼ਨ ਦੀ ਜ਼ਿੰਮੇਵਾਰੀ ਅਸੀਂ ਲੈˆਦੇ ਹਾਂ।’’ (ਪੰਚ, 24 ਨਵੰਬਰ 1920)।
26 ਨਵੰਬਰ ਦੇ ਦਿਨ ਪੰਜਾ ਸਾਹਿਬ ਦੇ ਇਕੱਠ ਵਿਚ ਇਸ ਦਾ ਮੁੱਢ ਵੀ ਬੰਨ੍ਹਿਆ ਗਿਆ ਸੀ। ਉਸੇ ਵੇਲੇ ਹੀ 50 ਸਿੰਘਾਂ ਨੇ ਆਪਣੇ ਆਪ ਨੂੰ ਪੇਸ਼ ਵੀ ਕੀਤਾ ਸੀ। ਇਸ ‘‘ਗੁਰਦੁਆਰਾ ਸੇਵਕ ਦਲ’’ ਜਾਂ ‘‘ਅਕਾਲੀ ਦਲ’’ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਇਕ ਇਕੱਠ 14 ਦਸੰਬਰ 1920 ਦੇ ਦਿਨ ਅਕਾਲ ਬੁੰਗਾ ’ਤੇ ਬੁਲਾ ਲਿਆ ਗਿਆ। ਇਸ ਇਕੱਠ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਤਜਵੀਜ਼ ਕੀਤੀ: ‘‘ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦੁਆਰਿਆਂ ਦਾ ਸੁਧਾਰ ਝੱਟ-ਪਟ ਕੀਤਾ ਜਾਵੇ ਅਤੇ ਇਸ ਲਈ ਹਰ ਇਕ ਦੀ ਕੁਰਬਾਨੀ ਦੀ ਲੋੜ ਹੈ। ਸੋ ਇਸ ਤਰ੍ਹਾਂ ਕੀਤਾ ਜਾਵੇ ਕਿ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਦੇ ਸੇਵਕ ਘੱਟੋ-ਘੱਟ ਇਕ ਮਹੀਨਾ ਸਾਲ ਵਿਚ ਪੰਥ ਨੂੰ ਅਰਪਣ ਕਰਨ। ਕੇਂਦਰ ਅੰਮ੍ਰਿਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿੱਥੇ ਜਿਤਨੇ ਸਿੰਘ ਲੋੜ ਪਵੇ ਭੇਜੇ ਜਾਣ। ਇਲਾਕਿਆਂ ਵਿਚ ਇਸ ਦੀਆਂ ਸ਼ਾਖਾ ਬਣਾਈਆਂ ਜਾਣ।’’ ਇਸ ’ਤੇ ਇਕੱਠ ਨੇ ਇਕ-ਰਾਇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤਾਂ ਤਖ਼ਤ ਅਕਾਲ ਬੁੰਗੇ ਹੁੰਮ-ਹੁੰਮਾ ਕੇ ਆਉਣ ਤੇ ਜਥਾ ਕਾਇਮ ਕੀਤਾ ਜਾਵੇ।
ਇਸੇ ਖ਼ਬਰ ਹੇਠਾਂ ਜ਼ਰੂਰੀ ਅਪੀਲ ’ਚ ਕਿਹਾ ਗਿਆ ਸੀ ਕਿ ‘‘ਜਥੇ, ਸਭਾਵਾਂ ਤੇ ਦੀਵਾਨਾਂ ਦੇ ਸੇਵਕਾਂ ਅਤੇ ਜਥੇਦਾਰਾਂ ਅੱਗੇ ਜ਼ਰੂਰੀ ਅਰਜ਼ ਹੈ ਕਿ ਉਹ ਦਰਸ਼ਨ ਦੇਣ। ਇਕ ਦਿਨ ਪਹਿਲੋਂ ਆਵਣ ਤੇ ਹੁਣ ਤਨ-ਮਨ ਤੇ ਧਨ ਦੀ ਕੁਰਬਾਨੀ ਕਰ ਕੇ ਜਨਮ ਸਫ਼ਲ ਕਰਨ।’’ ਇਹ ਅਪੀਲ ਤੇਜਾ ਸਿੰਘ (ਭੁੱਚਰ) ਦੇ ਨਾਂ ਹੇਠ ਜਾਰੀ ਕੀਤੀ ਗਈ ਸੀ। (ਰੋਜ਼ਾਨਾ ਅਕਾਲੀ, 7 ਜਨਵਰੀ 1921)।
14 ਦਸੰਬਰ 1920 ਦੇ ਇਕੱਠ ਤੋਂ ਪਹਿਲਾਂ ਅਤੇ ਮਗਰੋਂ ਵੀ ਕਈ ਅਕਾਲੀ ਜਥੇ ਕਾਇਮ ਹੋਏ। ਇਨ੍ਹਾਂ ਵਿੱਚੋਂ ‘‘ਅਕਾਲੀ ਜਥਾ ਖਰਾ ਸੌਦਾ’’ (ਜਥੇਦਾਰ ਕਰਤਾਰ ਸਿੰਘ ਝੱਬਰ), ‘‘ਗੜਗਜ ਅਕਾਲੀ ਜਥਾ ਤਰਨ ਤਾਰਨ’’ (ਜਥੇਦਾਰ ਤੇਜਾ ਸਿੰਘ ਭੁੱਚਰ), ‘‘ਸ਼ਹੀਦੀ ਦੀਵਾਨ ਬਾਰ ਧਾਰੋਵਾਲੀ’’ (ਜਥੇਦਾਰ ਸੰਗਤ ਸਿੰਘ) ਮੁਖ ਜਥੇ ਸਨ। ਹੋਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਵੀ ਅਕਾਲੀ ਜਥੇ ਕਾਇਮ ਹੋਏ ਸਨ।
16 ਪੋਹ (30 ਦਸੰਬਰ) ਨੂੰ ਖਰਾ ਸੌਦਾ ’ਚ ਵੀ ਇਕ ਇਕੱਠ ਹੋਇਆ ਇਸ ਵਿਚ ਜ: ਝੱਬਰ ਨੇ ਮਤਾ ਪੇਸ਼ ਕੀਤਾ ਕਿ ਗੁਰਦੁਆਰਿਆਂ ਦੇ ਸੁਧਾਰ ਵਾਸਤੇ ਅਕਾਲੀ ਦਲ (ਜ਼ਿਲ੍ਹਾ ਸ਼ੇਖੂਪੁਰਾ) ਕਾਇਮ ਕੀਤਾ ਜਾਏ। ਲੱਖਾ ਸਿੰਘ ਨੇ ਇਸ ਦਾ ਤਾਈਦ ਕੀਤੀ। ਉਸੇ ਵੇਲੇ 31 ਸੱਜਣ ਭਰਤੀ ਹੋ ਗਏ। ਇਸ ਦਲ ਦਾ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਚੁਣਿਆ ਗਿਆ। ਮੀਤ ਜਥੇਦਾਰ ਲੱਖਾ ਸਿੰਘ, ਸੇਵਕ (ਸਕੱਤਰ) ਸੁੱਚਾ ਸਿੰਘ ਤੇ ਮੀਤ ਸੇਵਕ ਤੇਜਾ ਸਿੰਘ ਚੂਹੜਕਾਨਾ ਚੁਣੇ ਗਏ।

ਅਕਾਲੀ ਦਲ ਦੀ ਪਹਿਲੀ ਚੋਣ
14 ਦਸੰਬਰ ਦੇ ਇਕੱਠ ਵਿਚ ਇਸ ‘‘ਗੁਰਦੁਆਰਾ ਸੇਵਕ ਦਲ’’ ਦੀ ਕਾਇਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਸਬੰਧ ਵਿਚ 23 ਜਨਵਰੀ 1921 ਦੇ ਦਿਨ ਅਕਾਲ ਬੁੰਗਾ ’ਤੇ ਇਕੱਠ ਬੁਲਾਇਆ ਗਿਆ ਸੀ। ਇਸ ਵਿਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ।
ਇਸ ਮੀਟਿੰਗ ਵਿਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿੱਤਾ ਕਿ ਜਥੇਬੰਦੀ ਦਾ ਨਾਂ “ਗੁਰਦੁਆਰਾ ਸੇਵਕ ਦਲ” ਰੱਖਿਆ ਜਾਵੇ ਪਰ ਅਖ਼ੀਰ ਇਸ ਦਾ ਨਾਂ ‘ਅਕਾਲੀ ਦਲ’ ਹੀ ਸਭ ਨੇ ਮਨਜ਼ੂਰ ਕੀਤਾ। (ਅਕਾਲੀ ਮੋਰਚੇ ਤੇ ਝੱਬਰ, ਸਫ਼ਾ 95)। ਇਸ ਦਲ ਦੇ ਪਹਿਲੇ ਜਥੇਦਾਰ ਸਰਮੁਖ ਸਿੰਘ ਝਬਾਲ ਚੁਣੇ ਗਏ। (ਮਗਰੋਂ 29 ਮਾਰਚ 1922 ਦੇ ਦਿਨ ਅਕਾਲੀ ਦਲ ਨੇ, ਆਪਣੇ ਛੇਵੇਂ ਮਤੇ ਮੁਤਾਬਿਕ, ਜਥੇਬੰਦੀ ਦਾ ਨਾਂ ‘‘ਸ਼੍ਰੋਮਣੀ ਅਕਾਲੀ ਦਲ’’ ਰੱਖ ਲਿਆ)। ਅਕਾਲੀ ਦਲ ਨੇ ਦੋ ਨੁਕਾਤੀ ਪ੍ਰੋਗਰਾਮ ਐਲਾਨਿਆ: 1. ਸਾਰੇ ਅਕਾਲੀ ਜਥਿਆਂ ਨੂੰ ਇਕੱਠੇ ਕਰ ਕੇ ਪੰਥ ਦੀ ਸੇਵਾ ਕਰਨੀ। 2. ਗੁਰਦੁਆਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਉੱਤੇ ਅਮਲ ਕਰਨਾ। (ਰੋਜ਼ਾਨਾ ਅਕਾਲੀ, 28 ਦਸੰਬਰ 1921)।
25 ਜਨਵਰੀ 1921 ਦੇ ਦਿਨ ਤਰਨ ਤਾਰਨ ਅਤੇ 20 ਫਰਵਰੀ 1921 ਦੇ ਦਿਨ ਨਾਨਕਾਣਾ ਸਾਹਿਬ ਦੀਆਂ ਸ਼ਹੀਦੀਆਂ ਮਗਰੋਂ ਅਕਾਲੀ ਦਲ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ। ਹਰ ਪਾਸੇ ਜਥੇ ਕਾਇਮ ਹੋਣ ਲੱਗ ਪਏ। ਇਨ੍ਹੀਂ ਦਿਨੀਂ ਹੀ ਇਕ ਕਾਨਫ਼ਰੰਸ 4-5 ਅਪ੍ਰੈਲ 1921 ਦੇ ਦਿਨ ਨਾਨਕਾਣਾ ਸਾਹਿਬ ਵਿਖੇ ਹੋਈ। ਇਸ ਕਾਨਫਰੰਸ ਵਿਚ ਸਿੱਖ ਪਹਿਲੀ ਵਾਰੀ ਕਾਲੇ ਦਸਤਾਰੇ ਸਜਾ ਕੇ ਪੁੱਜੇ। ਦੀਵਾਨ ਵਿਚ ਅਕਾਲੀ ਜਥੇ ਦੇ ਅਸੂਲ ਸੁਣਾ ਕੇ ਭਰਤੀ ਸ਼ੁਰੂ ਕੀਤੀ ਗਈ। ਬਾਬਾ ਖੜਕ ਸਿੰਘ ਨੇ ਸਭ ਤੋਂ ਪਹਿਲਾਂ ਆਪਣਾ ਨਾਂ ਲਿਖਵਾਇਆ। 22 ਫਰਵਰੀ 1922 ਦੇ ਦਿਨ ਵੀ. ਡਬਲਯੂ ਸਮਿੱਥ, ਬਰਤਾਨਵੀ ਸਰਕਾਰ ਦੇ ਪੰਜਾਬ ਦੇ ਕਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈˆਟ (ਸੀ.ਆਈ.ਡੀ.) ਦੇ ਐਸ.ਪੀ. (ਸਿਆਸੀ), ਨੇ ਵਾਇਸਰਾਏ ਨੂੰ ਭੇਜੀ ਆਪਣੀ ਖੁਫ਼ੀਆ ਰਿਪੋਰਟ ਵਿਚ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਇਕ ਲੰਬੀ-ਚੌੜੀ ਤਫ਼ਸੀਲ ਦਿੱਤੀ ਸੀ। ਇਸ ਵਿਚ ਕੁਝ ਅਹਿਮ ਨੁਕਤੇ ਹੇਠ ਲਿਖੇ ਸਨ :
‘"1920 ਦੀਆਂ ਗਰਮੀਆਂ ਵਿਚ, ਵੱਡੀਆਂ ਕਿਰਪਾਨਾਂ ਚੁੱਕੀ, ਗੂੜ੍ਹੀਆਂ ਨੀਲੀਆਂ ਪੱਗਾਂ ਵਾਲੇ ਅਕਾਲੀ, ਪਹਿਲੀ ਵਾਰੀ ਅਵਾਮ ਵਿਚ ਆਏ। ਵੇਖਣ ਵਿਚ ਭਾਵੇਂ ਉਹ ਗਰਮ ਦਲੀਏ ਜਾਪਦੇ ਸਨ, ਪਰ ਉਹ ਨੁਕਸਾਨਹੀਣ ਸਨ। ਹੌਲੀ-ਹੌਲੀ ਉਨ੍ਹਾਂ ਦੀ ਗਿਣਤੀ ਵਧਣ ਲੱਗੀ। ਇਸ ਦੇ ਨਾਲ ਹੀ ਕਿਰਪਾਨਾਂ ਦਾ ਸਾਈਜ਼ ਵੀ ਵੱਧਣ ਲੱਗਾ। ਗੁਰਦੁਆਰਾ ਸੁਧਾਰ ਲਹਿਰ ਆਪਣੀ ਸਹੀ ਸ਼ਕਲ ਵਿਚ 1920 ਦੀਆਂ ਗਰਮੀਆਂ ਤੇ ਪੱਤਝੜ ਵਿਚ ਆਈ। ਪਹਿਲਾ ਝਗੜੇ ਵਾਲਾ ਥਾਂ ਲਾਹੌਰ ਸ਼ਹਿਰ ਵਿਚ ਚੁਮਾਲਾ ਸਾਹਿਬ ਗੁਰਦੁਆਰਾ ਤੇ ਸਿਆਲਕੋਟ ਵਿਚ ਬਾਬੇ ਦੀ ਬੇਰ ਸੀ। ਚੁਮਾਲਾ ਸਾਹਿਬ ਦੇ ਝਗੜੇ ਵਿਚ ਬੜੇ ਪ੍ਰਸਿੱਧ ਸਿੱਖਾਂ ਨੇ ਐਜੀਟੇਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ ਕਾਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਹੋਈਆਂ ਸਨ, ਕਿਰਪਾਨਾਂ ਚੁੱਕੀਆਂ ਹੋਈਆਂ ਸਨ ਤੇ ਆਪਣੇ ਆਪ ਨੂੰ ‘ਅਕਾਲੀ’ ਕਹਿੰਦੇ ਸਨ। ਜਿਵੇਂ-ਜਿਵੇਂ ਗੁਰਦੁਆਰਾ ਲਹਿਰ ਦਾ ਮੂੰਹ-ਮੱਥਾ ਬਣਦਾ ਗਿਆ, ਚੰਗੇ ਸੁਚੱਜੇ ਢੰਗ ਨਾਲ ਲੋਕਲ ਜਥੇਬੰਦ ਯੂਨਿਟਾਂ ਬਣਦੀਆਂ ਗਈਆਂ। ਅੰਮ੍ਰਿਤਸਰ ਅਕਾਲੀਆਂ ਦੀ ਭਰਤੀ ਵਾਲਾ ਪਹਿਲਾ ਜ਼ਿਲ੍ਹਾ ਸੀ। ਤਰਨ ਤਾਰਨ ਵਿਚ ਮੱਸਿਆ ਦੇ ਮੌਕੇ ’ਤੇ ਭਾਦੋਂ (12 ਸਤੰਬਰ) ਵਿਚ ਇਕ ਸਿੱਖ ਲੀਗ ਦੇ ਦੀਵਾਨ ਵਿਚ ਅਮਰ ਸਿੰਘ ਝਬਾਲ ਨੇ ਗੁਰਦੁਆਰਾ ਰਕਾਬ ਗੰਜ ਦੀਵਾਰ ਨੂੰ ਮੁੜ ਉਸਾਰਨ ਵਾਸਤੇ ਸੰਗਤਾਂ ਨੂੰ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹੋਣ ਨੂੰ ਕਿਹਾ। ਕੋਈ 70-80 ਸਿੱਖਾਂ ਨੇ ਆਪਣੇ ਨਾਂ ਪੇਸ਼ ਕੀਤੇ। ਆਪਣੇ ਭਰਾ ਜਸਵੰਤ ਸਿੰਘ ਝਬਾਲ, ਤੇਜਾ ਸਿੰਘ ਭੁੱਚਰ ਤੇ ਹੋਰ ਕੁਝ ਘੱਟ ਮਸ਼ਹੂਰ ਸਿੱਖ ਆਗੂਆਂ ਦੀ ਮਦਦ ਨਾਲ ਉਸ ਨੇ ਅਕਾਲੀਆਂ ਦੀ ਭਰਤੀ ਦਾ ਲਗਾਤਾਰ ਕੰਮ ਸ਼ੁਰੂ ਕੀਤਾ ਤਾਂ ਜੋ ਨਾਨਕਾਣਾ ਸਾਹਿਬ ਦੇ ਗੁਰਦੁਆਰਿਆਂ ’ਤੇ ਕਬਜ਼ਾ ਕੀਤਾ ਜਾ ਸਕੇ। ਤਰਨ ਤਾਰਨ ਦੇ ਮਾਮਲੇ ਵਿਚ ਤੇਜਾ ਸਿਘ ਭੁੱਚਰ ਦੀ ਗ੍ਰਿਫ਼ਤਾਰੀ ’ਤੇ ਇਕ ਦਮ ਜਾਂਨਸ਼ੀਨ ਨੀਯਤ ਕਰ ਦਿੱਤਾ ਗਿਆ। ਹੁਣ ਸ਼੍ਰੋਮਣੀ ਕਮੇਟੀ ਤੋਂ ਵੀ ਮਦਦ ਆ ਗਈ, ਜਿਸ ਦੇ ਹੱਥ ਇਸ ਲਹਿਰ ਦੀ ਵਾਗਡੋਰ ਸੀ।
ਅਕਾਲੀ ਹਲਕਿਆਂ ਵਿਚ ਅਪ੍ਰੈਲ, ਮਈ ਤੇ ਜੂਨ ਦੀ ਇਸ ਛੋਟੀ ਹਿਲਜੁਲ ਤੋਂ ਪਿਛੋਂ ਕੁਝ ਦੇਰ ਮਗਰੋਂ ਨਵਾਂ ਜੋਸ਼ ਪੈਦਾ ਹੋਇਆ। ਸ਼੍ਰੋਮਣੀ ਕਮੇਟੀ ਨੇ ਨਿਸਚੇ ਹੀ ਨਾ-ਮਿਲਵਰਤਣ ਦੀ ਪਾਲਸੀ ਅਪਣਾ ਕੇ ਹਰ ਹੀਲੇ ਆਪਣਾ ਉਦੇਸ਼ ਪੂਰਾ ਕਰਨ ਦਾ ਫ਼ੈਸਲਾ ਕੀਤਾ। ਇਸ ‘ਹਰ ਹੀਲੇ’ ਵਿਚ ਤਸ਼ੱਦਦ ਸ਼ਾਮਿਲ ਨਹੀਂ ਸੀ। ਇਸ ਨੇ ਹਰ ਪਾਸੇ ਅਕਾਲੀਆਂ ਵਿਚ ਨਵਾਂ ਜੋਸ਼ ਭਰਨ ਦੀ ਲਹਿਰ ਚਲਾਈ ਅਤੇ ਜ਼ਿਲ੍ਹਾ ਵਾਰ ਕੋਟਾ ਨੀਯਤ ਕਰ ਕੇ 5000 ਦਾ, ਉਨ੍ਹਾਂ (ਸਿੱਖਾਂ) ਦਾ, ਸ਼ਹੀਦੀ ਜੱਥਾ ਤਿਆਰ ਕਰਨ ਦਾ ਫੈਸਲਾ ਕੀਤਾ, ਜਿਹੜੇ ਗੁਰਦੁਆਰਾ ਸੁਧਾਰ ਵਾਸਤੇ ਜ਼ਿੰਦਗੀ ਦੇਣ ਲਈ ਤਿਆਰ ਹੋਣ। ਇਸ ਅਪੀਲ ’ਤੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਨਾਂ ਦਿੱਤੇ ਪਰ ਇਸ ਦੀ ਠੀਕ ਠਾਕ ਗਿਣਤੀ ਪਤਾ ਨਹੀਂ। ਸਰਕਾਰੀ ਰਿਪੋਰਟ ਅਨੁਸਾਰ ਇਹ ਗਿਣਤੀ 5000 ਤੋਂ ਘੱਟ ਸੀ ਪਰ ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਕਿ ਇਹ ਮਿਲਵਰਤਣ ਅਪੀਲ ਦੀ ਗਿਣਤੀ ਤੋਂ ਕਿਤੇ ਵਧੇਰੇ ਸੀ। ਨਵੰਬਰ ਦੀ ਪੂਰਨਮਾਸ਼ੀ ਦੇ ਦਿਨ ਨਾਨਕਾਣਾ ਸਾਹਿਬ ਵਿਖੇ ਅਕਾਲੀਆਂ ਦਾ ਨਜ਼ਾਰਾ ਇਹ ਸਾਬਤ ਕਰਦਾ ਹੈ ਕਿ ਸਰਕਾਰੀ ਰਿਪੋਰਟ ਗ਼ਲਤ ਸੀ।
ਪਟਿਆਲਾ, ਕਪੂਰਥਲਾ, ਨਾਭਾ ਵਗ਼ੈਰਾ ਵਿਚ ਅਕਾਲੀਆਂ ਦੀ ਭਰਤੀ ਨੂੰ ਬੜੀ ਕਾਮਯਾਬੀ ਹਾਸਿਲ ਹੋਈ। ਅਕਾਲੀਆਂ ਨੂੰ ਫੂਲਕੀਆਂ ਰਿਆਸਤਾਂ ਵਿਚ ਵੀ ਬੜੀ ਕਾਮਯਾਬੀ ਹਾਸਿਲ ਹੋਈ। ਇਹ ਗ਼ਲਤ ਨਹੀਂ ਕਿ ਫੂਲਕੀਆਂ ਰਿਆਸਤਾਂ ਵਿਚ ਭਰਤੀ 3000 ਤੋਂ 4000 ਦੇ ਵਿਚਕਾਰ ਸੀ ਤੇ ਗਿਣਤੀ ਸ਼ਾਇਦ ਇਸ ਤੋਂ ਵੀ ਵਧੇਰੇ ਹੋਵੇ। ਹਰ ਅਕਾਲੀ ਕੋਲੋਂ ਹੇਠ ਲਿਖੀ ਸਹੁੰ ਚੁਕਵਾਈ ਜਾਂਦੀ ਸੀ:
‘‘ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਾਇਦਾ ਕਰਦਾ ਹਾਂ ਕਿ ਮੈਂ ਗੁਰਦੁਆਰਾ ਸੁਧਾਰ ਵਾਸਤੇ ਤਨ, ਮਨ ਕੁਰਬਾਨ ਕਰ ਦੇਵਾਂ। ਇਸ ਸਬੰਧੀ ਮੈਂ ਆਪ ਜਥੇਦਾਰ ਦੇ ਹੁਕਮ ਵਿਚ ਰਹਾਂਗਾ। ਵੱਡੀ ਤੋਂ ਵੱਡੀ ਮੁਸੀਬਤ ਵਿਚ ਵੀ ਮੈਂ ਕਿਸੇ ਨੂੰ ਕੁਬੋਲ ਨਹੀਂ ਕਰਾਂਗਾ ਤੇ ਨਾਂ ਹੀ ਤਸ਼ੱਦਦ ਕਰਾਂਗਾ।’’
ਔਰਤਾਂ ਵੀ ਵੱਡੀ ਗਿਣਤੀ ਵਿਚ ਅਕਾਲਨਾਂ ਬਣ ਰਹੀਆਂ ਸਨ ਪਰ ਉਹਨਾਂ ਦਾ ਕੰਮ ਸਟੇਜ ’ਤੇ ਬੋਲਣ ਅਤੇ ਅਕਾਲੀ ਪ੍ਰਚਾਰ ਤਕ ਹੀ ਸੀਮਤ ਸੀ।
ਸ਼੍ਰੋਮਣੀ ਕਮੇਟੀ ਦੀ ਕੋਸ਼ਿਸ਼ ਕਿ ਅਕਾਲੀ ਦਲ ਇਕ ਡਿਸਿਪਲਿਨ ਵਾਲੀ ਤੇ ਜਥੇਬੰਦ ਜਮਾਤ ਬਣੇ, ਬਹੁਤ ਕਾਮਯਾਬ ਹੋਈ ਹੈ। ਜਿਸ ਫ਼ੁਰਤੀ ਨਾਲ ਚਾਬੀਆਂ ਦੇ ਮੋਰਚੇ ਵੇਲੇ, ‘ਗੁਰਦੁਆਰਾ ਤੇਜਾ’ ਵਿਚ, ਵੱਖ-ਵੱਖ ਥਾਵਾਂ ਦੇ ਜਥੇ ਇਕੱਠੇ ਹੋਏ ਤੇ ਅੰਮ੍ਰਿਤਸਰ ਵਿਚ ਆਏ, ਉਹ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਅਕਾਲੀਆਂ ਵਿਚ ਆਪਸੀ ਰਾਬਤੇ ਦਾ (ਡਾਕ ਵਗ਼ੈਰਾ) ਢੰਗ ਕਿੰਨਾ ਅਸਰ ਭਰਿਆ ਤੇ ਕਾਮਯਾਬ ਸੀ ਅਤੇ ਇਹ ਵੀ ਕਿ ਸਾਰੇ ਅਕਾਲੀ ਦਲ ਵਿਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਕ ਦੂਰ ਪਿੰਡ ਵਿਚ ਬੈਠੇ ਅਕਾਲੀ ਤੱਕ, ਕਿੰਨੀ ਸੁਰਤਾ ਤੇ ਏਕਤਾ ਹੈ।
ਚੁਣੇ ਹੋਏ 5000 ਅਕਾਲੀਆਂ ਦਾ ਇਕ ਜਥਾ, ਜਿਸ ਵਿਚ ਵਧੇਰੇ ਸਾਬਕ ਫ਼ੌਜੀ ਸਨ, ਨੂੰ ਕਿਸੇ ਵੀ ਹੰਗਾਮੀ ਹਾਲਤ ਵੇਲੇ ਨਿਬੜਣ ਵਾਸਤੇ ਮਹਿਫ਼ੂਜ਼ ਰੱਖਿਆ ਹੋਇਆ ਸੀ। ਇਹ ਫੋਰਸ ਕੈਪਟਨ ਰਾਮ ਸਿੰਘ ਦੇ ਪ੍ਰਬੰਧ ਹੇਠ ਸੀ। ਇਸ ਦੀ ਕੋਈ ਨੇਮ ਬੱਧ ਪਰੇਡ ਜਾਂ ਟਰੇਨਿੰਗ ਦਾ ਤਾਂ ਕੋਈ ਸਬੂਤ ਨਹੀਂ ਪਰ ਬਾਬਾ ਗੁਰਦਿਤ ਸਿੰਘ ਕਾਮਾਗਾਟਾ ਮਾਰੂ ਦੀ ਗ੍ਰਿਫ਼ਤਾਰੀ ਵੇਲੇ ਇਸ ਅਕਾਲੀ ਫ਼ੋਰਸ ਨੇ, ਲਾਈਨਾਂ ਵਿਚ ਮਾਰਚ ਵੇਲੇ, ਸੀਟੀਆਂ ਅਤੇ ਹੱਥ ਦੇ ਇਸ਼ਾਰਿਆਂ ਨਾਲ ਸਾਰੇ ਫ਼ੌਜੀ ਇਸ਼ਾਰਿਆਂ ਦਾ ਇਜ਼ਹਾਰ ਕੀਤਾ।
ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਜ਼ੋਰ ਦਿੱਤਾ ਹੈ ਕਿ ਅਕਾਲੀ ਲਹਿਰ ਧਾਰਮਿਕ ਤੇ ਗ਼ੈਰ-ਸਿਆਸੀ ਹੈ ਅਤੇ ਅਕਾਲੀ ਦਲ ਦਾ ਇਕੋ-ਇਕ ਨਿਸ਼ਾਨਾ ਸਾਰੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਦਾ ਸੁਧਾਰ ਕਰਨਾ ਹੈ ਪਰ ਇਹ ਸਪੱਸ਼ਟ ਹੈ ਕਿ ਕਮੇਟੀ ਦਾ ਕੰਟਰੋਲ ਉਨ੍ਹਾਂ ਗਰਮ ਦਲੀਆਂ ਕੋਲ ਹੈ ਜਿਹੜੇ ਸੈˆਟਰਲ ਸਿੱਖ ਲੀਗ ਉੱਤੇ ਕਾਬਜ਼ ਹਨ, ਜਿਹੜੀ ਕਿ ਸਭ ਤੋਂ ਵੱਧ ਅਗਾਂਹਵਧੂ ਜਥੇਬੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਦੋਹਾਂ ਵਿੱਚੋਂ ਛੋਟੀ, ਸਿੱਖ ਲੀਗ ਉੱਤੇ, ਗੁਰਦੁਆਰਾ ਕਮੇਟੀ ਦੇ ਗਰਮ, ਖੱਬੇ-ਪੱਖੀ, ਅਕਾਲੀਆਂ ਦਾ ਕਬਜ਼ਾ ਹੈ ਅਤੇ ਮਾਡਰੇਟ ਅਕਾਲੀ, ਜੋ ਸਰਕਾਰ ਨਾਲ ਸਮਝੌਤੇ ਤੇ ਮਿਲਵਰਤਣ ਨਾਲ ਇਲਾਜ ਲੱਭਣਾ ਚਾਹੁੰਦੇ ਹਨ, ਉਹ ਏਨੇ ਤਾਕਤਵਰ ਨਹੀਂ ਕਿ ਉਹ ਗਰਮ-ਦਲੀਆਂ ਉਪਰ ਆਪਣਾ ਅਸਰ ਪਾ ਸਕਣ।
ਪਿਛਲੇ ਕੁਝ ਸਾਲਾਂ ਤੋਂ ਸਿੱਖ ਕੌਮ ਵਿਚ ਆਉਂਦੀ ਜਾਗੋ ਤੋਂ ਇਹ ਨਜ਼ਰ ਆਉਂਦਾ ਸੀ ਕਿ ਸਿੱਖ ਧਾਰਮਿਕ ਪੱਖ ਤੋਂ ਪ੍ਰਚਾਰ ਤੇ ਜੋਸ਼ ਦਿਖਾਉਣਗੇ। ਸਿੱਖ ਲੀਗ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਆਪ ਅਗਵਾਈ ਨਹੀਂ ਕੀਤੀ। ਇਸ ਵਿਚ ਸਿਰਫ਼ ਇਹੀ ਕਾਰਨ ਹੈ ਕਿ ਇਸ ਦੇ ਨਿਸ਼ਾਨੇ ਨਿਰੋਲ ਸਿਆਸੀ ਹਨ ਤੇ ਇਸ ਵੱਲੋਂ ਚਲਾਈ ਕੋਈ ਵੀ ਮੁਹਿੰਮ ਸਰਕਾਰ ਨੇ ਸ਼ੱਕ ਦੀ ਨਿਗਾਹ ਨਾਲ ਵੇਖਣੀ ਸੀ। ਤਦ ਇਸ ਲਹਿਰ ਨੂੰ ਸਰਕਾਰੀ ਰੁਕਾਵਟਾਂ ਵੀ ਆਉਣੀਆਂ ਸਨ ਤੇ ਸ਼ਾਇਦ ਇਹ ਪਹਿਲੀ ਸਟੇਜ ’ਤੇ ਹੀ ਦਬਾ ਲਈ ਜਾਂਦੀ। ਇਸ ਵਾਸਤੇ ਸਮਝਣਾ ਔਖਾ ਨਹੀਂ ਕਿ ਜਾਣ ਬੁੱਝ ਕੇ ਧਾਰਮਿਕ ਮਸਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੀ ਪਲਾਨ ਤੇ ਮੁਹਿੰਮ ਦਾ ਢੰਗ ਸਾਫ਼ ਤੇ ਸਿੱਧਾ ਸੀ ਕਿ ਹਰ ਕੀਮਤ ਤੇ ਗੁਰਦੁਆਰਾ ਸੁਧਾਰ ਕੀਤਾ ਜਾਵੇ ਅਤੇ ਇਸ ਉੱਦਮ ਲਈ ਸੁਧਾਰਕਾਂ ਤੇ ਸ਼ਹੀਦਾਂ ਦੀ ਫ਼ੌਜ ਖੜੀ ਕੀਤੀ ਜਾਵੇ। ਇਹ ਸੱਦਾ, ਯਕੀਨੀ ਤੌਰ ’ਤੇ, ਧਾਰਮਿਕ ਸੀ ਤੇ ਕਿਸੇ ਵੀ ਸਿਆਸੀ ਆਜ਼ਾਦੀ ਦੀ ਲਹਿਰ ਦੇ ਮੁਕਾਬਲੇ ਵਿਚ ਕਿਤੇ ਵਧੇਰੇ ਪੁਰਅਸਰ ਸਾਬਿਤ ਹੋਇਆ। ਇਸ ਦੀ ਕਾਮਯਾਬੀ ਨੂੰ ਅਸੀਂ ਗੁਰਦੁਆਰਾ ਤੇਜਾ, ਨਾਨਕਾਣਾ ਤੇ ਅੰਮ੍ਰਿਤਸਰ ਵਿਚ ਪਿਛਲੇ ਚਾਰ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਮਾਪ ਸਕਦੇ ਹਾਂ। ਗੁਰਦੁਆਰਿਆਂ ਦਾ ਪੂਰਾ ਕੰਟਰੋਲ, ਕਿਰਪਾਨ ਦੇ ਮਸਲੇ ਦਾ ਹੱਲ, ਬੇਹਦ ਜ਼ਰੂਰੀ ਗੱਲਾਂ ਹਨ। ਜਿਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕੀਤਾ ਜਾਣ ਵਾਲਾ ਹੈ। ਇਸ ਮੌਕੇ ’ਤੇ ਸਿੱਖ ਲੀਗ ਨੇ ਮੌਕੇ ਦਾ ਲਾਭ ਉਠਾ ਕੇ ਭਾਰਤੀ ਕੌਮੀ ਲਹਿਰ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ।
ਬਾਬਾ ਗੁਰਦਿੱਤ ਸਿੰਘ ਦਾ ਮੁੜ ਆਉਣ ਸਿੱਖਾਂ ਦੇ ਮਨਾਂ ਵਿਚ ਤਬਦੀਲੀ ਦਾ ਇਸ਼ਾਰਾ ਹੈ। ਇਸ ਤੋਂ ਬਿਨਾਂ 1907 ਦੇ ਜਲਾਵਤਨ ਅਜੀਤ ਸਿੰਘ ਦੀ ਭਾਰਤ ਵਾਪਸੀ ਵੀ ਨਜ਼ਰ ਆ ਰਹੀ ਹੈ ਅਤੇ ਸਿੱਖ ਕਿਸਾਨਾਂ ਵਿਚ ਆਮ ਚਰਚਾ ਹੈ ਕਿ ਮੌਜੂਦਾ ਲਹਿਰ ਇਕ ਵੱਡੇ ਇਨਕਲਾਬ ਦਾ ਟਰੇਲਰ ਹੈ, ਜਿਸ ਦਾ ਨਤੀਜਾ ਸਿੱਖਾਂ ਦੇ ਰਾਜ ਦਾ ਮੁੜ ਆਉਣਾ ਹੋਵੇਗਾ। ਇਹ ਖ਼ਿਆਲ ਜਾਂ ਤਾਂ ਸਿੱਖ ਆਗੂਆਂ ਨੇ ਪੈਦਾ ਕੀਤਾ ਹੈ ਜਾਂ ਆਪਣੇ-ਆਪ ਫੈਲਣਾ ਸ਼ੁਰੂ ਹੋ ਗਿਆ, ਇਸ ਦੇ ਜਨਮ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਵਿਚਾਰ ਆਮ ਹੈ।
‘ਖਾਲਸਾ ਐਡਵੋਕੇਟ’ ਨੂੰ ਛੱਡ ਕੇ ਸਾਰੀਆਂ ਸਿੱਖ ਅਖ਼ਬਾਰਾਂ ਨੇ ਤਫ਼ਸੀਲ ਨਾਲ ਇਸ ਦੇ ਧਾਰਮਿਕ ਮਸਲਿਆਂ ਨੂੰ ਬੇਹੱਦ ਬ੍ਰਿਟਿਸ਼-ਮੁਖ਼ਾਲਿਫ਼ ਸੋਚ ਨਾਲ ਵਿਚਾਰਿਆ ਹੈ। ਸਿੱਖ ਅਖ਼ਬਾਰਾਂ ਦੇ ਸਰਕਾਰ ਦੀ ਪਾਲਸੀ ’ਤੇ ਲਗਾਤਾਰ ਹਮਲੇ ਸਪੱਸ਼ਟ ਰੂਪ ਵਿਚ ਸਰਕਾਰ ਨਾਲ ਸਮਝੌਤਾ ਹੋਣ ਦੀ ਆਸ ਦੇ ਰਾਹ ਵਿਚ ਰੁਕਾਵਟ ਹਨ, ਇਹੀ ਹਮਲੇ ਵਿਗੜੇ ਸਬੰਧਾਂ ਦਾ ਵੱਡਾ ਕਾਰਨ ਹਨ।
ਅਕਾਲੀ ਲਹਿਰ, ਗਾਂਧੀ ਦੀ ਸਿਵਲ ਨਾਫ਼ੁਰਮਾਨੀ ਨਾਲੋਂ ਵੱਡੀ ਫਿਕਰ ਵਾਲੀ ਗੱਲ ਹੈ। ਗਾਂਧੀ ਦੇ ਪ੍ਰਚਾਰ ਦਾ ਅਸਰ ਮੁੱਖ ਤੌਰ ’ਤੇ ਸ਼ਹਿਰੀ ਜਨਤਾ ’ਤੇ ਹੈ ਜਦੋਂ ਕਿ ਸ਼ਹਿਰੀਆਂ ਕੋਲ (1) ਸਰੀਰਕ ਹੌਸਲਾ ਅਤੇ (2) ਪੁਲਿਸ ਦੇ ਇਕ ਛੋਟੇ ਜਿਹੇ ਦਸਤੇ ਦਾ ਵੀ ਕਾਮਯਾਬੀ ਨਾਲ ਮੁਕਾਬਲਾ ਕਰਨ ਦੀ ਘਾਟ ਹੈ। ਦੂਸਰੇ ਪਾਸੇ ਅਕਾਲੀ ਲਹਿਰ ਬਿਲਕੁਲ ਪੇਂਡੂ ਲਹਿਰ ਹੈ ਅਤੇ ਇਸ ਦੇ ਹਿੱਸੇਦਾਰ ਉਹ ਹਨ, ਜਿਨ੍ਹਾਂ ਦਾ ਤਕੜਾ ਜਿਸਮ ਅਤੇ ਇਕ ਕੌਮੀ ਤਵਾਰੀਖ਼ ਹੈ। ਮੌਜੂਦਾ ਸਿੱਖ ਹਾਲਤ ਅਜਿਹੀ ਅਸਪੱਸ਼ਟ ਹੈ ਕਿ ਇਹ ਗੱਲ ਭਰੋਸੇ ਨਾਲ ਕਹਿਣੀ ਨਾ ਮੁਮਕਿਨ ਹੈ ਕਿ ਅਕਾਲੀ ਲਹਿਰ ਦਾ ਅਗਲਾ ਮੋੜ ਕੀ ਹੋਵੇਗਾ; ਪਰ ਅਕਾਲੀ ਦਲ ਦਾ ਸਿਆਸੀ ਕਾਰਜਾਂ ਵਾਸਤੇ ਇਸਤੇਮਾਲ ਆਉਂਦੇ ਦਿਨਾਂ ਦੀ ਆਸ ਹੈ।’’ (ਵੀ.ਡਬਲਯੂ. ਸਮਿਥ, ਐਸ.ਪੀ. ਸੀ.ਆਈ.ਡੀ. ਪੋਲੀਟੀਕਲ, “ਅਕਾਲੀ ਦਲ ਐਂਡ ਐਸ.ਜੀ.ਪੀ.ਸੀ.” ਸੀ.ਆਈ.ਡੀ. ਰਿਪੋਰਟ, ਤਾਰੀਖ਼ 22.2.1922, ਗਵਰਨਮੈਂਟ ਪ੍ਰੈੱਸ ਸ਼ਿਮਲਾ, 1922)।
(ਮੈਂ ਸਮਿਥ ਦੀ ਰਿਪੋਰਟ ਵਿੱਚੋਂ ਸਿਰਫ਼ ਕੁਝ ਹਿੱਸਿਆਂ ਦਾ ਤਰਜਮਾ ਹੀ ਦਿੱਤਾ ਹੈ। ਪੂਰੀ ਰਿਪੋਰਟ ਹੋਰ ਵੀ ਤਫ਼ਸੀਲ ਨਾਲ ਭਰੀ ਪਈ ਹੈ)।
ਵੀ. ਡਬਲਯੂ ਸਮਿਥ ਦੀ ਰਿਪੋਰਟ ਵਿਚ ਅਕਾਲੀ ਦਲ ਦੀ ਕਾਇਮੀ ਬਾਰੇ ਤਰਨਤਾਰਨ ਦੀ ਮੱਸਿਆ ਦੇ ਮੌਕੇ ਦਾ ਜ਼ਿਕਰ ਹੈ ਪਰ ਇਸ ਮੌਕੇ ਤੇ ਅਕਾਲੀ ਦਲ ਜਾਂ ਅਕਾਲੀ ਜਥੇ ਦੀ ਭਰਤੀ ਨਹੀਂ ਹੋਈ ਸੀ। ਇਸ ਮੌਕੇ ’ਤੇ ਗੁਰਦੁਆਰਾ ਸੁਧਾਰ ਵਾਸਤੇ ਜਥਾ ਕਾਇਮ ਕਰਨ ਦੀ ਗੱਲ ਚਲੀ ਸੀ।
{ਡਾ. ਹਰਜਿੰਦਰ ਸਿੰਘ ਦਿਲਗੀਰ: ਕਿਤਾਬ 'ਸਿੱਖ ਤਵਾਰੀਖ਼' (2008 ਦੀ ਐਡੀਸ਼ਨ) ਵਿਚੋਂ}

 

Have something to say? Post your comment

 

ਹੋਰ ਲਿਖਤਾਂ ਖ਼ਬਰਾਂ

ਮੁਸੀਬਤ ਸਮੇਂ ਭਾਰਤੀਆਂ ਦਾ ਇੱਕ ਦੁਜੇ ਪ੍ਰਤੀ ਪਿਆਰ, ਦੇਸ਼ ਦੀ ਅਖੰਡਤਾ ਅਤੇ ਏਕਤਾ ਦਾ ਸਬੂਤ

ਘਰ ਦੀ ਬਗੀਚੀ ਵਿੱਚ ਨਾਂ ਕਰੋ ਇਹਨਾਂ ਪੌਦਿਆਂ ਨੂੰ ਲਗਾਉਣ ਦੀ ਭੁੱਲ

🤔29 ਫਰਵਰੀ 4 ਸਾਲਾਂ 'ਚ ਇੱਕ ਵਾਰ ਨਾ ਆਵੇ ਤਾਂ ਕੀ ਹੋਵੇਗਾ? ਜਾਣੋ ਲੀਪ ਈਅਰ ਦਾ ਵਿਗਿਆਨ

ਸਕੂਨ ਛੱਡ ਕੇ, ਹੋਰ ਸਕੂਨ ਲੱਭਣ ਦੀ ਚਾਹ ਵਿਚ ਖੱਜਲ ਹੋਣਾ...

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ,ਤੋੜੇ ਰਿਕਾਰਡ,ਜਾਣੋਂ ਕੀ ਹੈ ਕੀਮਤ

ਕਿਓ ਮਨਾਇਆ ਜਾਂਦਾ ਹੈ ਮਾਂ ਦਿਵਸ, ਇਸ ਮੌਕੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਦੇ ਸਕਦੇ ਹੋ ਇਹ ਤੋਹਫ਼ੇ

ਜੇਕਰ ਤੁਹਾਡੇ ਬੱਚਿਆਂ ਦੇ ਲੰਚ ਬਾਕਸ ਚੋਂ ਆਉਂਦੀ ਹੈ ਬਦਬੂ ਤਾਂ ਵਰਤੋ ਇਹ ਤਰੀਕੇ

ਮਿੰਨੀ ਕਹਾਣੀ: ਰੱਖੜੀ

ਇਹੋ ਹਾਲ ਰਿਹਾ ਤਾਂ ਅੱਜ ਤੋਂ ਕੁਝ ਸਮਾਂ ਬਾਅਦ ਜਾਨਵਰ ਮਨੁੱਖ ਦੀਆਂ ਕਹਾਣੀਆਂ ਇੰਝ ਸੁਣਾਉਣਗੇ ਆਪਣੇ ਬੱਚਿਆਂ ਨੂੰ:

‘ਮਿਜ਼ਾਈਲ ਮੈਨ’ ਡਾ. ਏਪੀਜੇ ਅਬਦੁਲ ਕਲਾਮ ਦੇ ਇਹ 10 ਕੋਟਸ ਕਰ ਦੇਣਗੇ ਤੁਹਾਨੂੰ ਪੁਰਜੋਸ਼

 
 
 
 
Subscribe